ਨਾਬਾਲਿਗ ਭੈਣਾਂ ਨਾਲ ਜਬਰ-ਜਨਾਹ ਕਰਨ ਵਾਲੇ ਦੋ ਸਕੇ ਭਰਾਵਾਂ ਨੂੰ 20-20 ਸਾਲ ਦੀ ਕੈਦ
ਨਾਬਾਲਿਗ ਭੈਣਾਂ ਨਾਲ ਜਬਰ -ਜ਼ਨਾਹ ਕਰਨ ਵਾਲੇ ਦੋ ਸਗੇ ਭਰਾਵਾਂ ਨੂੰ 20-20 ਸਾਲ ਦੀ ਕੈਦ
Publish Date: Sat, 31 Jan 2026 07:17 PM (IST)
Updated Date: Sat, 31 Jan 2026 07:19 PM (IST)
ਫਾਸਟ ਟ੍ਰੈਕ ਸਪੈਸ਼ਲ ਅਦਾਲਤ ਵੱਲੋਂ 50-50 ਹਜ਼ਾਰ ਰੁਪਏ ਜੁਰਮਾਨਾ ਵੀ ਲਾਇਆ
ਸਾਲ 2021 ’ਚ ਪਿੰਜੌਰ ਥਾਣੇ ਵਿਚ ਦਰਜ ਹੋਇਆ ਸੀ ਮਾਮਲਾ, ਵਿਆਹ ਦਾ ਝਾਂਸਾ ਦੇ ਕੇ ਕੀਤਾ ਸੀ ਅਗਵਾ
ਤਰੁਣ ਭਜਨੀ, ਪੰਜਾਬੀ ਜਾਗਰਣ, ਪੰਚਕੂਲਾ : ਵਧੀਕ ਸੈਸ਼ਨ ਜੱਜ ਮਨੀਸ਼ ਦੁਆ ਦੀ ਫਾਸਟ ਟ੍ਰੈਕ ਸਪੈਸ਼ਲ ਅਦਾਲਤ ਨੇ ਵਿਆਹ ਦਾ ਝਾਂਸਾ ਦੇ ਕੇ ਦੋ ਸਕੀਆਂ ਨਾਬਾਲਿਗ ਭੈਣਾਂ ਨਾਲ ਜਬਰ-ਜਨਾਹ ਕਰਨ ਦੇ ਮਾਮਲੇ ਵਿਚ ਦੋ ਸਕੇ ਭਰਾਵਾਂ ਨੂੰ ਦੋਸ਼ੀ ਕਰਾਰ ਦਿੰਦਿਆਂ 20-20 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਮੁਲਜ਼ਮਾਂ ’ਤੇ 50-50 ਹਜ਼ਾਰ ਰੁਪਏ ਜੁਰਮਾਨਾ ਵੀ ਲਾਇਆ ਹੈ, ਜੋ ਅਦਾ ਨਾ ਕਰਨ ਦੀ ਸੂਰਤ ਵਿਚ ਉਨ੍ਹਾਂ ਨੂੰ ਵਾਧੂ ਕੈਦ ਕੱਟਣੀ ਪਵੇਗੀ।
ਇਹ ਮਾਮਲਾ ਸਾਲ 2021 ਦਾ ਹੈ। ਪਿੰਜੌਰ ਥਾਣਾ ਖੇਤਰ ਦੇ ਇਕ ਵਿਅਕਤੀ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ 23 ਜੁਲਾਈ 2021 ਨੂੰ ਪੰਚਕੂਲਾ ਵਿੱਚ ਰਹਿੰਦੇ ਇੱਕ ਪਰਿਵਾਰ ਦੇ ਦੋ ਸਗੇ ਭਰਾਵਾਂ, ਪਿੰਜੌਰ ਨਿਵਾਸੀ ਅਮਿਤ ਅਤੇ ਸੋਨੂ (ਉਸ ਸਮੇਂ ਉਮਰ 20 ਅਤੇ 19 ਸਾਲ) ਨੇ ਉਸ ਦੀਆਂ 16 ਅਤੇ 14 ਸਾਲਾ ਧੀਆਂ ਨੂੰ ਅਗਵਾ ਕਰ ਲਿਆ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ 24 ਜੁਲਾਈ ਨੂੰ ਮਾਮਲਾ ਦਰਜ ਕੀਤਾ।
ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸਬ ਇੰਸਪੈਕਟਰ ਪੂਜਾ ਦੀ ਅਗਵਾਈ ਹੇਠ ਜਾਂਚ ਟੀਮ ਬਣਾਈ ਗਈ। ਤੇਜ਼ ਕਾਰਵਾਈ ਕਰਦਿਆਂ ਪੁਲਿਸ ਨੇ 30 ਜੁਲਾਈ 2021 ਨੂੰ ਦੋਵੇਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਜਾਂਚ ਅਤੇ ਮੈਡੀਕਲ ਜਾਂਚ ਦੌਰਾਨ ਇਹ ਹੈਰਾਨ ਕਰਨ ਵਾਲਾ ਤੱਥ ਸਾਹਮਣੇ ਆਇਆ ਕਿ ਦੋਸ਼ੀ ਵਿਆਹ ਦਾ ਝਾਂਸਾ ਦੇ ਕੇ ਦੋਵੇਂ ਭੈਣਾਂ ਨੂੰ ਬਿਹਾਰ ਲੈ ਗਏ ਸਨ, ਜਿੱਥੇ ਉਨ੍ਹਾਂ ਨਾਲ ਜ਼ਬਰ-ਜ਼ਿਨਾਹ ਕੀਤਾ ਗਿਆ। ਪੱਕੇ ਸਬੂਤਾਂ ਦੇ ਆਧਾਰ ’ਤੇ ਮਾਮਲੇ ਵਿੱਚ ਪੋਕਸੋ ਐਕਟ ਦੀ ਧਾਰਾ 6 ਵੀ ਜੋੜੀ ਗਈ।
-----------
ਡੱਬੀ...
ਔਰਤ ਸੁਰੱਖਿਆ ਸਭ ਤੋਂ ਉੱਤੇ : ਡੀਸੀਪੀ
ਡੀਸੀਪੀ ਪੰਚਕੂਲਾ ਸ੍ਰਿਸ਼ਟੀ ਗੁਪਤਾ ਨੇ ਪੁਲਿਸ ਦੀ ਪ੍ਰਭਾਵਸ਼ਾਲੀ ਪੇਸ਼ਕਾਰੀ ਅਤੇ ਅਦਾਲਤ ਦੇ ਫ਼ੈਸਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਉਹਨਾਂ ਸਮਾਜ ਵਿਰੋਧੀ ਤੱਤਾਂ ਲਈ ਸਖ਼ਤ ਸਬਕ ਹੈ ਜੋ ਮਹਿਲਾਵਾਂ ਅਤੇ ਮਾਸੂਮ ਬੱਚਿਆਂ ਨੂੰ ਨਿਸ਼ਾਨਾ ਬਣਾਉਂਦੇ ਹਨ। ਕਿਉਂਕਿ ਇਹ ਮਾਮਲਾ ਮਹਿਲਾਵਾਂ ਵਿਰੁੱਧ ਗੰਭੀਰ ਅਪਰਾਧ ਨਾਲ ਸੰਬੰਧਤ ਸੀ, ਇਸ ਲਈ ਸਾਡੀ ਪਹਿਲ ਵਿਗਿਆਨਕ ਸਬੂਤ ਅਤੇ ਮਜ਼ਬੂਤ ਗਵਾਹ ਇਕੱਠੇ ਕਰਨ ਦੀ ਰਹੀ। ਜਾਂਚ ਅਧਿਕਾਰੀ ਨੇ ਅਦਾਲਤ ਅੱਗੇ ਸਾਰੇ ਤੱਥ ਮਜ਼ਬੂਤੀ ਨਾਲ ਰੱਖੇ, ਜਿਸ ਦੇ ਨਤੀਜੇ ਵਜੋਂ ਦੋਸ਼ੀਆਂ ਨੂੰ ਉਨ੍ਹਾਂ ਦੇ ਕਰਤੂਤਾਂ ਲਈ ਸਖ਼ਤ ਸਜ਼ਾ ਮਿਲੀ।