ਐੱਮਐੱਸ ਰੰਧਾਵਾ ਸਾਹਿਤ ਕਲਾ ਉਤਸਵ ਦਾ ਆਗਾਜ਼
ਐੱਮ. ਐੱਸ ਰੰਧਾਵਾ ਸਾਹਿਤ ਕਲਾ ਉਤਸਵ ਦਾ ਆਗਾਜ਼, ਗਵਰਨ ਪੰਜਾਬ ਤੇ ਸੱਭਿਆਚਾਰਕ ਮਾਮਲੇ ਮੰਤਰੀ ਨੇ ਕੀਤੀ ਸ਼ਮੂਲੀਅਤ
Publish Date: Mon, 02 Feb 2026 08:31 PM (IST)
Updated Date: Mon, 02 Feb 2026 08:34 PM (IST)

- ਗਵਰਨ ਪੰਜਾਬ ਤੇ ਸੱਭਿਆਚਾਰਕ ਮਾਮਲੇ ਮੰਤਰੀ ਨੇ ਕੀਤੀ ਸ਼ਮੂਲੀਅਤ ਤਰੁਣ ਭਜਨੀ, ਪੰਜਾਬੀ ਜਾਗਰਣ ਚੰਡੀਗੜ੍ਹ : ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਵੱਲੋਂ ਹਰ ਸਾਲ ਕੀਤੇ ਜਾਂਦੇ ਮਹਿੰਦਰ ਸਿੰਘ ਰੰਧਾਵਾ, ਸਾਹਿਤ ਕਲਾ ਉਤਸਵ ਇਸ ਵਰ੍ਹੇ ‘ਪੰਜਾਬ ਦੀ ਨਵ ਸਿਰਜਣਾ’ ਤਹਿਤ ਮਨਾਇਆ ਜਾ ਰਿਹਾ ਹੈ। ਪਹਿਲੇ ਦਿਨ 2 ਫਰਵਰੀ ਨੂੰ ਸਭ ਤੋਂ ਪਹਿਲਾਂ ਸ਼ਮਾ ਰੋਸ਼ਨ ਕਰ ਕੇ ਸਮਾਗਮ ਦਾ ਆਗਾਜ਼ ਕੀਤਾ ਗਿਆ। ਇਸ ਉਪਰੰਤ ਸੰਗੀਤ ਦੀ ਜਾਣੀ ਪਛਾਣੀ ਹਸਤੀ ਡਾ. ਨਵੇਦਿਤਾ ਸਿਂਘ ਵੱਲੋਂ ਸ਼ਬਦ ਗਾਇਨ ਕੀਤਾ ‘ਮਨ ਕੀ ਮੰਡਲੀ’ ਦਾ ਗਾਇਨ ਕੀਤਾ ਗਿਆ। ਇਸ ਤੋਂ ਬਾਅਦ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ ਹੋਰਾਂ ਆਏ ਸਾਰੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਪਿਛਲੇ ਸਾਲ ਕੀਤੇ ਮਹੱਤਵਪੂਰਨ ਕੰਮਾਂ ਦਾ ਵੇਰਵਾ ਸਾਂਝਾ ਕੀਤਾ। ਉਨ੍ਹਾਂ ਆਉਣ ਵਾਲੇ ਸਮਾਗਮ ਲੜੀ ‘ਸਹੁੰ ਪੰਜਾਬ ਦੀ’ ਬਾਰੇ ਸਰੋਤਿਆਂ ਨਾਲ ਆਪਣੀ ਗੱਲ ਸਾਂਝੀ ਕੀਤੀ। ਸਮਾਗਮ ਦੇ ਅਗਲੇ ਹਿੱਸੇ ਵਿਚ ਬੋਲਦਿਆਂ ਅੱਜ ਦੇ ਮੁੱਖ ਮਹਿਮਾਨ ਸੱਭਿਆਚਾਰਕ ਮਾਮਲੇ, ਸੈਰ ਸਪਾਟਾ ਤੇ ਪੇਂਡੂ ਵਿਕਾਸ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਕਲਾ ਪ੍ਰੀਸ਼ਦ ਨੇ ਮਹੱਤਵਪੂਰਨ ਕੰਮ ਕੀਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਕਲਾ ਪ੍ਰੀਸ਼ਦ ਨੇ ਆਪਣੇ ਕੰਮ ਬੜੀ ਜ਼ਿੰਮੇਵਾਰੀ ਨਾਲ ਕੀਤੇ ਨੇ। ਉਨ੍ਹਾਂ ਮਹਿੰਦਰ ਸਿੰਘ ਰੰਧਾਵਾ ਦੇ ਜੀਵਨ ਤੇ ਪ੍ਰਾਪਤੀਆਂ ਸਾਂਝੀਆਂ ਕੀਤੀਆਂ। ਅੱਜ ਦਾ ਮੁੱਖ ਭਾਸ਼ਨ ਉੱਘੇ ਚਿੰਤਕ ਡਾ. ਮਦਨ ਗੋਪਾਲ ਸਿੰਘ ਹੋਰਾਂ ਨੇ ਦਿੱਤਾ। ਉਨ੍ਹਾਂ ਨੇ ‘ਅੰਦਰੂਨ ਤੇ ਬਹਿਰੂਨ’ ਸ਼ਹਿਰ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਉਹ ‘ਬੇਰੂਨ’ ਸ਼ਹਿਰ ਦਾ ਬਸ਼ਿੰਦਾ ਅੱਜ ਐੱਮਐੱਸ ਰੰਧਾਵਾ ਯਾਦ ਕਰਦਾ ਹਾਂ, ਉਨ੍ਹਾਂ ਅਗਾਂਹ ਕਿਹਾ ਸੰਤਾਲੀ ਦਾ ਸਮਾਂ ਦਿੱਲੀ ਲਈ ਬਹੁਤ ਮਾੜਾ ਸੀ। ਪੁਰਜਾ ਪੁਰਜਾ ਹੋਇਆ ਪੰਜਾਬ ਦਿੱਲੀ ਦੇ ਮੁਹਾਣੇ ’ਤੇ ਖੜ੍ਹਾ ਸੀ ਤੇ ਐੱਮਐੱਸ ਰੰਧਾਵਾ ਆਪਣੇ ਹਮਸਾਇਆਂ ਲਈ ਬਹੁੜਿਆ ਤੇ ਦਿੱਲੀ ਦੀ ਫਿਰਕਪ੍ਰਸਤੀ ਨੂੰ ਨੇਸਤਨਾਬੂਦ ਕੀਤਾ। ਡਾ. ਅਕਾਲ ਅੰਮ੍ਰਿਤ ਕੌਰ ਨੇ ਆਪਣਾ ਪਰਚਾ ਪੰਜਾਬ ਕਲਾ ਪਰਿਸ਼ਦ ਵੱਲੋਂ ਪ੍ਰਦਾਨ ਕੀਤੇ ‘ਪੰਜਾਬ ਰਤਨ’ ਡਾ. ਕਰਮਜੀਤ ਸਿੰਘ ਬਾਰੇ ਪੜ੍ਹਿਆ। ਉਨ੍ਹਾਂ ਕਿਹਾ ਕਿ ਡਾ. ਕਰਮਜੀਤ ਹੋਰਾਂ ਨੇ ਚਾਲੀ ਸਾਲਾਂ ਦੀ ਖੋਜ ਅਤੇ ਅਧਿਅਨ ਕਰ ਕੇ ਸਿੱਖਿਆ ਨੂੰ ਇੱਕ ਵੱਡਾ ਮਿਆਰ ਬਖ਼ਸ਼ਿਆ ਹੈ। ਉਨ੍ਹਾਂ ਅਗਾਂਹ ਕਿਹਾ ਕਿ ਉਨ੍ਹਾਂ ਨੂੰ ਰਾਸ਼ਟਰੀ ਤੇ ਅੰਤਰਰਾਸ਼ਟਰੀ ਸਨਮਾਨ ਮਿਲੇ ਹਨ ਪਰ ਉਨ੍ਹਾਂ ਦੀ ਪਛਾਣ ਸਿੱਖਿਆ ਪ੍ਰਤੀ ਸਮਰਪਣ ਹੈ। ਇਸ ਉਪਰੰਤ ਇਸ ਸੈਸ਼ਨ ਦੀ ਪ੍ਰਧਾਨਗੀ ਡਾ. ਐੱਸਐੱਸ ਗੋਸਲ, ਉਪ ਕੁਲਪਤੀ ਖੇਤੀਬੜੀ ਯੂਨੀਵਰਸਿਟੀ ਲੁਧਿਆਣਾ ਕੀਤੀ। ਉਨ੍ਹਾਂ ਡਾ. ਰੰਧਾਵਾ ਤੇ ਡਾ. ਕਰਮਜੀਤ ਸਿੰਘ ਬਾਬਤ ਆਪਣੀ ਗੱਲ ਕੀਤੀ। ਇਸ ਸੈਸ਼ਨ ਦਾ ਸੰਚਾਲਨ ਡਾ. ਯੋਗਰਾਜ ਅੰਗਰੀਸ਼ ਨੇ ਬਾਖੂਬੀ ਕੀਤਾ। ਦੁਪਹਿਰ ਦੇ ਖਾਣੇ ਤੋਂ ਬਾਅਦ ਡਾ. ਨਿਵੇਦਿਤਾ ਸਿੰਘ ਅਤੇ ਸਾਥੀਆਂ ਵੱਲੋਂ ਪੰਜਾਬ ਦਾ ਵਿਰਾਸਤੀ, ਅਧਾਰਿਤ ਗਾਇਨ ਕੀਤਾ। ਸਮਾਗਮ ਦੇ ਆਖ਼ਰੀ ਭਾਗ ’ਚ ਉੱਘੇ ਫੋਟੋਗ੍ਰਾਫਰ ਦੇਵ ਇੰਦਰ ਵੱਲੋਂ ਲਾਈ ਜਾ ਰਹੀ ਪ੍ਰਦਰਸ਼ਨੀ ਦਾ ਉਦਘਾਟਨ ਦਿਨ ਦੇ ਆਖ਼ਰੀ ਸੈਸ਼ਨ ‘ਹਰੀ ਕ੍ਰਾਂਤੀ ਤੋਂ ਸਿਰਜਣਾਤਮਕ ਕ੍ਰਾਂਤੀ ਵੱਲ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਦੇ ਤੌਰ ’ਤੇ ਗਵਰਨਰ ਪੰਜਾਬ ਚੰਦ ਕਟਾਰੀਆ ਨੇ ਸ਼ਮੂਲੀਅਤ ਕੀਤੀ ਤੇ ਪ੍ਰਧਾਨਗੀ ਡਾ. ਕਰਮਜੀਤ ਸਿੰਘ ਉਪ ਕੁਲਪਤੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਕੀਤੀ।