ਮਨੀਮਾਜਰਾ ਮੋਟਰ ਮਾਰਕੀਟ ’ਚ ਨਿਗਮ ਦੀ ਸਾਂਝੀ ਕਾਰਵਾਈ, 39 ਵਾਹਨ ਜ਼ਬਤ
ਮਨੀਮਾਜਰਾ ਮੋਟਰ ਮਾਰਕੀਟ ਵਿੱਚ ਨਿਗਮ ਦੀ ਸਾਂਝੀ ਕਾਰਵਾਈ, 39 ਵਾਹਨ ਜ਼ਬਤ
Publish Date: Sun, 01 Feb 2026 07:37 PM (IST)
Updated Date: Sun, 01 Feb 2026 07:40 PM (IST)

ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ: ਆਵਾਜਾਈ ਪ੍ਰਬੰਧ ਨੂੰ ਸੁਚਾਰੂ ਬਣਾਉਣ ਅਤੇ ਨਾਗਰਿਕ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਦੇ ਉਦੇਸ਼ ਨਾਲ ਨਗਰ ਨਿਗਮ ਚੰਡੀਗੜ੍ਹ ਵੱਲੋਂ ਮਨੀਮਾਜਰਾ, ਸੈਕਟਰ-13 ਸਥਿਤ ਮੋਟਰ ਮਾਰਕੀਟ ਖੇਤਰ ਵਿੱਚ ਸਾਂਝਾ ਇਨਫੋਰਸਮੈਂਟ ਅਭਿਆਨ ਚਲਾਇਆ ਗਿਆ। ਅਭਿਆਨ ਦੌਰਾਨ ਗੈਰਕਾਨੂੰਨੀ ਤੌਰ ‘ਤੇ ਖੜ੍ਹੇ, ਲਾਵਾਰਿਸ, ਮੁਰੰਮਤ ਅਧੀਨ ਅਤੇ ਜਨਤਕ ਥਾਵਾਂ ‘ਤੇ ਛੱਡੇ ਗਏ ਕੁੱਲ 39 ਵਾਹਨਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਸ਼ਾਂਤਮਈ ਢੰਗ ਨਾਲ ਜ਼ਬਤ ਕੀਤਾ ਗਿਆ। ਇਹ ਕਾਰਵਾਈ ਮੋਟਰ ਮਾਰਕੀਟ ਵਿੱਚ ਲੰਮੇ ਸਮੇਂ ਤੋਂ ਆ ਰਹੀਆਂ ਟ੍ਰੈਫਿਕ ਜਾਮ, ਨਾਜਾਇਜ ਕਬਜ਼ੇ ਅਤੇ ਵਾਹਨਾਂ ਦੀ ਆਵਾਜਾਈ ਵਿੱਚ ਰੁਕਾਵਟ ਸੰਬੰਧੀ ਸ਼ਿਕਾਇਤਾਂ ਦੇ ਮੱਦੇਨਜ਼ਰ ਕੀਤੀ ਗਈ। ਨਗਰ ਨਿਗਮ ਦੇ ਅਨੁਸਾਰ, ਇਹ ਅਭਿਆਨ ਸਬੰਧਤ ਵਿਭਾਗਾਂ ਦੇ ਸਹਿਯੋਗ ਨਾਲ ਚਲਾਇਆ ਗਿਆ ਅਤੇ ਪੂਰੀ ਕਾਰਵਾਈ ਵਿਵਸਥਿਤ ਤਰੀਕੇ ਨਾਲ ਬਿਨਾਂ ਕਿਸੇ ਮਾੜੀ ਘਟਨਾ ਦੇ ਹੋਈ, ਜੋ ਬਿਹਤਰ ਯੋਜਨਾ ਅਤੇ ਮਾਰਕੀਟ ਦੇ ਹਿੱਸੇਦਾਰਾਂ ਦੇ ਸਹਿਯੋਗ ਨੂੰ ਦਰਸਾਉਂਦੀ ਹੈ। ਜ਼ਬਤ ਕੀਤੇ ਗਏ ਸਾਰੇ ਵਾਹਨਾਂ ਨੂੰ ਨਿਰਧਾਰਤ ਪ੍ਰਕਿਰਿਆ ਅਨੁਸਾਰ ਹਟਾਇਆ ਗਿਆ। ਨਗਰ ਨਿਗਮ ਨੇ ਦੁਹਰਾਇਆ ਕਿ ਇਸ ਤਰ੍ਹਾਂ ਦੀਆਂ ਇਨਫੋਰਸਮੈਂਟ ਕਾਰਵਾਈਆਂ ਜਨਤਕ ਵਿਵਸਥਾ ਬਣਾਈ ਰੱਖਣ, ਸ਼ਹਿਰੀ ਆਵਾਜਾਈ ਸੁਧਾਰਨ ਅਤੇ ਨਾਗਰਿਕਾਂ ਦੀ ਜੀਵਨ ਗੁਣਵੱਤਾ ਵਧਾਉਣ ਵੱਲ ਨਿਗਮ ਦੀ ਲਗਾਤਾਰ ਪਹਿਲ ਦਾ ਹਿੱਸਾ ਹਨ। ਨਗਰ ਨਿਗਮ ਵੱਲੋਂ ਵਾਹਨ ਮਾਲਕਾਂ ਅਤੇ ਮਾਰਕੀਟ ਸੰਚਾਲਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਜਨਤਕ ਜ਼ਮੀਨ ‘ਤੇ ਗੈਰਕਾਨੂੰਨੀ ਪਾਰਕਿੰਗ ਕਰਨ ਜਾਂ ਵਾਹਨ ਖੜ੍ਹੇ/ਛੱਡਣ ਤੋਂ ਪਰਹੇਜ਼ ਕਰਨ, ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੀ ਕਾਰਵਾਈ ਦੀ ਲੋੜ ਨਾ ਪਵੇ।