ਐਨਡੀਸੀ ਦੇ ਅਧਿਕਾਰੀਆਂ ਨੇ ਸਕੱਤਰੇਤ ਵਿੱਚ ਮੁੱਖ ਸਕੱਤਰ ਨਾਲ ਮੁਲਾਕਾਤ ਕੀਤੀ
ਐਨਡੀਸੀ ਦੇ ਅਧਿਕਾਰੀਆਂ ਨੇ ਸਕੱਤਰੇਤ ਵਿੱਚ ਮੁੱਖ ਸਕੱਤਰ ਨਾਲ ਮੁਲਾਕਾਤ ਕੀਤੀ
Publish Date: Tue, 03 Feb 2026 08:14 PM (IST)
Updated Date: Tue, 03 Feb 2026 08:17 PM (IST)

ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਰਾਸ਼ਟਰੀ ਰੱਖਿਆ ਕਾਲਜ (ਨੈਸ਼ਨਲ ਡਿਫੈਂਸ ਕਾਲਜ ਐਨਡੀਸੀ), ਨਵੀਂ ਦਿੱਲੀ ਦੇ 66ਵੇਂ ਕੋਰਸ ਦੇ ਅਧਿਕਾਰੀਆਂ ਨੇ ਅੱਜ ਆਪਣੇ ਅਧਿਐਨ ਦੌਰੇ ਤਹਿਤ ਯੂਟੀ ਚੰਡੀਗੜ੍ਹ ਸਕੱਤਰੇਤ ਵਿੱਚ ਡੀਗੜ੍ਹ ਦੇ ਮੁੱਖ ਸਕੱਤਰ ਐਚ. ਰਾਜੇਸ਼ ਪ੍ਰਸਾਦ ਨਾਲ ਮੁਲਕਾਤ ਕੀਤੀ। ਇਸ ਮੌਕੇ ਚੰਡੀਗੜ੍ਹ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। ਐਨਡੀਸੀ ਦੇ ਫੈਕਲਟੀ-ਇੰਚਾਰਜ, ਰਿਅਰ ਐਡਮਿਰਲ ਸੰਦੀਪ ਸਿੰਘ ਸੰਧੂ ਨੇ ਰਾਸ਼ਟਰੀ ਰੱਖਿਆ ਕਾਲਜ ਦੀ ਭੂਮਿਕਾ ਅਤੇ ਉਦੇਸ਼ ਬਾਰੇ ਜਾਣਕਾਰੀ ਦਿੱਤੀ ਅਤੇ 66ਵੇਂ ਐਨਡੀਸੀ ਕੋਰਸ ਦੇ ਅਧਿਕਾਰੀਆਂ ਨਾਲ ਜਾਣ-ਪਛਾਣ ਕਰਵਾਈ। ਉਨ੍ਹਾਂ ਦੱਸਿਆ ਕਿ 46 ਹਫ਼ਤਿਆਂ ਦਾ ਇਹ ਕੋਰਸ ਰਾਸ਼ਟਰੀ ਸੁਰੱਖਿਆ ਅਤੇ ਸਾਮਰਿਕ ਅਧਿਐਨ ‘ਤੇ ਕੇਂਦ੍ਰਿਤ ਹੈ, ਜੋ ਵੱਖ-ਵੱਖ ਵਿਸ਼ਿਆਂ ਮਾਡਿਊਲਾਂ ਰਾਹੀਂ ਚਲਾਇਆ ਜਾਂਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਅਧਿਐਨ ਦੌਰਾ ਕੋਰਸ ਦਾ ਅਟੁੱਟ ਹਿੱਸਾ ਹੈ, ਜਿਸ ਦਾ ਉਦੇਸ਼ ਭਾਗੀਦਾਰਾਂ ਨੂੰ ਭਾਰਤ ਦੀ ਪ੍ਰਸ਼ਾਸਕੀ ਅਤੇ ਵਿਕਾਸਾਤਮਕ ਸੰਰਚਨਾ ਦੀ ਵਿਸਥਾਰ ਪੂਰਵਕ ਸਮਝ ਪ੍ਰਦਾਨ ਕਰਨਾ ਹੈ। ਵਿੱਤ ਸਕੱਤਰ ਦੀਪ੍ਰਾਵਾ ਲਾਕੜਾ ਨੇ ਮਹਿਮਾਨ ਅਧਿਕਾਰੀਆਂ ਸਾਹਮਣੇ ਚੰਡੀਗੜ੍ਹ ਦੇ ਇਤਿਹਾਸਕ ਪ੍ਰਸੰਗ, ਪ੍ਰਸ਼ਾਸਕੀ ਢਾਂਚੇ ਅਤੇ ਵਿਕਾਸਾਤਮਕ ਸਰੂਪ ਬਾਰੇ ਸੰਖੇਪ ਪ੍ਰਸਤੁਤੀ ਦਿੱਤੀ। ਗੱਲਬਾਤ ਦੌਰਾਨ ਮੁੱਖ ਸਕੱਤਰ ਨੇ ਚੰਡੀਗੜ੍ਹ ਦੇ ਵੱਖ-ਵੱਖ ਪ੍ਰਸ਼ਾਸਕੀ ਪੱਖਾਂ ‘ਤੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਰਾਸ਼ਟਰੀ ਰੱਖਿਆ ਕਾਲਜ ਦੀ ਉਸ ਮਹੱਤਵਪੂਰਣ ਭੂਮਿਕਾ ਨੂੰ ਵੀ ਉਜਾਗਰ ਕੀਤਾ, ਜਿਸ ਰਾਹੀਂ ਸੀਨੀਅਰ ਅਧਿਕਾਰੀਆਂ ਨੂੰ ਰਾਸ਼ਟਰੀ ਸੁਰੱਖਿਆ, ਸਾਮਰਿਕ ਯੋਜਨਾ ਅਤੇ ਜਨਤਕ ਨੀਤੀ ਦੇ ਖੇਤਰ ਵਿੱਚ ਜ਼ਿੰਮੇਵਾਰੀਆਂ ਲਈ ਤਿਆਰ ਕੀਤਾ ਜਾਂਦਾ ਹੈ। ਇਸ ਦੌਰਾਨ ਮੁੱਖ ਸਕੱਤਰ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨੇ ਯੂਟੀ ਚੰਡੀਗੜ੍ਹ ਨਾਲ ਸੰਬੰਧਿਤ ਮਹਿਮਾਨ ਪ੍ਰਤਿਨਿਧੀਆਂ ਵੱਲੋਂ ਪੁੱਛੇ ਗਏ ਵੱਖ-ਵੱਖ ਪ੍ਰਸ਼ਨਾਂ ਦੇ ਸਪਸ਼ਟੀਕਰਨ ਦਿੱਤੇ। ਇਸ ਮੌਕੇ ’ਤੇ ਭਾਰਤ ਸਮੇਤ ਮਿੱਤਰ ਦੇਸ਼ਾਂ ਬੰਗਲਾਦੇਸ਼, ਮਿਸਰ, ਇੰਡੋਨੇਸ਼ੀਆ, ਮਲੇਸ਼ੀਆ ਅਤੇ ਨੇਪਾਲ ਦੇ ਅਧਿਕਾਰੀਆਂ ਨੇ ਰਾਸ਼ਟਰੀ ਰੱਖਿਆ ਕਾਲਜ ਵਿੱਚ ਆਪਣੇ ਅਕਾਦਮਿਕ ਅਤੇ ਪੇਸ਼ਾਵਰ ਅਨੁਭਵ ਵੀ ਸਾਂਝੇ ਕੀਤੇ।