ਨਗਰ ਨਿਗਮ ਨੇ ਸਵੱਛ ਸਕੂਲ ਰੈਂਕਿੰਗ ਉਪਰਾਲੇ ਦੀ ਸ਼ੁਰੂਆਤ
ਨਗਰ ਨਿਗਮ ਨੇ ਸਵੱਛ ਸਕੂਲ ਰੈਂਕਿੰਗ ਉਪਰਾਲੇ ਦੀ ਸ਼ੁਰੂਆਤ
Publish Date: Tue, 03 Feb 2026 08:12 PM (IST)
Updated Date: Tue, 03 Feb 2026 08:14 PM (IST)

ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਬਚਪਨ ਤੋਂ ਹੀ ਸਾਫ਼-ਸੁਥਰੀਆਂ ਆਦਤਾਂ ਵਿਕਸਿਤ ਕਰਨ ਤੇ ਸ਼ਹਿਰ ਦੀ ਸਵੱਛਤਾ ਮੁਹਿੰਮ ਨੂੰ ਮਜ਼ਬੂਤ ਕਰਨ ਵੱਲ ਇਕ ਮਹੱਤਵਪੂਰਨ ਕਦਮ ਚੁੱਕਦੇ ਹੋਏ, ਨਗਰ ਨਿਗਮ ਨੇ ਸਵੱਛ ਸਕੂਲ ਰੈਂਕਿੰਗ ਉਪਰਾਲੇ ਦੀ ਸ਼ੁਰੂਆਤ ਕੀਤੀ। ਇਹ ਇਕ ਸ਼ਹਿਰ ਪੱਧਰੀ ਪ੍ਰੋਗਰਾਮ ਹੈ ਜੋ 3 ਫ਼ਰਵਰੀ ਤੋਂ 15 ਫ਼ਰਵਰੀ 2026 ਤੱਕ ਸਰਕਾਰੀ ਅਤੇ ਨਿੱਜੀ ਸਕੂਲਾਂ ਵਿੱਚ ਸਫ਼ਾਈ, ਸੈਨਿਟੇਸ਼ਨ ਅਤੇ ਸਵੱਛਤਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਚਲਾਇਆ ਜਾਵੇਗਾ। ਇਸ ਪਹਿਲ ਦੀ ਆਧਿਕਾਰਿਕ ਸ਼ੁਰੂਆਤ ਸ਼ਹਿਰ ਦੇ ਮੇਅਰ ਸੌਰਭ ਜੋਸ਼ੀ ਨੇ ਆਉਣ ਵਾਲੇ ਸਵੱਛ ਸਰਵੇਖਣ ਦੀ ਤਿਆਰੀ ਲਈ ਸਕੂਲ ਪ੍ਰਿੰਸੀਪਲਾਂ ਅਤੇ ਨੁਮਾਇੰਦਿਆਂ ਲਈ ਆਯੋਜਿਤ ਸਵੱਛ ਸਕੂਲ ਓਰੀਐਂਟੇਸ਼ਨ ਪ੍ਰੋਗਰਾਮ ਦੌਰਾਨ, ਰਾਣੀ ਲਕਸ਼ਮੀ ਬਾਈ ਮਹਿਲਾ ਭਵਨ, ਸੈਕਟਰ-38, ਚੰਡੀਗੜ੍ਹ ਵਿਖੇ ਕੀਤੀ। ਇਸ ਸਮਾਗਮ ਵਿੱਚ ਪ੍ਰੇਰਣਾ ਪੁਰੀ, ਸਕੱਤਰ ਸਿੱਖਿਆ, ਅਮਿਤ ਕੁਮਾਰ, ਕਮਿਸ਼ਨਰ, ਨਗਰ ਨਿਗਮ, ਪਰਦੀਪ ਕੁਮਾਰ, ਵਿਸ਼ੇਸ਼ ਕਮਿਸ਼ਨਰ; ਸੁਮਨ ਦੇਵੀ, ਉਪ-ਮੇਅਰ, ਯੋਗੇਸ਼ ਢੀਂਗਰਾ , ਏਰੀਆ ਕੌਂਸਲਰ ਦੇ ਨਾਲ ਹੀ ਹੋਰ ਕੌਂਸਲਰ, ਨਗਰ ਨਿਗਮ ਦੇ ਸੀਨੀਅਰ ਅਧਿਕਾਰੀ, ਅਤੇ ਵੱਖ-ਵੱਖ ਸਰਕਾਰੀ ਤੇ ਨਿੱਜੀ ਸਕੂਲਾਂ ਦੇ ਪ੍ਰਿੰਸੀਪਲ ਅਤੇ ਅਧਿਆਪਕ ਹਾਜ਼ਰ ਰਹੇ। ਸਮਾਗਮ ਨੂੰ ਸੰਬੋਧਨ ਕਰਦਿਆਂ ਮੇਅਰ ਸੌਰਭ ਜੋਸ਼ੀ ਨੇ ਕਿਹਾ ਕਿ ਸਾਫ਼ ਅਤੇ ਜ਼ਿੰਮੇਵਾਰ ਸਮਾਜ ਦੀ ਨਿਰਮਾਣ ਲਈ ਸਕੂਲ ਸਭ ਤੋਂ ਮਜ਼ਬੂਤ ਨੀਂਹ ਹੁੰਦੇ ਹਨ। ਉਨ੍ਹਾਂ ਕਿਹਾ ਕਿ ਸਫ਼ਾਈ ਦੀਆਂ ਆਦਤਾਂ ਸਕੂਲ ਤੋਂ ਹੀ ਸ਼ੁਰੂ ਹੁੰਦੀਆਂ ਹਨ। ਸਵੱਛ ਸਕੂਲ ਰੈਂਕਿੰਗ ਇਨੀਸ਼ੀਏਟਿਵ ਰਾਹੀਂ ਨਗਰ ਨਿਗਮ ਸਿਰਫ਼ ਢਾਂਚਾਗਤ ਮੁਲਾਂਕਣ ਨਹੀਂ ਕਰ ਰਿਹਾ, ਸਗੋਂ ਬੱਚਿਆਂ ਵਿੱਚ ਵਿਹਾਰਕ ਬਦਲਾਅ, ਜ਼ਿੰਮੇਵਾਰੀ ਅਤੇ ਵਾਤਾਵਰਣਕ ਜਾਗਰੂਕਤਾ ਨੂੰ ਵੀ ਵਿਕਸਿਤ ਕਰ ਰਿਹਾ ਹੈ। ਜਦੋਂ ਵਿਦਿਆਰਥੀ ਸਫ਼ਾਈ ਅਤੇ ਟਿਕਾਊ ਵਿਕਾਸ ਦੀਆਂ ਕਦਰਾਂ ਛੋਟੀ ਉਮਰ ਵਿੱਚ ਸਿੱਖ ਲੈਂਦੇ ਹਨ, ਤਾਂ ਉਹ ਇਨ੍ਹਾਂ ਨੂੰ ਘਰਾਂ ਅਤੇ ਸਮਾਜ ਤੱਕ ਲੈ ਕੇ ਜਾਂਦੇ ਹਨ। ਉਨ੍ਹਾਂ ਸਾਰੇ ਸਕੂਲਾਂ ਨੂੰ ਅਪੀਲ ਕੀਤੀ ਕਿ ਸਫ਼ਾਈ ਨੂੰ ਇੱਕ ਵਾਰ ਦੀ ਗਤੀਵਿਧੀ ਦੀ ਥਾਂ ਲਗਾਤਾਰ ਸਭਿਆਚਾਰ ਵਜੋਂ ਅਪਣਾਇਆ ਜਾਵੇ ਅਤੇ ਸਰਗਰਮੀ ਨਾਲ ਭਾਗ ਲਿਆ ਜਾਵੇ। ਪ੍ਰੇਰਣਾ ਪੁਰੀ ਨੇ ਸਿੱਖਿਆ ਨੇ ਕਿਹਾ ਕਿ ਸਾਫ਼, ਸੁਰੱਖਿਅਤ ਅਤੇ ਸਵੱਛ ਸਕੂਲੀ ਮਾਹੌਲ ਪ੍ਰਭਾਵਸ਼ਾਲੀ ਸਿੱਖਣ ਲਈ ਅਤਿ ਜ਼ਰੂਰੀ ਹੈ। ਇਹ ਪਹਲ ਸੈਨਿਟੇਸ਼ਨ, ਸਿਹਤ ਅਤੇ ਸਿੱਖਿਆ ਨੂੰ ਬਹੁਤ ਹੀ ਵਿਹਾਰਕ ਢੰਗ ਨਾਲ ਜੋੜਦੀ ਹੈ। ਉਨ੍ਹਾਂ ਨਗਰ ਨਿਗਮ ਵੱਲੋਂ ਮੁਲਾਂਕਣ ਮਾਪਦੰਡਾਂ ਬਾਰੇ ਸਪਸ਼ਟ ਮਾਰਗਦਰਸ਼ਨ ਅਤੇ ਇਕੋ-ਕਲੱਬ, ਆਰਆਰਆਰ ਸੈਂਟਰ ਅਤੇ ਬਰਸਾਤੀ ਪਾਣੀ ਸੰਭਾਲ ਵਰਗੀਆਂ ਪਹਲਾਂ ਨੂੰ ਉਤਸ਼ਾਹਿਤ ਕਰਨ ਦੀ ਸ਼ਲਾਘਾ ਕੀਤੀ। ਉਨ੍ਹਾਂ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਵਿਦਿਆਰਥੀਆਂ ਨੂੰ ਸਫ਼ਾਈ ਮੁਹਿੰਮਾਂ ਅਤੇ ਵਾਤਾਵਰਣਕ ਸੰਭਾਲ ਵਿਚ ਸਰਗਰਮ ਸਾਥੀ ਬਣਾਇਆ ਜਾਵੇ। ਅਮਿਤ ਕੁਮਾਰ ਨੇ ਦੱਸਿਆ ਕਿ ਇਹ ਰੈਂਕਿੰਗ ਪ੍ਰਣਾਲੀ ਸਵੱਛ ਭਾਰਤ ਮਿਸ਼ਨ–ਅਰਬਨ 2.0 ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੈ ਅਤੇ ਟਿਕਾਊ ਵਿਕਾਸ ‘ਤੇ ਕੇਂਦਰਿਤ ਹੈ। ਉਨ੍ਹਾਂ ਕਿਹਾ ਕਿ ਮੁਲਾਂਕਣ ਢਾਂਚੇ ਵਿੱਚ ਦਿੱਖੀ ਸਫ਼ਾਈ, ਸਰੋਤ ‘ਤੇ ਕੂੜੇ ਦੀ ਛੰਟਾਈ, ਕੂੜਾ ਪ੍ਰਬੰਧਨ, ਸ਼ੌਚਾਲੇ, ਆਈਈਸੀ ਗਤੀਵਿਧੀਆਂ ਅਤੇ ਵਾਤਾਵਰਣਕ ਟਿਕਾਊਪਨ ਅਤੇ ਪਲਾਸਟਿਕ-ਮੁਕਤ ਕੈਂਪਸ ਵਰਗੇ ਮਾਪਦੰਡ ਸ਼ਾਮਲ ਹਨ। ਇਸ ਦਾ ਉਦੇਸ਼ ਸਕੂਲਾਂ ਨੂੰ ਸਪਸ਼ਟਤਾ, ਸਮਰੱਥਾ ਨਿਰਮਾਣ ਅਤੇ ਪਾਰਦਰਸ਼ੀ ਮੁਲਾਂਕਣ ਨਾਲ ਸਹਾਇਤਾ ਕਰਨਾ ਹੈ ਤਾਂ ਜੋ ਵਧੀਆ ਅਭਿਆਸਾਂ ਨੂੰ ਪੂਰੇ ਸ਼ਹਿਰ ਵਿੱਚ ਦੁਹਰਾਇਆ ਜਾ ਸਕੇ।