ਸਮਾਜਿਕ ਭਲਾਈ ਸਕੱਤਰ ਵੱਲੋਂ ਡੱਡੂਮਾਜਰਾ ਦੇ ਆਂਗਨਵਾੜੀ ਕੇਂਦਰਾਂ ਦੀ ਅਚਨਚੇਤ ਜਾਂਚ
ਸਮਾਜਿਕ ਭਲਾਈ ਸਕੱਤਰ ਵੱਲੋਂ ਡੱਡੂਮਾਜਰਾ ਦੇ ਆੰਗਣਵਾੜੀ ਕੇਂਦਰਾਂ ਦੀ ਅਚਨਚੇਤ ਜਾਂਚ
Publish Date: Thu, 05 Feb 2026 06:57 PM (IST)
Updated Date: Thu, 05 Feb 2026 06:59 PM (IST)
ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਚੰਡੀਗੜ੍ਹ ਪ੍ਰਸ਼ਾਸਨ ਦੇ ਸਮਾਜਿਕ ਭਲਾਈ, ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੀ ਸਕੱਤਰ ਅਨੁਰਾਧਾ ਐਸ. ਚਾਗਤੀ ਨੇ ਅੱਜ ਸਮਾਜਿਕ ਭਲਾਈ ਅਤੇ ਮਹਿਲਾ-ਬਾਲ ਵਿਕਾਸ ਦੀ ਡਾਇਰੈਕਟਰ ਦੇ ਨਾਲ ਮਿਲ ਕੇ ਡੱਡੂਮਾਜਰਾ ਖੇਤਰ ’ਚ 20 ਆਂਗਨਵਾੜੀ ਕੇਂਦਰਾਂ ਦੀ ਅਚਾਨਕ ਜਾਂਚ ਕੀਤੀ। ਇਨ੍ਹਾਂ ’ਚ 16 ਆਂਗਨਵਾੜੀ ਕੇਂਦਰ ਅਤੇ 4 ਮਾਡਲ ਆਂਗਨਵਾੜੀ ਕੇਂਦਰ ਸ਼ਾਮਲ ਸਨ। ਇਹ ਜਾਂਚ ਮਿਸ਼ਨ ਆਂਗਨਵਾੜੀ ਅਤੇ ਪੋਸ਼ਣ ਦੀ ਜ਼ਮੀਨੀ ਪੱਧਰ ’ਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਅਤੇ ਮੁਲਾਂਕਣ ਕਰਨ ਲਈ ਕੀਤੀ ਗਈ।
ਦੌਰੇ ਦੌਰਾਨ ਸਕੱਤਰ ਨੇ ਬੱਚਿਆਂ ਨਾਲ ਗੱਲਬਾਤ ਕੀਤੀ ਅਤੇ ਸਪਲੀਮੈਂਟਰੀ ਨਿਊਟ੍ਰਿਸ਼ਨ ਪ੍ਰੋਗਰਾਮ (ਐੱਸਐਨਪੀ) ਦੀ ਕਾਰਗੁਜ਼ਾਰੀ ਦੀ ਸਮੀਖਿਆ ਕੀਤੀ। ਉਨ੍ਹਾਂ ਨੇ 3 ਤੋਂ 6 ਸਾਲ ਦੀ ਉਮਰ ਦੇ ਉਹਨਾਂ ਬੱਚਿਆਂ ਨੂੰ ਦਿੱਤੇ ਜਾ ਰਹੇ ਗਰਮ ਪਕਾਏ ਖਾਣੇ ਦੀ ਗੁਣਵੱਤਾ ਦੀ ਜਾਂਚ ਕੀਤੀ ਜੋ ਪ੍ਰੀ-ਸਕੂਲ ਸਿੱਖਿਆ ਲਈ ਆਂਗਨਵਾੜੀ ਕੇਂਦਰਾਂ ਵਿਚ ਹਾਜ਼ਰੀ ਲਾਉਂਦੇ ਹਨ। ਇਸ ਤੋਂ ਇਲਾਵਾ, ਗਰਭਵਤੀ ਮਹਿਲਾਵਾਂ, ਦੁੱਧ ਪਿਲਾਉਣ ਵਾਲੀਆਂ ਮਾਵਾਂ ਅਤੇ 6 ਮਹੀਨੇ ਤੋਂ 3 ਸਾਲ ਤੱਕ ਦੇ ਬੱਚਿਆਂ ਲਈ ਦਿੱਤੀ ਜਾ ਰਹੀ ਟੇਕ ਹੋਮ ਰਾਸ਼ਨ (ਟੀਐੱਚਆਰ) ਦੀ ਗੁਣਵੱਤਾ ਵੀ ਪਰਖੀ ਗਈ।
ਸਕੱਤਰ ਨੇ ਪ੍ਰੀ-ਸਕੂਲ ਸਿੱਖਿਆ ਦੀਆਂ ਗਤੀਵਿਧੀਆਂ, ਵਾਧਾ ਨਿਗਰਾਨੀ ਦੀ ਪ੍ਰਕਿਰਿਆ ਦੀ ਸਮੀਖਿਆ ਕੀਤੀ ਅਤੇ ਕੇਂਦਰਾਂ ਦੀ ਅੰਦਰੂਨੀ ਤੇ ਬਾਹਰੀ ਬੁਨਿਆਦੀ ਢਾਂਚੇ ਦੀ ਜਾਂਚ ਕੀਤੀ। ਇਸ ਵਿਚ ਸ਼ੁਰੂਆਤੀ ਬਚਪਨ ਸਿੱਖਿਆ ਲਈ ਦੇਸੀ ਖਿਡੌਣਿਆਂ ਅਤੇ ਸਿਖਲਾਈ-ਅਧਿਆਪਨ ਸਮੱਗਰੀ ਦੇ ਉਪਯੋਗ ਦੀ ਵੀ ਜਾਂਚ ਸ਼ਾਮਲ ਸੀ।
ਉਨ੍ਹਾਂ ਨੇ ਪੋਸ਼ਣ ਟ੍ਰੈਕਰ ’ਤੇ ਲਾਭਪਾਤਰੀਆਂ ਦੇ ਦਰਜ ਹੋਣ, ਡਾਟਾ ਅਪਡੇਸ਼ਨ ਅਤੇ ਫੇਸ ਰਿਕਗਨਿਸ਼ਨ ਸਿਸਟਮ (ਐਫਆਰਐੱਸ) ਦੀ ਲਾਗੂ ਕਰਨ ਦੀ ਸਮੀਖਿਆ ਕੀਤੀ। ਮਾਪਿਆਂ ਅਤੇ ਲਾਭਪਾਤਰੀਆਂ ਨਾਲ ਗੱਲਬਾਤ ਕਰਦਿਆਂ, ਸਕੱਤਰ ਨੇ ਦਿੱਤੀਆਂ ਜਾ ਰਹੀਆਂ ਸੇਵਾਵਾਂ ਅਤੇ ਸਹੂਲਤਾਂ ਬਾਰੇ ਫੀਡਬੈਕ ਵੀ ਪ੍ਰਾਪਤ ਕੀਤਾ। ਆਂਗਨਵਾੜੀ ਵਰਕਰਾਂ ਨਾਲ ਪ੍ਰੀ-ਸਕੂਲ ਸਿੱਖਿਆ ਸੰਬੰਧੀ ਗਤੀਵਿਧੀਆਂ ’ਤੇ ਵਿਸਥਾਰ ਨਾਲ ਚਰਚਾ ਕੀਤੀ ਗਈ ਅਤੇ ਉਨ੍ਹਾਂ ਵੱਲੋਂ ਤਿਆਰ ਕੀਤੀ ਆਈਈਸੀ ਸਮੱਗਰੀ ਦੀ ਵੀ ਜਾਂਚ ਕੀਤੀ ਗਈ।