ਸੈਕਟਰ-43 ਜ਼ਿਲ੍ਹਾ ਅਦਾਲਤ ਨੂੰ ਫਿਰ ਬੰਬ ਨਾਲ ਉਡਾਉਣ ਦੀ ਧਮਕੀ
ਸੈਕਟਰ-43 ਜ਼ਿਲ੍ਹਾ ਅਦਾਲਤ ਨੂੰ ਫਿਰ ਬੰਬ ਨਾਲ ਉਡਾਉਣ ਦੀ ਧਮਕੀ
Publish Date: Fri, 06 Feb 2026 06:56 PM (IST)
Updated Date: Fri, 06 Feb 2026 06:59 PM (IST)

ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਸੈਕਟਰ-43 ਸਥਿਤ ਜ਼ਿਲ੍ਹਾ ਅਦਾਲਤ ਕੈਂਪਸ ਨੂੰ ਸ਼ੁੱਕਰਵਾਰ ਨੂੰ ਇਕ ਵਾਰ ਫਿਰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਇਹ ਧਮਕੀ ਈਮੇਲ ਰਾਹੀਂ ਭੇਜੀ ਗਈ, ਜਿਸ ਨਾਲ ਅਦਾਲਤੀ ਕੈਂਪਸ ਵਿਚ ਭਾਜੜ ਪੈ ਗਈ। ਧਮਕੀ ਮਿਲਦੇ ਹੀ ਸੁਪਰੀਟੈਂਡੈਂਟ ਗੁਰਮੀਤ ਸਿੰਘ ਨੇ ਇਸ ਦੀ ਜਾਣਕਾਰੀ ਤੁਰੰਤ ਪੁਲਿਸ ਨੂੰ ਦਿੱਤੀ। ਜਾਣਕਾਰੀ ਮੁਤਾਬਕ ਸਵੇਰੇ ਕਰੀਬ 11:40 ਵਜੇ ਬੰਬ ਧਮਾਕੇ ਦੀ ਧਮਕੀ ਵਾਲਾ ਸੁਨੇਹਾ ਪ੍ਰਾਪਤ ਹੋਇਆ। ਧਮਕੀ ਮਿਲਣ ਨਾਲ ਹੀ 112 ਪੁਲਿਸ ਹੈਲਪਲਾਈਨ ’ਤੇ ਕਾਲ ਕਰ ਕੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਇਸ ਤੋਂ ਬਾਅਦ ਪੁਲਿਸ ਦੇ ਸੀਨੀਅਰ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਪੂਰੇ ਕੋਰਟ ਕੈਂਪਸ ਨੂੰ ਸੁਰੱਖਿਆ ਘੇਰੇ ਵਿਚ ਲੈ ਲਿਆ ਗਿਆ। ਸੂਚਨਾ ਮਿਲਣ ਉਪਰੰਤ ਬੰਬ ਨਿਰੋਧਕ ਦਸਤੇ ਦੀਆਂ ਤਿੰਨ ਟੀਮਾਂ ਅਤੇ ਫੋਰੈਂਸਿਕ ਟੀਮ ਵੀ ਮੌਕੇ ’ਤੇ ਪਹੁੰਚ ਗਈ। ਤਲਾਸ਼ੀ ਮੁਹਿੰਮ ਡੀਐੱਸਪੀ (ਸਾਊਥ/ਵੈਸਟ), ਸੈਕਟਰ-36 ਥਾਣਾ ਇੰਚਾਰਜ ਜੈ ਪ੍ਰਕਾਸ਼ ਅਤੇ ਪੁਲਿਸ ਚੌਕੀ-43 ਦੇ ਇੰਚਾਰਜ ਦੀ ਮੌਜੂਦਗੀ ਵਿਚ ਚਲਾਈ ਗਈ। ਟੀਮਾਂ ਵੱਲੋਂ ਅਦਾਲਤੀ ਕੈਂਪਸ ਦੇ ਹਰ ਹਿੱਸੇ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ। ਕਈ ਘੰਟਿਆਂ ਤਕ ਚੱਲੇ ਆਪਰੇਸ਼ਨ ਤੋਂ ਬਾਅਦ ਬੰਬ ਨਿਰੋਧਕ ਦਸਤੇ ਨੇ ਕੋਰਟ ਕੈਂਪਸ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਐਲਾਨ ਦਿੱਤਾ। ਪੁਲਿਸ ਅਧਿਕਾਰੀਆਂ ਅਨੁਸਾਰ ਅਦਾਲਤੀ ਕੈਂਪਸ ਵਿਚ ਕਿਸੇ ਵੀ ਤਰ੍ਹਾਂ ਦਾ ਵਿਸਫੋਟਕ ਜਾਂ ਸ਼ੱਕੀ ਸਮਾਨ ਨਹੀਂ ਮਿਲਿਆ ਅਤੇ ਸਥਿਤੀ ਪੂਰੀ ਤਰ੍ਹਾਂ ਸ਼ਾਂਤਪੂਰਨ ਰਹੀ। ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਅੱਗੇ ਜਾਂਚ ਜਾਰੀ ਹੈ। ਧਮਕੀ ਭਰਿਆ ਸੁਨੇਹਾ ਕਿਹੜੀ ਈਮੇਲ ਆਈਡੀ ਤੋਂ ਆਇਆ ਅਤੇ ਇਸ ਦੇ ਪਿੱਛੇ ਕੌਣ ਹੈ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਸਾਇਬਰ ਟੀਮ ਦੀ ਮਦਦ ਨਾਲ ਈਮੇਲ ਭੇਜਣ ਵਾਲੇ ਦੀ ਪਛਾਣ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਫਿਲਹਾਲ ਅਦਾਲਤੀ ਕੈਂਪਸ ਦੀ ਸੁਰੱਖਿਆ ਵਿਵਸਥਾ ਹੋਰ ਸਖ਼ਤ ਕਰ ਦਿੱਤੀ ਗਈ ਹੈ। ਪਹਿਲਾਂ ਵੀ ਮਿਲ ਚੁੱਕੀਆਂ ਹਨ ਅਜਿਹੀਆਂ ਧਮਕੀਆਂ ਇਸ ਤੋਂ ਪਹਿਲਾਂ ਵੀ ਜ਼ਿਲ੍ਹਾ ਅਦਾਲਤ ਨੂੰ ਤਿੰਨ ਵਾਰ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲ ਚੁੱਕੀ ਹੈ। ਸਿਰਫ਼ ਜ਼ਿਲ੍ਹਾ ਅਦਾਲਤ ਹੀ ਨਹੀਂ, ਇਸ ਤੋਂ ਪਹਿਲਾਂ ਸ਼ਹਿਰ ਦੇ ਕਈ ਸਕੂਲਾਂ ਨੂੰ ਵੀ ਇਸੇ ਤਰ੍ਹਾਂ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ। ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਕਰੀਬ 30 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲੀਆਂ ਈਮੇਲਾਂ ਅਮਰੀਕਾ, ਲੰਡਨ ਅਤੇ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਤੋਂ ਭੇਜੀਆਂ ਗਈਆਂ ਸਨ। ਇਸ ਤੋਂ ਇਲਾਵਾ ਸ਼ਹਿਰ ਦੇ ਪ੍ਰਮੁੱਖ ਸਰਕਾਰੀ ਭਵਨਾਂ ਜਿਵੇਂ ਸਿਵਲ ਸਕੱਤਰੇਤ ਸੈਕਟਰ-1, ਮਿਨੀ ਸਕੱਤਰੇਤ ਸੈਕਟਰ-9 ਅਤੇ ਪੰਜਾਬ ਮਿਊਂਸਿਪਲ ਭਵਨ ਚੰਡੀਗੜ੍ਹ ਦੇ ਸਰਕਾਰੀ ਅਤੇ ਨਿੱਜੀ ਸਕੂਲਾਂ ਨੂੰ ਵੀ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲ ਚੁੱਕੀ ਹੈ, ਜਿਸ ਦੀ ਜਾਂਚ ਅਜੇ ਜਾਰੀ ਹੈ। ਪੁਲਿਸ ਦਾ ਕਹਿਣਾ ਹੈ ਕਿ ਧਮਕੀ ਦੇਣ ਵਾਲਿਆਂ ਨੂੰ ਜਲਦੀ ਟ੍ਰੇਸ ਕਰਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।