ਮੇਅਰ ਸੌਰਭ ਜੋਸ਼ੀ ਅੱਜ ਲਗਾਉਣਗੇ ‘ਜਨਤਾ ਦਰਬਾਰ’
ਮੇਅਰ ਸੌਰਭ ਜੋਸ਼ੀ ਅੱਜ ਲਗਾਉਣਗੇ ‘ਜਨਤਾ ਦਰਬਾਰ’
Publish Date: Sun, 01 Feb 2026 07:35 PM (IST)
Updated Date: Sun, 01 Feb 2026 07:37 PM (IST)

ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਨਾਗਰਿਕਾਂ ਦੀਆਂ ਸਮੱਸਿਆਵਾਂ ਦੇ ਤੁਰੰਤ ਹੱਲ ਅਤੇ ਜਨ ਭਾਗੀਦਾਰੀ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ, ਚੰਡੀਗੜ੍ਹ ਦੇ ਮੇਅਰ ਸੌਰਭ ਜੋਸ਼ੀ ਸੋਮਵਾਰ ਨੂੰ ਜਨਤਾ ਦਰਬਾਰ ਦਾ ਆਯੋਜਨ ਕਰਨਗੇ। ਇਹ ਜਨਤਾ ਦਰਬਾਰ ਸੈਕਟਰ-17 ਸਥਿਤ ਨਗਰ ਨਿਗਮ ਭਵਨ ਦੇ ਮੇਅਰ ਦਫ਼ਤਰ (ਪੰਜਵੀਂ ਮੰਜ਼ਿਲ) ਵਿੱਚ ਸਵੇਰੇ 11 ਵਜੇ ਲਗਾਇਆ ਜਾਵੇਗਾ। ਮੇਅਰ ਨੇ ਦੱਸਿਆ ਕਿ ਜਨਤਾ ਦਰਬਾਰ ਰਾਹੀਂ ‘ਸਿਟੀ ਬਿਊਟੀਫੁਲ’ ਦੇ ਨਿਵਾਸੀ ਨਗਰ ਨਿਗਮ ਨਾਲ ਜੁੜੀਆਂ ਸਾਰੀਆਂ ਸੇਵਾਵਾਂ, ਸਮੱਸਿਆਵਾਂ ਅਤੇ ਸੁਝਾਵ ਸਿੱਧੇ ਉਨ੍ਹਾਂ ਦੇ ਸਾਹਮਣੇ ਰੱਖ ਸਕਣਗੇ। ਨਾਗਰਿਕ ਆਪਣੀਆਂ ਸ਼ਿਕਾਇਤਾਂ ਨਿੱਜੀ ਤੌਰ ’ਤੇ ਦਰਜ ਕਰਵਾ ਸਕਣਗੇ, ਜਿਨ੍ਹਾਂ ਨੂੰ ਮੌਕੇ ’ਤੇ ਮੌਜੂਦ ਸੰਬੰਧਤ ਅਧਿਕਾਰੀ ਨੋਟ ਕਰਨਗੇ, ਤਾਂ ਜੋ ਉਨ੍ਹਾਂ ਦਾ ਜਲਦੀ ਅਤੇ ਪ੍ਰਭਾਵਸ਼ਾਲੀ ਨਿਪਟਾਰਾ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਜਾਣਕਾਰੀ ਦਿੱਤੀ ਕਿ ਜਨਤਾ ਦਰਬਾਰ ਦੌਰਾਨ ਨਗਰ ਨਿਗਮ ਕਮਿਸ਼ਨਰ ਸਮੇਤ ਨਿਗਮ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਰਹਿਣਗੇ। ਇਸ ਨਾਲ ਸਮੱਸਿਆਵਾਂ ਦੀ ਤੁਰੰਤ ਸਮੀਖਿਆ ਅਤੇ ਫ਼ੈਸਲਾ ਪ੍ਰਕਿਰਿਆ ਨੂੰ ਤੇਜ਼ੀ ਮਿਲੇਗੀ। ਮੇਅਰ ਮੁਤਾਬਕ, ਇਹ ਪਹਿਲ ਨਾਗਰਿਕਾਂ ਅਤੇ ਪ੍ਰਸ਼ਾਸਨ ਦਰਮਿਆਨ ਦੀ ਦੂਰੀ ਘਟਾਉਣ ਦੇ ਨਾਲ-ਨਾਲ ਸੇਵਾ ਪ੍ਰਦਾਨਗੀ ਵਿੱਚ ਸੁਧਾਰ ਲਿਆਉਣ ਵਿੱਚ ਮਦਦਗਾਰ ਸਾਬਤ ਹੋਵੇਗੀ। ਮੇਅਰ ਸੌਰਭ ਜੋਸ਼ੀ ਨੇ ਕਿਹਾ ਕਿ ਪਾਰਦਰਸ਼ਤਾ ਅਤੇ ਜਵਾਬਦੇਹੀ ਨੂੰ ਯਕੀਨੀ ਬਣਾਉਣ ਲਈ ਅਜਿਹੇ ਜਨਤਾ ਦਰਬਾਰ ਨਿਯਮਿਤ ਤੌਰ ’ਤੇ ਆਯੋਜਿਤ ਕੀਤੇ ਜਾਣਗੇ। ਜਨਤਾ ਵੱਲੋਂ ਉਠਾਈਆਂ ਗਈਆਂ ਸ਼ਿਕਾਇਤਾਂ ਸਬੰਧੀ ਮੌਕੇ ’ਤੇ ਜਾਂਚ ਵੀ ਕੀਤੀ ਜਾਵੇਗੀ, ਤਾਂ ਜੋ ਸਮੱਸਿਆਵਾਂ ਸਿਰਫ਼ ਸੁਣੀਆਂ ਹੀ ਨਾ ਜਾਣ, ਸਗੋਂ ਜ਼ਮੀਨੀ ਪੱਧਰ ’ਤੇ ਉਨ੍ਹਾਂ ਦਾ ਹੱਲ ਵੀ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਜਨਤਾ ਦਰਬਾਰ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਜਾਂ ਹੋਰ ਸੰਬੰਧਤ ਵਿਭਾਗਾਂ ਨਾਲ ਜੁੜੇ ਮਸਲੇ ਸਾਹਮਣੇ ਆਉਂਦੇ ਹਨ, ਤਾਂ ਉਨ੍ਹਾਂ ਨੂੰ ਵੀ ਦਰਜ ਕਰਕੇ ਸੰਬੰਧਤ ਅਧਿਕਾਰੀਆਂ ਨਾਲ ਤਾਲਮੇਲ ਰਾਹੀਂ ਜਲਦੀ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਮੇਅਰ ਨੇ ਸ਼ਹਿਰਵਾਸੀਆਂ ਨੂੰ ਇਸ ਪਹਿਲ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਸਰਗਰਮ ਭਾਗੀਦਾਰੀ ਕਰਨ ਦੀ ਅਪੀਲ ਕਰਦਿਆਂ ਦੁਹਰਾਇਆ ਕਿ ਨਗਰ ਨਿਗਮ ਦੀ ਸਭ ਤੋਂ ਉੱਚੀ ਤਰਜੀਹ ਜਨਤਾ-ਕੇਂਦਰਿਤ ਸ਼ਾਸਨ ਹੈ।