ਦੋ ਭੈਣਾਂ ਦੇ ਕਾਤਲ ਨੂੰ ਉਮਰ ਕੈਦ
ਦੋ ਭੈਣਾਂ ਦੇ ਕਾਤਲ ਨੂੰ ਉਮਰ ਕੈਦ
Publish Date: Mon, 09 Feb 2026 07:36 PM (IST)
Updated Date: Mon, 09 Feb 2026 07:38 PM (IST)

ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਜ਼ਿਲ੍ਹਾ ਫਾਜ਼ਿਲਕਾ (ਪੰਜਾਬ) ਦੇ ਅਬੋਹਰ ਦੀਆਂ ਰਹਿਣ ਵਾਲੀਆਂ ਦੋ ਸਗੀਆਂ ਭੈਣਾਂ ਮਨਪ੍ਰੀਤ ਕੌਰ ਅਤੇ ਰਾਜਵੰਤ ਕੌਰ ਦੇ ਕਾਤਲ ਕੁਲਦੀਪ ਸਿੰਘ ਨੂੰ ਆਖਿਰਕਾਰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਪਿਛਲੇ ਸ਼ੁੱਕਰਵਾਰ ਜ਼ਿਲ੍ਹਾ ਅਦਾਲਤ ਨੇ ਸੱਤ ਸਾਲ ਚਲੇ ਮੁਕੱਦਮੇ ਤੋਂ ਬਾਅਦ ਜੀਰਕਪੁਰ ਨਿਵਾਸੀ 39 ਸਾਲਾ ਕੁਲਦੀਪ ਨੂੰ ਦੋਸ਼ੀ ਕਰਾਰ ਦਿੱਤਾ ਸੀ। ਕੁਲਦੀਪ ਨੇ ਇਕਤਰਫਾ ਪਿਆਰ ਵਿੱਚ 15 ਅਗਸਤ 2019 ਨੂੰ ਮਨਪ੍ਰੀਤ ਅਤੇ ਰਾਜਵੰਤ ਦੀ ਹੱਤਿਆ ਕਰ ਦਿੱਤੀ ਸੀ। ਕੁਲਦੀਪ ਚੰਡੀਗੜ੍ਹ ਪੁਲਿਸ ਦੇ ਰਿਟਾਇਰਡ ਇੰਸਪੈਕਟਰ ਦਾ ਪੁੱਤਰ ਹੈ। ਹੱਤਿਆ ਦੇ ਅਗਲੇ ਹੀ ਦਿਨ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਉਦੋਂ ਤੋਂ ਉਹ ਜੇਲ੍ਹ ਵਿੱਚ ਹੈ। ਅਦਾਲਤ ਨੇ ਉਸ ’ਤੇ 30 ਹਜ਼ਾਰ ਰੁਪਏ ਜੁਰਮਾਨਾ ਵੀ ਲਾਇਆ ਹੈ। ਹਾਲਾਂਕਿ ਪੁਲਿਸ ਲਈ ਇਹ ਕੇਸ ਸਾਬਤ ਕਰਨਾ ਬਹੁਤ ਮੁਸ਼ਕਲ ਸੀ। ਪੁਲਿਸ ਦੀ ਇਕਲੌਤੀ ਚਸ਼ਮਦੀਦ ਗਵਾਹ ਸ਼ਸ਼ੀ ਅਦਾਲਤ ਵਿੱਚ ਆਪਣੇ ਬਿਆਨਾਂ ਤੋਂ ਮੁਕਰ ਗਈ। ਉਸ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਸ ਦਿਨ ਉਸ ਨੇ ਕੁਲਦੀਪ ਨੂੰ ਮਨਪ੍ਰੀਤ ਨਾਲ ਝਗੜਦਾ ਹੋਇਆ ਦੇਖਿਆ ਸੀ ਅਤੇ ਫਿਰ ਉਸ ਨੂੰ ਪੌੜੀਆਂ ਤੋਂ ਹੇਠਾਂ ਉਤਰਦੇ ਵੀ ਦੇਖਿਆ ਸੀ, ਪਰ ਅਦਾਲਤ ਵਿੱਚ ਉਹ ਮੁਕਰ ਗਈ। ਅਦਾਲਤ ਵਿੱਚ ਉਸ ਨੇ ਕੁਲਦੀਪ ਨੂੰ ਪਛਾਣਣ ਤੋਂ ਇਨਕਾਰ ਕਰ ਦਿੱਤਾ। ਅਜਿਹੇ ਵਿੱਚ ਪੁਲਿਸ ਲਈ ਕੇਸ ਨਾਲ ਜੁੜੀਆਂ ਹੋਰ ਕੜੀਆਂ ਨੂੰ ਆਪਸ ਵਿੱਚ ਜੋੜਨਾ ਲਾਜ਼ਮੀ ਸੀ। ਪੁਲਿਸ ਨੇ ਅਦਾਲਤ ਵਿੱਚ ਇਹ ਸਾਬਤ ਕਰ ਦਿੱਤਾ ਕਿ ਕੁਲਦੀਪ ਮਨਪ੍ਰੀਤ ਨਾਲ ਪਿਆਰ ਕਰਦਾ ਸੀ ਅਤੇ ਉਸ ਨਾਲ ਵਿਆਹ ਕਰਨਾ ਚਾਹੁੰਦਾ ਸੀ। ਜਦੋਂ ਮਨਪ੍ਰੀਤ ਉਸ ਤੋਂ ਦੂਰੀ ਬਣਾਉਣ ਲੱਗੀ ਤਾਂ ਉਸ ਨੂੰ ਸ਼ੱਕ ਹੋਇਆ ਕਿ ਉਹ ਕਿਸੇ ਹੋਰ ਨਾਲ ਗੱਲਬਾਤ ਕਰ ਰਹੀ ਹੈ। ਗੁੱਸੇ ਵਿੱਚ ਆ ਕੇ ਉਸ ਨੇ ਮਨਪ੍ਰੀਤ ਦੀ ਹੱਤਿਆ ਕਰ ਦਿੱਤੀ ਅਤੇ ਫੜੇ ਜਾਣ ਦੇ ਡਰ ਨਾਲ ਰਾਜਵੰਤ ਨੂੰ ਵੀ ਮਾਰ ਦਿੱਤਾ।