ਚੰਡੀਗੜ੍ਹ ’ਚ ਸੋਨੇ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ, ਤਿੰਨ ਦਿਨਾਂ ’ਚ 24 ਕੈਰਟ 9500 ਰੁਪਏ ਮਹਿੰਗਾ
ਚੰਡੀਗੜ੍ਹ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ, ਤਿੰਨ ਦਿਨਾਂ ‘ਚ 24 ਕੈਰਟ 9500 ਰੁਪਏ ਮਹਿੰਗਾ
Publish Date: Wed, 04 Feb 2026 06:54 PM (IST)
Updated Date: Wed, 04 Feb 2026 06:56 PM (IST)

ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਸ਼ਹਿਰ ਦੇ ਸਰਾਫ਼ਾ ਬਾਜ਼ਾਰ ’ਚ ਸੋਨੇ ਦੀਆਂ ਕੀਮਤਾਂ ਲਗਾਤਾਰ ਤੀਜੇ ਦਿਨ ਵੀ ਵਾਧੇ ਨਾਲ ਬੰਦ ਹੋਈਆਂ। ਸੁਨਿਆਰਿਆਂ ਮੁਤਾਬਕ 2 ਫਰਵਰੀ ਤੋਂ 4 ਫਰਵਰੀ ਤਕ ਸੋਨੇ ਦੀਆਂ ਕੀਮਤਾਂ ਵਿਚ ਤੇਜ਼ ਉਛਾਲ ਦਰਜ ਕੀਤਾ ਗਿਆ ਹੈ, ਜਿਸ ਨਾਲ ਗਾਹਕਾਂ ’ਤੇ ਖਰੀਦ ਦਾ ਦਬਾਅ ਵਧ ਗਿਆ ਹੈ। ਇਸ ਅਰਸੇ ਦੌਰਾਨ 24 ਕੈਰਟ ਸੋਨਾ ਪ੍ਰਤੀ 10 ਗ੍ਰਾਮ ₹9,500 ਤੱਕ ਮਹਿੰਗਾ ਹੋ ਗਿਆ। ਬੁੱਧਵਾਰ ਚੰਡੀਗੜ੍ਹ ਵਿਚ 24 ਕੈਰੇਟ ਸੋਨੇ ਦੀ ਕੀਮਤ ਇਕ ਲੱਖ 67 ਹਜ਼ਾਰ 500 ਰੁਪਏ ਰਹੀ । ਬਾਜ਼ਾਰ ਦੇ ਅੰਕੜਿਆਂ ਅਨੁਸਾਰ 2 ਫਰਵਰੀ ਨੂੰ 24 ਕੈਰਟ ਸੋਨੇ ਦਾ ਭਾਅ ₹1,54,000 ਪ੍ਰਤੀ 10 ਗ੍ਰਾਮ ਸੀ, ਜੋ 3 ਫਰਵਰੀ ਨੂੰ ਵਧ ਕੇ ₹1,55,000 ਹੋ ਗਿਆ। 4 ਫਰਵਰੀ ਨੂੰ ਇਸ ਵਿੱਚ ਵੱਡਾ ਛਾਲਾ ਆਇਆ ਅਤੇ ਕੀਮਤ ₹1,67500 ਪ੍ਰਤੀ 10 ਗ੍ਰਾਮ ਤੱਕ ਪਹੁੰਚ ਗਈ। ਇਸੇ ਤਰ੍ਹਾਂ 22 ਕੈਰਟ ਸੋਨਾ ₹1,41,600 ਤੋਂ ਚੜ੍ਹ ਕੇ ₹1,50,400 ਹੋ ਗਿਆ, ਯਾਨੀ ਕੁੱਲ ₹8,800 ਦਾ ਵਾਧਾ ਦਰਜ ਕੀਤਾ ਗਿਆ। 18 ਕੈਰੇਟ ਸੋਨੇ ਦੀ ਕੀਮਤ ਵੀ ਤਿੰਨ ਦਿਨਾਂ ਵਿੱਚ 7,500 ਵਧ ਕੇ 1,25,900 ਹੋ ਗਈ, ਜਦਕਿ 14 ਕੈਰਟ ਸੋਨਾ ₹94,400 ਤੋਂ ਚੜ੍ਹ ਕੇ 1,05,700 ਤੱਕ ਪਹੁੰਚ ਗਿਆ। ਸੋਨੇ ਦੀ ਪਲੇਟ (ਬਾਰ) ਦੇ ਭਾਵਾਂ ਵਿੱਚ ਵੀ ਖਾਸਾ ਉਛਾਲ ਵੇਖਿਆ ਗਿਆ ਹੈ, ਜਿਸ ਨਾਲ ਨਿਵੇਸ਼ਕਾਂ ਦੀ ਦਿਲਚਸਪੀ ਹੋਰ ਵਧੀ ਹੈ। ਚਾਂਦੀ ਦੇ ਭਾਵਾਂ ਵਿੱਚ ਵੀ ਵਾਧਾ ਦਰਜ ਹੋਇਆ। 2 ਅਤੇ 3 ਫਰਵਰੀ ਨੂੰ ਚਾਂਦੀ 270 ਪ੍ਰਤੀ ਗ੍ਰਾਮ ‘ਤੇ ਸਥਿਰ ਰਹੀ, ਪਰ 4 ਫਰਵਰੀ ਨੂੰ ਇਸਦਾ ਭਾਅ ਵਧ ਕੇ 295 ਪ੍ਰਤੀ ਗ੍ਰਾਮ ਹੋ ਗਿਆ। ਚਾਂਦੀ ਦੇ ਸਿੱਕੇ ਦੀ ਕੀਮਤ ਵੀ 3,300 ਤੋਂ ਚੜ੍ਹ ਕੇ 3,600 ਤੱਕ ਪਹੁੰਚ ਗਈ। ਵਪਾਰੀਆਂ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਮਜ਼ਬੂਤੀ, ਡਾਲਰ ਦੀ ਹਲਚਲ, ਭੂ-ਰਾਜਨੀਤਿਕ ਅਣਸ਼ਚਿਤਤਾਵਾਂ ਅਤੇ ਸੁਰੱਖਿਅਤ ਨਿਵੇਸ਼ ਵਜੋਂ ਸੋਨੇ ਦੀ ਵਧਦੀ ਮੰਗ ਕਾਰਨ ਕੀਮਤਾਂ ਵਿੱਚ ਇਹ ਤੇਜ਼ੀ ਬਣੀ ਹੋਈ ਹੈ। ਆਉਣ ਵਾਲੇ ਦਿਨਾਂ ਵਿਚ ਵਿਆਹਾਂ ਦੇ ਸੀਜ਼ਨ ਅਤੇ ਤਿਉਹਾਰਾਂ ਦੀ ਮੰਗ ਨਾਲ ਬਾਜ਼ਾਰ ਵਿਚ ਉਤਾਰ-ਚੜ੍ਹਾਅ ਜਾਰੀ ਰਹਿਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕੀ ਪਿਛਲੇ ਹਫ਼ਤੇ ਸੋਨੇ ਦੀਆਂ ਕੀਮਤਾਂ ਇੱਕ ਲੱਖ 90 ਹਜ਼ਾਰ ਤੱਕ ਪੁੱਜ ਗਈਆਂ ਸਨ।