ਪੰਜਾਬੀ ਨੂੰ ਖੋਜ, ਵਿਗਿਆਨ ਤੇ ਤਕਨੀਕ ਦੀ ਭਾਸ਼ਾ ਬਣਾਉਣਾ ਸਮੇਂ ਦੀ ਲੋੜ: ਡਾ. ਸਰਦਾਰਾ ਸਿੰਘ ਜੌਹਲ
ਪੰਜਾਬੀ ਨੂੰ ਖੋਜ, ਵਿਗਿਆਨ ਤੇ ਤਕਨੀਕ ਦੀ ਭਾਸ਼ਾ ਬਣਾਉਣਾ ਸਮੇਂ ਦੀ ਲੋੜ: ਡਾ. ਸਰਦਾਰਾ ਸਿੰਘ ਜੌਹਲ
Publish Date: Sat, 07 Feb 2026 06:47 PM (IST)
Updated Date: Sat, 07 Feb 2026 06:50 PM (IST)

ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਉੱਘੇ ਅਰਥ ਸ਼ਾਸਤਰੀ ਅਤੇ ਦਾਨਸ਼ਵਰ ਡਾਕਟਰ ਸਰਦਾਰਾ ਸਿੰਘ ਜੌਹਲ ਨੇ ਕਿਹਾ ਕਿ ਪੰਜਾਬ ’ਚ ਪੰਜਾਬੀ ਭਾਸ਼ਾ ਨੂੰ ਖੋਜ ਵਿਗਿਆਨ ਅਤੇ ਤਕਨੀਕੀ ਵਿਸ਼ਿਆਂ ਦੀ ਭਾਸ਼ਾ ਬਣਾਉਣਾ ਸਮੇਂ ਦੀ ਅਹਿਮ ਲੋੜ ਹੈ ਅੱਜ ਇੱਥੇ ਪੰਜਾਬ ਕਲਾ ਭਵਨ ਵਿਖੇ ਪੰਜਾਬ ਕਲਾ ਪਰਿਸ਼ਦ ਅਤੇ ਇਸ ਨਾਲ ਸਬੰਧਿਤ ਅਕਾਦਮੀਆਂ ਵੱਲੋਂ ਪੰਜਾਬ ਰਤਨ ਪੰਜਾਬੀ ਮਾਤ ਭਾਸ਼ਾ ਅਤੇ ਪੰਜਾਬ ਗੌਰਵ ਸਨਮਾਨ ਸਮਾਰੋਹ ਦੇ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਡਾਕਟਰ ਜੌਹਲ ਨੇ ਕਿਹਾ ਕਿ ਪੰਜਾਬੀ ਭਾਸ਼ਾ ਪ੍ਰਤੀ ਦਵੈਤ ਰੱਖਣਾ ਗੁਲਾਮੀ ਦੀ ਨਿਸ਼ਾਨੀ ਹੈ ਉਹਨਾਂ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਖੋਜ ਕਾਰਜਾਂ ਅਤੇ ਸਾਇੰਸ ਦੇ ਤਕਨਾਲੋਜੀ ਖੇਤਰਾਂ ਵਿਚ ਸਰਲ ਪੰਜਾਬੀ ਦੀ ਵਰਤੋਂ ਕਰਨਾ ਹੋਰ ਵੀ ਵਧੇਰੇ ਜ਼ਰੂਰੀ ਹੈ। ਉਹਨਾਂ ਇਸ ਮੌਕੇ ਡਾਕਟਰ ਮਹਿੰਦਰ ਸਿੰਘ ਰੰਧਾਵਾ ਨਾਲ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ। ਸਮਾਗਮ ਦੇ ਸ਼ੁਰੂ ਵਿਚ ਆਏ ਹੋਏ ਖਾਸ ਮਹਿਮਾਨਾਂ, ਪੁਰਸਕਾਰ ਜੇਤੂ ਸ਼ਖਸੀਅਤਾਂ ਅਤੇ ਲੇਖਕਾਂ, ਕਲਾਕਾਰਾਂ, ਬੁੱਧੀਜੀਵੀਆਂ ਦਾ ਸਵਾਗਤ ਕਰਦਿਆਂ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਸਵਰਨਜੀਤ ਸਿੰਘ ਸਵੀ ਨੇ ਕਿਹਾ ਕਿ ਡਾ. ਮਹਿੰਦਰ ਸਿੰਘ ਰੰਧਾਵਾ ਸਾਹਿਤ ਤੇ ਕਲਾ ਉਤਸਵ ਪੰਜਾਬ ਦੀ ਨਵ ਸਿਰਜਣਾ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ। ਖਾਸ ਕਰਕੇ ਪਿੰਡਾਂ ਦੇ ਸੱਭਿਆਚਾਰ, ਦਸਤਕਾਰੀ ਅਤੇ ਸੂਖਮ ਕਲਾਵਾਂ ਨੂੰ ਉਦਮਤਾ ਨਾਲ ਜੋੜਨਾ ਕਲਾ ਪ੍ਰੀਸ਼ਦ ਦਾ ਸੁਪਨਾ ਹੈ ਤਾਂ ਜੋ ਪਿੰਡਾਂ ਨੂੰ ਨਵੀਂ ਆਰਥਿਕ ਦਿਸ਼ਾ ਦਿੱਤੀ ਜਾ ਸਕੇ। ਉਨਾਂ ਪੰਜਾਬ ਗੌਰਵ ਅਤੇ ਦੂਜੇ ਪੁਰਸਕਾਰਾਂ ਬਾਰੇ ਦੱਸਦਿਆਂ ਕਿਹਾ ਕਿ ਕਲਾ ਪ੍ਰੀਸ਼ਦ ਨਾਲ ਸੰਬੰਧਿਤ ਅਕਾਦਮੀਆਂ ਵੱਲੋਂ ਕਾਇਮ ਕੀਤੇ ਗਏ ਨਿਰਣਾਇਕ ਮੰਡਲਾਂ ਨੇ ਇਹਨਾਂ ਪੁਰਸਕਾਰਾਂ ਦੀ ਚੋਣ ਕੀਤੀ ਹੈ। ਉੱਘੇ ਚਿੰਤਕ ਅਮਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਪੰਜਾਬ ਦਾ ਸਭ ਤੋਂ ਵੱਡਾ ਫਿਕਰ ਪਿੰਡਾਂ, ਖਾਸ ਕਰ ਕੇ ਪਿੰਡਾਂ ਵਿਚ ਵਸਦੀ ਜਵਾਨੀ ਦਾ ਭਵਿੱਖ ਹੈ ਅਤੇ ਪੰਜਾਬ ਕਲਾ ਪ੍ਰੀਸ਼ਦ ਇਸ ਚੁਣੌਤੀ ਨੂੰ ਮੁਖਾਤਿਬ ਹੋ ਕੇ ਕੰਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਸਾਹਿਤ ਅਕਾਦਮੀ ਦਿੱਲੀ ਦੇ ਪ੍ਰਧਾਨ ਮਾਧਵ ਕੌਸ਼ਿਕ ਨੇ ਕਿਹਾ ਕਿ ਪੰਜਾਬ ਸ਼ਾਸਤਰਾਂ ਅਤੇ ਸ਼ਸਤਰਾਂ ਦੀ ਧਰਤੀ ਹੈ ਜਿਸਨੇ ਆਦਿ ਕਾਲ ਤੋਂ ਨਵੀਂ ਚੇਤਨਾ ਅਤੇ ਚਿੰਤਨ ਨੂੰ ਜਨਮ ਦਿੱਤਾ ਹੈ। ਉਹਨਾਂ ਕਿਹਾ ਕਿ ਦੇਸ਼ ਦਾ 90 ਫੀਸਦੀ ਗਿਆਨ ਪੰਜਾਬ ਦੀ ਦੇਣ ਹੈ। ਪੰਜਾਬ ਕਲਾ ਪ੍ਰੀਸ਼ਦ ਦੇ ਉਪ ਚੇਅਰਮੈਨ ਡਾਕਟਰ ਯੋਗਰਾਜ ਐਂਗਰਿਸ਼ ਨੇ ਪੁਰਸਕਾਰ ਜੇਤੂ ਹਸਤੀਆਂ ਅਤੇ ਹੋਰ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਇਸ ਹਫਤਾ ਭਰ ਚੱਲੇ ਡਾ. ਮਹਿੰਦਰ ਸਿੰਘ ਰੰਧਾਵਾ ਸਾਹਿਤ ਤੇ ਕਲਾ ਉਤਸਵ ਦਾ ਅੰਤਿਮ ਦਿਨ ਹੈ ਜਿਸ ਦੌਰਾਨ ਸਾਹਿਤ, ਲਲਿਤ ਕਲਾਵਾਂ, ਸਿਨੇਮਾ, ਸੰਗੀਤ ਨਾਟਕ ਅਤੇ ਹੋਰ ਵਿਸ਼ਿਆਂ ਨੂੰ ਲੈ ਕੇ ਸੈਮੀਨਾਰ ਗੋਸ਼ਟੀਆਂ ਤੇ ਆਪਸੀ ਸੰਵਾਦ ਰਚਾਇਆ ਗਿਆ। ਇਸ ਤੋਂ ਇਲਾਵਾ ਇਸ ਦੌਰਾਨ ਫਿਲਮਾਂ ਅਤੇ ਨਾਟਕਾਂ ਦੀ ਪੇਸ਼ਕਾਰੀ ਵੀ ਹੋਈ। ਉਹਨਾਂ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਅਤੇ ਹੋਰ ਉੱਘੀਆਂ ਹਸਤੀਆਂ ਨੇ ਇਸ ਉਤਸਵ ਵਿੱਚ ਸ਼ਿਰਕਤ ਕਰਕੇ ਆਪਣਾ ਆਸ਼ੀਰਵਾਦ ਅਤੇ ਸਮਰਥਨ ਦਿੱਤਾ। ਉਹਨਾਂ ਕਿਹਾ ਕਿ ਭਾਵੇਂ ਡਾ. ਮਹਿੰਦਰ ਸਿੰਘ ਰੰਧਾਵਾ ਉਤਸਵ ਇਕ ਹਫਤੇ ਲਈ ਮਨਾਇਆ ਗਿਆ ਹੈ ਪਰ ਪੰਜਾਬ ਪ੍ਰਤੀ ਉਹਨਾਂ ਦੀ ਦੇਣ ਅਤੇ ਉਪਰਾਲਿਆਂ ਨੂੰ ਅੱਗੇ ਲਿਜਾਣ ਲਈ ਪੰਜਾਬ ਕਲਾ ਪ੍ਰੀਸ਼ਦ ਪੂਰੇ ਪੰਜਾਬ ਵਿੱਚ ਕਾਰਜਗਤ ਰਹੇਗੀ। ਇਸ ਮੌਕੇ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਨੂੰ ਪੰਜਾਬ ਰਤਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਇਹਨਾਂ ਤੋਂ ਇਲਾਵਾ ਪੰਜਾਬੀ ਲੇਖਕਾ ਬਚਿੰਤ ਕੌਰ ਨੂੰ ਪੰਜਾਬੀ ਮਾਤ ਭਾਸ਼ਾ ਪੁਰਸਕਾਰ ਭੇਟ ਕੀਤਾ ਗਿਆ। ਪੰਜਾਬ ਗੌਰਵ ਪੁਰਸਕਾਰਾਂ ਵਿੱਚ ਨੀਨਾ ਟਿਵਾਣਾ ਨੂੰ ਰੰਗ ਮੰਚ, ਡਾ. ਦੇਵ ਇੰਦਰ ਸਿੰਘ ਨੂੰ ਲਲਿਤ ਕਲਾ, ਗੁਰਵਿੰਦਰ ਸਿੰਘ ਨੂੰ ਸਿਨੇਮਾ ਅਤੇ ਪ੍ਰੋਫੈਸਰ ਗੁਰਭਜਨ ਗਿੱਲ ਨੂੰ ਸਾਹਿਤ ਦੇ ਖੇਤਰ ਵਿੱਚ ਸਨਮਾਨਿਤ ਕੀਤਾ ਗਿਆ। ਇਹ ਪੁਰਸਕਾਰ ਮੁੱਖ ਮਹਿਮਾਨ ਡਾ. ਸਰਦਾਰਾ ਸਿੰਘ ਜੌਹਲ, ਨੀਲਮ ਮਾਨ ਸਿੰਘ, ਨਿਰਮਲ ਰਿਸ਼ੀ ਅਮਰਜੀਤ ਗਰੇਵਾਲ ਅਤੇ ਗੁਲਜਾਰ ਸਿੰਘ ਸੰਧੂ ਵੱਲੋਂ ਭੇਟ ਕੀਤੇ ਗਏ। ਇਸ ਮੌਕੇ ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਅਸ਼ਵਨੀ ਚੈਟਲੇ, ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ. ਆਤਮ ਰੰਧਾਵਾ ਪੰਜਾਬ ਲਲਿਤ ਕਲਾ ਅਕਾਦਮੀ ਦੇ ਪ੍ਰਧਾਨ ਗੁਰਦੀਪ ਧੀਮਾਨ ਅਤੇ ਪੰਜਾਬ ਸਿਨੇਮਾ ਅਤੇ ਡਿਜੀਟਲ ਕਲਾ ਅਕਾਦਮੀ ਦੇ ਪ੍ਰਧਾਨ ਡਾ. ਹਰਜੀਤ ਸਿੰਘ ਤੋਂ ਇਲਾਵਾ ਡਾ. ਮਹਿੰਦਰ ਸਿੰਘ ਰੰਧਾਵਾ ਦੇ ਪੋਤਰੇ ਰਣਜੀਤ ਰੰਧਾਵਾ ਅਤੇ ਸੁਚਿੰਦਰ ਰੰਧਾਵਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਪੁਰਸਕਾਰ ਵੰਡ ਸਮਾਰੋਹ ਦਾ ਸੰਚਾਲਨ ਪੰਜਾਬ ਸਿਨੇਮਾ ਅਤੇ ਡਿਜੀਟਲ ਕਲਾ ਅਕਾਦਮੀ ਦੇ ਸਕੱਤਰ ਪ੍ਰੀਤਮ ਰੁਪਾਲ ਨੇ ਕੀਤਾ। ਸਮਾਰੋਹ ਦੀ ਸ਼ੁਰੂਆਤ ਡਾ. ਮਹਿੰਦਰ ਸਿੰਘ ਰੰਧਾਵਾ ਦੇ ਬੁੱਤ ਉੱਪਰ ਫੁੱਲ ਮਾਲਾਵਾਂ ਚੜਾ ਕੇ ਕੀਤੀ ਗਈ। ਸਮਾਗਮ ਵਿੱਚ ਲੇਖਕਾਂ ਸਹਿਤਕਾਰਾਂ ਬੁੱਧੀਜੀਵੀਆਂ ਤੇ ਅਧਿਆਪਕਾਂ ਤੋਂ ਇਲਾਵਾ ਸਾਹਿਤ ਕਲਾ ਦੇ ਵਿਦਿਆਰਥੀਆਂ ਨੇ ਵੀ ਹਿੱਸਾ ਲਿਆ।