ਮੇਅਰ ਵੱਲੋਂ ‘ਹਰ ਘਰ, ਹਰ ਦੁਆਰ ਸਵੱਛਤਾ ਕੀ ਦਸਤਕ’ ਮੁਹਿੰਮ ਦੀ ਸ਼ੁਰੂਆਤ
ਮੇਅਰ ਵੱਲੋਂ ‘ਹਰ ਘਰ, ਹਰ ਦੁਆਰ ਸਵੱਛਤਾ ਕੀ ਦਸਤਕ’ ਮੁਹਿੰਮ ਦੀ ਸ਼ੁਰੂਆਤ
Publish Date: Mon, 09 Feb 2026 06:38 PM (IST)
Updated Date: Mon, 09 Feb 2026 06:41 PM (IST)

ਤਰੁਣ ਭਜਨੀ, ਪੰਜਾਬੀ ਜਾਗਰਣ ਚੰਡੀਗੜ੍ਹ : ਨਾਗਰਿਕਾਂ ਦੀ ਭਾਗੀਦਾਰੀ ਨਾਲ ਸਵੱਛਤਾ ਅਤੇ ਟਿਕਾਊ ਕੂੜਾ ਪ੍ਰਬੰਧਨ ਨੂੰ ਉਤਸ਼ਾਹਿਤ ਕਰਨ ਲਈ ਨਗਰ ਨਿਗਮ ਵੱਲੋਂ ਸਵੱਛ ਸਰਵੇਖਣ 2025-26 ਤਹਿਤ ‘ਹਰ ਘਰ, ਹਰ ਦੁਆਰ ਸਵੱਛਤਾ ਕੀ ਦਸਤਕ’ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੁਹਿੰਮ ਦੀ ਸ਼ੁਰੂਆਤ ਸ਼ਹਿਰ ਦੇ ਮੇਅਰ ਸੌਰਭ ਜੋਸ਼ੀ ਨੇ ਸੈਕਟਰ-15 ਸਥਿਤ ਕਮਿਊਨਿਟੀ ਸੈਂਟਰ ਵਿੱਚ ਕੀਤੀ। ਇਸ ਮੌਕੇ ਐੱਮਸੀ ਕਮਿਸ਼ਨਰ ਅਮਿਤ ਕੁਮਾਰ, ਕੌਂਸਲਰ ਗੁਰਬਕਸ ਰਾਵਤ ਅਤੇ ਐੱਮਸੀ ਜੁਆਇੰਟ ਕਮਿਸ਼ਨਰ ਡਾ. ਹਿਮਾਂਸ਼ੂ ਗੁਪਤਾ ਵੀ ਹਾਜ਼ਰ ਸਨ। ਇਸ ਮੌਕੇ ਮਾਰਕੀਟ ਵੈੱਲਫੇਅਰ ਐਸੋਸੀਏਸ਼ਨਾਂ ਅਤੇ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨਾਂ ਦੇ ਅਹੁਦੇਦਾਰਾਂ ਦੀ ਭਾਗੀਦਾਰੀ ਨੇ ਸਮੂਹਕ ਨਾਗਰਿਕ ਜ਼ਿੰਮੇਵਾਰੀ ਨੂੰ ਦਰਸਾਇਆ। ਇਸ ਮੁਹਿੰਮ ਦਾ ਮੁੱਖ ਉਦੇਸ਼ ਨਾਗਰਿਕਾਂ ਵਿੱਚ ਸਫ਼ਾਈ, ਵਿਗਿਆਨਕ ਕੂੜਾ ਪ੍ਰਬੰਧਨ ਅਤੇ ਟਿਕਾਊ ਜੀਵਨਸ਼ੈਲੀ ਬਾਰੇ ਵਿਸ਼ਾਲ ਜਾਗਰੂਕਤਾ ਪੈਦਾ ਕਰਨਾ ਹੈ। ਇਸ ਤਹਿਤ ਮਿਊਂਸਪਲ ਕਾਰਪੋਰੇਸ਼ਨ ਦੀਆਂ ਟੀਮਾਂ ਘਰ-ਘਰ ਜਾ ਕੇ ਜਾਗਰੂਕਤਾ ਮੁਹਿੰਮ ਚਲਾਉਣਗੀਆਂ, ਵਾਸੀਆਂ ਨਾਲ ਸਿੱਧਾ ਸੰਵਾਦ ਕਰਨਗੀਆਂ ਅਤੇ ਸਰੋਤ ਪੱਧਰ ’ਤੇ ਕੂੜੇ ਦੀ ਛੰਟਾਈ ਸਬੰਧੀ ਜਾਣਕਾਰੀ ਵਾਲੇ ਪਰਚੇ ਵੰਡਣਗੀਆਂ। ਸ਼ੁਰੂਆਤੀ ਪ੍ਰੋਗਰਾਮ ਦੇ ਹਿੱਸੇ ਵਜੋਂ ਮੇਅਰ ਅਤੇ ਕਮਿਸ਼ਨਰ ਨੇ ਸੈਕਟਰ-15 ਵਿੱਚ ਘਰਾਂ ਦਾ ਦੌਰਾ ਕਰ ਕੇ ਲੋਕਾਂ ਨੂੰ ਕੂੜੇ ਦੀ ਛੰਟਾਈ ਦੇ ਨਿਯਮਾਂ ਦੀ ਪਾਲਣਾ ਕਰਨ ਅਤੇ ਹੋਰਾਂ ਨੂੰ ਵੀ ਇਸ ਲਈ ਪ੍ਰੇਰਿਤ ਕਰਨ ਦੀ ਅਪੀਲ ਕੀਤੀ, ਤਾਂ ਜੋ ਸ਼ਹਿਰ ਸਾਫ਼-ਸੁਥਰਾ ਅਤੇ ਸਿਹਤਮੰਦ ਬਣਿਆ ਰਹੇ। ਨਾਗਰਿਕਾਂ ਨੂੰ ਚਾਰ ਵੱਖ-ਵੱਖ ਡਸਟਬਿਨਾਂ ਵਿੱਚ ਕੂੜਾ ਵੰਡਣ ਅਤੇ ਘਰੇਲੂ ਪੱਧਰ ’ਤੇ ਜ਼ੀਰੋ-ਵੇਸਟ ਅਭਿਆਸ ਅਪਣਾਉਣ ਬਾਰੇ ਜਾਣੂ ਕਰਵਾਇਆ ਗਿਆ। ਰਹਾਇਸ਼ੀਆਂ ਨੂੰ ਜ਼ੀਰੋ-ਵੇਸਟ ਸਮੱਗਰੀ, ਖਾਦ ਪਦਾਰਥਾਂ ਦੀ ਬਰਬਾਦੀ ਘਟਾਉਣ ਅਤੇ ਰਸੋਈ ਤੇ ਸਬਜ਼ੀ ਕੂੜੇ ਤੋਂ ਘਰੇਲੂ ਕੰਪੋਸਟਿੰਗ ਦੀ ਮਹੱਤਤਾ ਬਾਰੇ ਵੀ ਦੱਸਿਆ ਗਿਆ, ਜੋ ਨਾ ਸਿਰਫ਼ ਡੰਪਿੰਗ ਸਾਈਟਾਂ ’ਤੇ ਭਾਰ ਘਟਾਉਂਦਾ ਹੈ, ਸਗੋਂ ਘਰੇਲੂ ਲਾਭ ਵੀ ਪ੍ਰਦਾਨ ਕਰਦਾ ਹੈ। ਜ਼ੀਰੋ-ਵੇਸਟ ਮਾਰਕੀਟਾਂ ਅਤੇ ਵਪਾਰਕ ਖੇਤਰਾਂ ’ਤੇ ਖਾਸ ਧਿਆਨ ਦਿੱਤਾ ਗਿਆ। ਦੁਕਾਨਦਾਰਾਂ ਅਤੇ ਵਪਾਰੀਆਂ ਨੂੰ ਮਾਰਕੀਟਾਂ ਵਿੱਚ ਢੁੱਕਵਾਂ ਕੂੜਾ ਪ੍ਰਬੰਧਨ ਅਤੇ ਸਫ਼ਾਈ ਬਣਾਈ ਰੱਖਣ ਲਈ ਉਤਸਾਹਿਤ ਕੀਤਾ ਗਿਆ। ਇਸ ਮੌਕੇ ਮੇਅਰ ਸੌਰਭ ਜੋਸ਼ੀ ਨੇ ਕਿਹਾ ਕਿ ਸਫ਼ਾਈ ਦੀ ਸ਼ੁਰੂਆਤ ਘਰ ਤੋਂ ਹੁੰਦੀ ਹੈ ਅਤੇ ਸਵੱਛ ਸਰਵੇਖਣ ਦੀ ਸਫ਼ਲਤਾ ਲਈ ਨਾਗਰਿਕਾਂ ਦੀ ਸਰਗਰਮ ਭਾਗੀਦਾਰੀ ਬੁਨਿਆਦੀ ਅਧਾਰ ਹੈ। ਉਨ੍ਹਾਂ ਨੇ ਲੋਕਾਂ ਨੂੰ ਕੂੜੇ ਦੀ ਛੰਟਾਈ ਦੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ, ਘਰੇਲੂ ਕੰਪੋਸਟਿੰਗ ਅਪਣਾਉਣ ਅਤੇ ਡੰਪਿੰਗ ਗਰਾਊਂਡਾਂ ਨੂੰ ਭੇਜੇ ਜਾਣ ਵਾਲੇ ਕੂੜੇ ਦੀ ਮਾਤਰਾ ਘਟਾਉਣ ਦੀ ਅਪੀਲ ਕੀਤੀ। ਰੀਯੂਜ਼ ਅਤੇ ਰੀਸਾਈਕਲਿੰਗ ਦੇ ਸਮਾਜਿਕ ਅਤੇ ਵਾਤਾਵਰਣ ਪ੍ਰਭਾਵਾਂ ’ਤੇ ਰੌਸ਼ਨੀ ਪਾਉਂਦਿਆਂ ਮੇਅਰ ਨੇ ਐੱਮਸੀ ਚੰਡੀਗੜ੍ਹ ਦੀ ‘ਸਵੱਛ ਸਵਾਰੀ’ ਪਹਿਲ ਬਾਰੇ ਵੀ ਜਾਣਕਾਰੀ ਦਿੱਤੀ, ਜਿਸ ਤਹਿਤ ਪੁਰਾਣੇ ਜੁੱਤੇ, ਬਰਤਨ, ਕੱਪੜੇ, ਕਿਤਾਬਾਂ ਅਤੇ ਹੋਰ ਘਰੇਲੂ ਸਾਮਾਨ ਦਾਨ ਕੀਤਾ ਜਾ ਸਕਦਾ ਹੈ। ਇਹ ਸਾਮਾਨ ਮੁਰੰਮਤ ਕਰ ਕੇ ਵਨ ਰੁਪਏ ਸਟੋਰਾਂ ਰਾਹੀਂ ਲੋੜਵੰਦਾਂ ਤਕ ਪਹੁੰਚਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਪਹਿਲਾਂ ਸਫ਼ਾਈ ਦੇ ਨਾਲ-ਨਾਲ ਸਮਾਜਿਕ ਭਲਾਈ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਨੇ ਲੋਕਾਂ ਨੂੰ ਸਿੰਗਲ-ਯੂਜ਼ ਪਲਾਸਟਿਕ ਤੋਂ ਬਚਣ, ਪਲਾਸਟਿਕ ਸਾਮਾਨ ਨੂੰ ਜ਼ਿੰਮੇਵਾਰੀ ਨਾਲ ਨਿਪਟਾਉਣ ਅਤੇ ਰੋਜ਼ਾਨਾ ਵਿੱਚ ਵਾਤਾਵਰਣ-ਮਿਤਰ ਉਤਪਾਦ ਅਪਣਾਉਣ ਦੀ ਅਪੀਲ ਵੀ ਕੀਤੀ। ਇਸ ਮੌਕੇ ਐੱਮਸੀ ਕਮਿਸ਼ਨਰ ਅਮਿਤ ਕੁਮਾਰ ਨੇ ਕਿਹਾ ਕਿ ਸਫ਼ਾਈ ਮੁਹਿੰਮਾਂ ਦੀ ਸਫ਼ਲਤਾ ਮਜ਼ਬੂਤ ਜਨ-ਸਹਿਯੋਗ ਤੋਂ ਬਿਨਾਂ ਸੰਭਵ ਨਹੀਂ। ਉਨ੍ਹਾਂ ਦੱਸਿਆ ਕਿ ਨਾਗਰਿਕ ਮਿਊਂਸਪਲ ਸਾਲਿਡ ਵੇਸਟ ਮੈਨੇਜਮੈਂਟ ਨਿਯਮਾਂ ਦੀ ਸਖ਼ਤੀ ਨਾਲ ਲਾਗੂ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।