- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚੰਡੀਗੜ੍ਹ ਪ੍ਰਸ਼ਾਸਨ ਵਿੱਚ ਡੈਪਿਊਟੇਸ਼ਨ ਕਰਮਚਾਰੀਆਂ ਨੂੰ ਹੁਣ ਯੂਟੀ ਦੇ ਬਰਾਬਰ ਮਿਲਣਗੇ ਅਲਾਊਂਸ

ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਚੰਡੀਗੜ੍ਹ ਪ੍ਰਸ਼ਾਸਨ ਨੇ ਵੀਰਵਾਰ ਨੂੰ ਇਕ ਅਹਿਮ ਫੈਸਲਾ ਲੈਂਦਿਆਂ ਡੈਪੂਟੇਸ਼ਨ ’ਤੇ ਤਾਇਨਾਤ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਹੋਰ ਸੂਬਿਆਂ ਦੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਮਿਲਣ ਵਾਲੇ ਅਲਾਊਂਸਾਂ ਸਬੰਧੀ ਹੁਕਮ ਜਾਰੀ ਕਰ ਦਿੱਤੇ ਹਨ। ਦੋ ਹਜ਼ਾਰ ਤੋਂ ਵੱਧ ਡੈਪੂਟੇਸ਼ਨ ਮੁਲਾਜ਼ਮਾਂ ਨੂੰ ਹੁਣ ਯੂਟੀ ਪ੍ਰਸ਼ਾਸਨ ’ਚ ਕੰਮ ਕਰ ਰਹੇ ਮੁਲਾਜ਼ਮਾਂ ਦੇ ਬਰਾਬਰ ਹੀ ਵੱਧ ਅਲਾਊਂਸ ਮਿਲਣਗੇ।
ਕਾਫ਼ੀ ਸਮੇਂ ਤੋਂ ਡੈਪੂਟੇਸ਼ਨ ਮੁਲਾਜ਼ਮਾਂ ਦੇ ਅਲਾਊਂਸਾਂ ਦਾ ਮਸਲਾ ਮੁੱਖ ਸਕੱਤਰ ਤੋਂ ਲੈ ਕੇ ਯੂਟੀ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਦੇ ਸਾਹਮਣੇ ਉਠਦਾ ਆ ਰਿਹਾ ਸੀ। ਡੈਪੂਟੇਸ਼ਨ ਮੁਲਾਜ਼ਮਾਂ ਦੀ ਐਸੋਸੀਏਸ਼ਨ ਲਗਾਤਾਰ ਇਸ ਮਾਮਲੇ ਨੂੰ ਲੈ ਕੇ ਯੂਟੀ ਸਕੱਤਰੇਤ ਦੇ ਚੱਕਰ ਲਾ ਰਹੀ ਸੀ। ਆਖਿਰਕਾਰ ਪ੍ਰਸ਼ਾਸਕ ਦੇ ਦਖ਼ਲ ਤੋਂ ਬਾਅਦ ਡੈਪੂਟੇਸ਼ਨ ਮੁਲਾਜ਼ਮਾਂ ਨੂੰ ਮਿਲਣ ਵਾਲੇ ਸਾਰੇ ਅਲਾਊਂਸਾਂ ਦਾ ਮਾਮਲਾ ਸਪੱਸ਼ਟ ਕਰ ਦਿੱਤਾ ਗਿਆ ਹੈ।
ਵੀਰਵਾਰ ਨੂੰ ਯੂਟੀ ਪ੍ਰਸ਼ਾਸਨ ਦੇ ਵਧੀਕ ਸਕੱਤਰ (ਪਰਸੋਨਲ) ਵੱਲੋਂ ਡੈਪੂਟੇਸ਼ਨ ਮੁਲਾਜ਼ਮਾਂ ਦੇ ਅਲਾਊਂਸਾਂ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਇਸ ਸਬੰਧੀ ਸਾਰੇ ਵਿਭਾਗਾਂ ਨੂੰ ਹੁਕਮ ਦਿੱਤੇ ਗਏ ਹਨ ਕਿ ਮੁਲਾਜ਼ਮਾਂ ਨੂੰ ਨਵੇਂ ਨਿਯਮਾਂ ਅਧੀਨ ਅਲਾਊਂਸ ਜਾਰੀ ਕੀਤੇ ਜਾਣ।
ਇਹ ਸਾਰੇ ਅਲਾਊਂਸ ਮੁਲਾਜ਼ਮਾਂ ਨੂੰ ਪਹਿਲੀ ਅਪ੍ਰੈਲ 2022 ਤੋਂ ਮਿਲਣਗੇ। ਇਸ ਕਾਰਨ ਡੈਪੂਟੇਸ਼ਨ ਕਰਮਚਾਰੀਆਂ ਨੂੰ ਲਗਭਗ 3 ਤੋਂ 5 ਲੱਖ ਰੁਪਏ ਤੱਕ ਏਰੀਅਰ ਵਜੋਂ ਜਲਦੀ ਮਿਲ ਸਕਦੇ ਹਨ। ਮਾਰਚ ਤੋਂ ਡੈਪੂਟੇਸ਼ਨ ਮੁਲਾਜ਼ਮਾਂ ਨੂੰ ਨਵੇਂ ਅਲਾਊਂਸ ਮਿਲਣ ਦੀ ਸੰਭਾਵਨਾ ਹੈ। ਅਲਾਊਂਸਾਂ ਸਬੰਧੀ ਜਾਰੀ ਨੋਟੀਫਿਕੇਸ਼ਨ ਅਨੁਸਾਰ ਡੈਪੂਟੇਸ਼ਨ ਮੁਲਾਜ਼ਮਾਂ ਨੂੰ ਐੱਚਆਰਏ (ਹਾਊਸ ਰੈਂਟ ਅਲਾਊਂਸ), ਟ੍ਰਾਂਸਪੋਰਟ ਅਲਾਊਂਸ, ਟ੍ਰੈਵਲਿੰਗ ਅਲਾਊਂਸ, ਟ੍ਰਾਂਸਫ਼ਰ ਅਲਾਊਂਸ ਅਤੇ ਚਿਲਡਰਨ ਐਜੂਕੇਸ਼ਨ ਅਲਾਊਂਸ ਚੰਡੀਗੜ੍ਹ ਦੇ ਮੁਲਾਜ਼ਮਾਂ ਦੇ ਬਰਾਬਰ ਹੀ ਮਿਲਣਗੇ। ਯੂਟੀ ਪ੍ਰਸ਼ਾਸਨ ਪਹਿਲਾਂ ਹੀ ਡੈਪੂਟੇਸ਼ਨ ਅਲਾਊਂਸ ਦੇਣ ਤੋਂ ਸਾਫ਼ ਇਨਕਾਰ ਕਰ ਚੁੱਕਾ ਹੈ। ਇਸ ਸਬੰਧੀ ਹਰਿਆਣਾ ਸਰਕਾਰ ਵੱਲੋਂ ਵੀ ਯੂਟੀ ਪ੍ਰਸ਼ਾਸਨ ਨੂੰ ਹੁਕਮ ਜਾਰੀ ਹੋ ਚੁੱਕੇ ਹਨ।
ਪੰਜਾਬ ਐਂਡ ਹਰਿਆਣਾ ਇੰਪਲਾਇਜ਼ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਰਣਬੀਰ ਜੋਰਾਰ ਨੇ ਡੈਪੂਟੇਸ਼ਨ ਮੁਲਾਜ਼ਮਾਂ ਨੂੰ ਨਿਯਮਾਂ ਅਨੁਸਾਰ ਅਲਾਊਂਸ ਜਾਰੀ ਕਰਨ ’ਤੇ ਖ਼ੁਸ਼ੀ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਫੈਸਲਾ ਮੁਲਾਜ਼ਮਾਂ ਦੇ ਮਨੋਬਲ ਨੂੰ ਵਧਾਏਗਾ। ਦੂਜੇ ਪਾਸੇ ਹਰਿਆਣਾ ਡੈਪੂਟੇਸ਼ਨ ਇੰਪਲਾਈਜ਼ ਐਸੋਸੀਏਸ਼ਨ ਦੇ ਜਰਨਲ ਸਕੱਤਰ ਰਾਜਬੀਰ ਨੈਨ ਨੇ ਯੂਟੀ ਪ੍ਰਸ਼ਾਸਨ ਦੇ ਇਸ ਫੈਸਲੇ ਲਈ ਯੂਟੀ ਪ੍ਰਸ਼ਾਸਕ ਅਤੇ ਹੋਰ ਅਧਿਕਾਰੀਆਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਅਲਾਊਂਸਾਂ ਦੀ ਮੰਗ ਕਾਫ਼ੀ ਸਮੇਂ ਤੋਂ ਲਟਕੀ ਹੋਈ ਸੀ।