ਸਕੂਲਾਂ ਦੀ ਹਕੀਕਤ ਜਾਣਨ ਪਹੁੰਚੇ ਅਧਿਕਾਰੀ, ਕਮੀਆਂ ਦੂਰ ਕਰਨ ਦਾ ਅਲਟੀਮੇਟਮ
ਸਕੂਲਾਂ ਦੀ ਹਕੀਕਤ ਜਾਣਨ ਪਹੁੰਚੇ ਅਧਿਕਾਰੀ, 15 ਦਿਨਾਂ ਵਿੱਚ ਖਾਮੀਆਂ ਦੂਰ ਕਰਨ ਦਾ ਅਲਟੀਮੇਟਮ
Publish Date: Mon, 02 Feb 2026 08:22 PM (IST)
Updated Date: Mon, 02 Feb 2026 08:25 PM (IST)

ਤਰੁਣ ਭਜਨੀ, ਪੰਜਾਬੀ ਜਾਗਰਣ ਚੰਡੀਗੜ੍ਹ : ਸਰਕਾਰੀ ਸਕੂਲਾਂ ਵਿੱਚ ਸਿੱਖਿਆ ਪ੍ਰਣਾਲੀ ਅਤੇ ਬੁਨਿਆਦੀ ਸਹੂਲਤਾਂ ਦੀ ਜ਼ਮੀਨੀ ਹਕੀਕਤ ਦੀ ਜਾਂਚ ਕਰਨ ਲਈ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਹੈ। ਇਸ ਕੜੀ ਤਹਿਤ ਸਿੱਖਿਆ ਸਕੱਤਰ ਪ੍ਰੇਰਨਾ ਪੁਰੀ ਅਤੇ ਸਕੂਲ ਸਿੱਖਿਆ ਨਿਰਦੇਸ਼ਕ ਨਿਤੀਸ਼ ਸਿੰਗਲਾ ਨੇ ਮੰਗਲਵਾਰ ਨੂੰ ਸ਼ਹਿਰ ਦੇ ਕਈ ਸਰਕਾਰੀ ਸਕੂਲਾਂ ਦਾ ਅਚਾਨਕ ਨਿਰੀਖਣ ਕੀਤਾ। ਸਕੂਲਾਂ ਵਿੱਚ ਮੌਜੂਦ ਖਾਮੀਆਂ ਨੂੰ ਦੂਰ ਕਰਨ ਲਈ ਸਿੱਖਿਆ ਸਕੱਤਰ ਨੇ 15 ਦਿਨਾਂ ਦਾ ਅਲਟੀਮੇਟਮ ਦਿੰਦਿਆਂ ਕਿਹਾ ਕਿ ਵਿਦਿਆਰਥੀਆਂ ਦੀ ਸਹੂਲਤ ਅਤੇ ਸੁਰੱਖਿਆ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਿੱਖਿਆ ਸਕੱਤਰ ਅਤੇ ਸਕੂਲ ਸਿੱਖਿਆ ਨਿਰਦੇਸ਼ਕ ਨੇ ਵਿਦਿਆਰਥੀਆਂ, ਅਧਿਆਪਕਾਂ ਅਤੇ ਸਕੂਲ ਸਟਾਫ਼ ਨਾਲ ਗੱਲਬਾਤ ਕਰ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਲੋੜਾਂ ਬਾਰੇ ਜਾਣਕਾਰੀ ਲਈ। ਅਧਿਕਾਰੀਆਂ ਨੇ ਸਿੱਖਿਆ ਦੀ ਗੁਣਵੱਤਾ, ਵਿਦਿਆਰਥੀ ਭਲਾਈ ਯੋਜਨਾਵਾਂ ਅਤੇ ਉਪਲਬਧ ਸਰੋਤਾਂ ਦੇ ਪ੍ਰਭਾਵਸ਼ਾਲੀ ਉਪਯੋਗ ’ਤੇ ਵੀ ਚਰਚਾ ਕੀਤੀ। ਨਿਰੀਖਣ ਦੌਰਾਨ ਸਕੂਲ ਇਮਾਰਤਾਂ ਅਤੇ ਖੇਡ ਮੈਦਾਨਾਂ ਵਿੱਚ ਮੁਰੰਮਤ ਦੀ ਲੋੜ ਪਾਈ ਗਈ। ਇਸ ਤੋਂ ਇਲਾਵਾ ਕਈ ਥਾਵਾਂ ’ਤੇ ਪੀਣ ਵਾਲੇ ਪਾਣੀ ਦੇ ਸ਼ੁੱਧੀਕਰਨ ਪਲਾਂਟ ਅਤੇ ਕੂਲਰ ਖ਼ਰਾਬ ਮਿਲੇ। ਅਧਿਕਾਰੀਆਂ ਨੇ ਇਨ੍ਹਾਂ ਖਾਮੀਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਸੰਬੰਧਤ ਪ੍ਰਿੰਸੀਪਲਾਂ ਅਤੇ ਇੰਚਾਰਜ ਅਧਿਕਾਰੀਆਂ ਨੂੰ ਸਖ਼ਤ ਹੁਕਮ ਜਾਰੀ ਕੀਤੇ। ਧਨਾਸ ਦੇ ਮਾਡਲ ਹਾਈ ਸਕੂਲਾਂ ਦਾ ਦੌਰਾ : ਨਿਰੀਖਣ ਦੌਰਾਨ ਅਧਿਕਾਰੀਆਂ ਨੇ ਧਨਾਸ ਸਥਿਤ ਗਵਰਨਮੈਂਟ ਮਾਡਲ ਹਾਈ ਸਕੂਲ (ਆਰਸੀ-1, ਆਰਸੀ-2 ਅਤੇ ਆਰਸੀ-3) ਦਾ ਦੌਰਾ ਕੀਤਾ। ਇਸ ਦੌਰਾਨ ਸਕੂਲਾਂ ਦੀਆਂ ਇਮਾਰਤਾਂ ਦੀ ਹਾਲਤ, ਕਲਾਸਾਂ ਦੀ ਵਿਵਸਥਾ, ਪੀਣ ਵਾਲੇ ਪਾਣੀ ਦੀ ਸਹੂਲਤ, ਪਖਾਨਿਆਂ ਦੀ ਸਫ਼ਾਈ, ਖੇਡ ਮੈਦਾਨਾਂ ਅਤੇ ਸਾਫ਼-ਸਫ਼ਾਈ ਦੀ ਜਾਂਚ ਕੀਤੀ ਗਈ।