‘ਵਿਕੀ ਲਵਸ ਪੰਜਾਬ 2026’ ਮੁਹਿੰਮ ਦੀ ਸ਼ੁਰੂਆਤ
ਵਿਕੀ ਲਵਸ ਪੰਜਾਬ 2026’ ਮੁਹਿੰਮ ਦੀ ਸ਼ੁਰੂਆਤ
Publish Date: Mon, 02 Feb 2026 08:38 PM (IST)
Updated Date: Mon, 02 Feb 2026 08:40 PM (IST)

- ਪੰਜਾਬ ਦੇ ਪਿੰਡਾਂ ਦੀ ਪਛਾਣ ਦੁਨੀਆ ਤਕ ਪਹੁੰਚਾਉਣ ਦੀ ਵੱਡੀ ਡਿਜ਼ੀਟਲ ਕੋਸ਼ਿਸ਼ ਤਰੁਣ ਭਜਨੀ, ਪੰਜਾਬੀ ਜਾਗਰਣ ਚੰਡੀਗੜ੍ਹ : ਪੰਜਾਬ ਦੇ ਪਿੰਡਾਂ ਨੂੰ ਵਿਸ਼ਵ ਪੱਧਰ ’ਤੇ ਦਰਜ ਕਰਨ ਅਤੇ ਉਨ੍ਹਾਂ ਦੀ ਅਸਲੀ ਪਛਾਣ ਨੂੰ ਡਿਜ਼ੀਟਲ ਰੂਪ ਵਿੱਚ ਸੰਭਾਲਣ ਲਈ ਪੰਜਾਬੀ ਵਿਕੀਮੀਡੀਅਨਜ਼ ਯੂਜ਼ਰ ਗਰੁੱਪ ਵੱਲੋਂ ਇੱਕ ਮਹੱਤਵਪੂਰਨ ਮੁਹਿੰਮ ‘ਵਿਕੀ ਲਵਸ ਪੰਜਾਬ 2026’ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਮੁਹਿੰਮ 1 ਫਰਵਰੀ 2026 ਤੋਂ ਸ਼ੁਰੂ ਹੋ ਕੇ 15 ਮਾਰਚ 2026 ਤਕ ਚਲਾਈ ਜਾਵੇਗੀ। ਇਸ ਮੁਹਿੰਮ ਦਾ ਮੁੱਖ ਉਦੇਸ਼ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਹਰ ਪਿੰਡ ਦੀਆਂ ਉੱਚ ਗੁਣਵੱਤਾ ਵਾਲੀਆਂ ਮੌਲਿਕ ਤਸਵੀਰਾਂ ਨੂੰ ਵਿਕੀਮੀਡੀਆ ਕਾਮਨਜ਼ ’ਤੇ ਅਪਲੋਡ ਕਰ ਕੇ ਮੁਫ਼ਤ ਰੂਪ ਵਿੱਚ ਦੁਨੀਆ ਭਰ ਦੇ ਲੋਕਾਂ ਲਈ ਉਪਲਬਧ ਕਰਵਾਉਣਾ ਹੈ। ਇਸ ਰਾਹੀਂ ਪੰਜਾਬ ਦੇ ਪਿੰਡਾਂ ਦੀ ਅਸਲੀ ਜ਼ਿੰਦਗੀ, ਵਿਰਾਸਤ ਅਤੇ ਸੱਭਿਆਚਾਰ ਨੂੰ ਵਿਸ਼ਵ ਪੱਧਰ ’ਤੇ ਪਹਿਚਾਨ ਮਿਲੇਗੀ। ਗਰੁੱਪ ਦੇ ਵਲੰਟੀਅਰ ਮੀਡੀਆ ਇੰਚਾਰਜ ਅਮਨ ਅਰੋੜਾ ਨੇ ਦੱਸਿਆ ਕਿ ਇਹ ਮੁਹਿੰਮ ਸੀਨੀਅਰ ਵਿਕੀਮੀਡੀਅਨਜ਼ ਨਿਤੇਸ਼ ਗਿੱਲ, ਸੁਖਜੀਵਨ ਗੀਤ ਆਰਟਸ ਅਤੇ ਗਰੁੱਪ ਕੋਆਰਡੀਨੇਟਰ ਕੁਲਦੀਪ ਸਿੰਘ ਬੁਰਜ ਭਲਾਈਕੇ ਦੀ ਨਿਗਰਾਨੀ ਅਤੇ ਦਿਸ਼ਾ-ਨਿਰਦੇਸ਼ ਹੇਠ ਚਲਾਈ ਜਾ ਰਹੀ ਹੈ। ਮੁਹਿੰਮ ਦੌਰਾਨ ਪਿੰਡਾਂ ਦੀਆਂ ਗਲੀਆਂ, ਸਕੂਲਾਂ, ਪੰਚਾਇਤ ਘਰਾਂ, ਹਸਪਤਾਲਾਂ, ਧਾਰਮਿਕ ਅਸਥਾਨਾਂ, ਵਿਰਾਸਤੀ ਥਾਵਾਂ ਅਤੇ ਕੁਦਰਤੀ ਦ੍ਰਿਸ਼ਾਂ ਦਾ ਵਿਸਤ੍ਰਿਤ ਦਸਤਾਵੇਜ਼ੀਕਰਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਕਸਰ ਪੰਜਾਬ ਦੇ ਪਿੰਡਾਂ ਬਾਰੇ ਤਸਵੀਰਾਂ ਅਤੇ ਭਰੋਸੇਯੋਗ ਜਾਣਕਾਰੀ ਇੰਟਰਨੈੱਟ ’ਤੇ ਉਪਲਬਧ ਨਹੀਂ ਹੁੰਦੀ। ਇਸ ਮੁਹਿੰਮ ਨਾਲ ਵਿਕੀਪੀਡੀਆ, ਵਿਕੀਡਾਟਾ ਅਤੇ ਹੋਰ ਵਿਕੀਮੀਡੀਆ ਪ੍ਰਾਜੈਕਟਾਂ ’ਤੇ ਪਿੰਡਾਂ ਨਾਲ ਸਬੰਧਿਤ ਲੇਖ ਅਤੇ ਡਾਟਾ ਹੋਰ ਮਜ਼ਬੂਤ ਹੋਣਗੇ। ਅਮਨ ਅਰੋੜਾ ਨੇ ਦੱਸਿਆ ਕਿ ਕੋਈ ਵੀ ਵਿਅਕਤੀ ਇਸ ਮੁਹਿੰਮ ਵਿੱਚ ਹਿੱਸਾ ਲੈ ਸਕਦਾ ਹੈ। ਭਾਗੀਦਾਰਾਂ ਨੂੰ ਆਪਣੀਆਂ ਖਿੱਚੀਆਂ ਮੌਲਿਕ ਤਸਵੀਰਾਂ ਨਾਲ ਪਿੰਡ ਦਾ ਨਾਮ, ਜ਼ਿਲ੍ਹਾ, ਤਹਿਸੀਲ ਅਤੇ ਸਥਾਨ ਸੰਬੰਧੀ ਜਾਣਕਾਰੀ ਦੇਣੀ ਲਾਜ਼ਮੀ ਹੋਵੇਗੀ। ਮੁਹਿੰਮ ਦੇ ਅਖੀਰ ’ਤੇ ਸਭ ਤੋਂ ਵਧੀਆ ਯੋਗਦਾਨ ਪਾਉਣ ਵਾਲੇ ਭਾਗੀਦਾਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਪੰਜਾਬ ਦੇ ਨੌਜਵਾਨਾਂ, ਵਿਦਿਆਰਥੀਆਂ, ਸਮਾਜਿਕ ਸੰਗਠਨਾਂ ਅਤੇ ਹਰ ਪੰਜਾਬੀ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਿੰਡ ਦੀਆਂ ਤਸਵੀਰਾਂ ਸਾਂਝੀਆਂ ਕਰ ਕੇ ਇਸ ਇਤਿਹਾਸਕ ਡਿਜ਼ੀਟਲ ਮੁਹਿੰਮ ਦਾ ਹਿੱਸਾ ਬਣਨ।