ਸਫਾਰੀ ਗੱਡੀ ’ਚ ਫਰਜ਼ੀ ਪੁਲਿਸ ਨੇਮ ਪਲੇਟ ਤੇ ਲਾਲ ਬੱਤੀ ਲਾ ਕੇ ਘੁੰਮਦਾ ਨੌਜਵਾਨ ਕਾਬੂ
ਸਫਾਰੀ ਗੱਡੀ ‘ਚ ਫਰਜ਼ੀ ਪੁਲਿਸ ਨੇਮ ਪਲੇਟ ਤੇ ਲਾਲ ਬੱਤੀ ਲਗਾ ਕੇ ਘੁੰਮਦਾ ਨੌਜਵਾਨ ਕਾਬੂ
Publish Date: Fri, 30 Jan 2026 08:14 PM (IST)
Updated Date: Fri, 30 Jan 2026 08:16 PM (IST)

ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਸਫਾਰੀ ਗੱਡੀ ਵਿਚ ਪੁਲਿਸ ਦੀ ਫਰਜ਼ੀ ਨੇਮ ਪਲੇਟ ਤੇ ਅੰਦਰ ਲਾਲ ਬੱਤੀ ਲਾ ਕੇ ਘੁੰਮ ਰਹੇ ਇਕ ਨੌਜਵਾਨ ਨੂੰ ਪੁਲਿਸ ਨੇ ਵਾਹਨ ਚੈਕਿੰਗ ਦੌਰਾਨ ਕਾਬੂ ਕਰ ਲਿਆ। ਜਾਂਚ ਵਿਚ ਮਾਮਲਾ ਫਰਜ਼ੀ ਪਾਇਆ ਜਾਣ ’ਤੇ ਪੁਲਿਸ ਨੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਤਹਿਤ 1500 ਰੁਪਏ ਦਾ ਚਲਾਨ ਕੱਟਿਆ। ਇਹ ਕਾਰਵਾਈ ਸੈਕਟਰ-3 ਥਾਣਾ ਪੁਲਿਸ ਵੱਲੋਂ ਕੀਤੀ ਗਈ। ਗੱਡੀ ਚਲਾ ਰਹੇ ਨੌਜਵਾਨ ਦੀ ਪਛਾਣ ਹਰਿਆਣਾ ਸਕੱਤਰੇਤ ਵਿੱਚ ਕੰਮ ਕਰਦੇ ਚਿਰਾਗ ਵਜੋਂ ਹੋਈ ਹੈ। ਪੁਲਿਸ ਪੁੱਛਗਿੱਛ ਦੌਰਾਨ ਚਿਰਾਗ ਨੇ ਦੱਸਿਆ ਕਿ ਉਹ ਟੋਲ ਟੈਕਸ ਤੋਂ ਬਚਣ ਅਤੇ ਲੋਕਾਂ ਨੂੰ ਗੁਮਰਾਹ ਕਰਨ ਲਈ ਗੱਡੀ ਦੇ ਅੱਗੇ ਪੁਲਿਸ ਦੀ ਨੇਮ ਪਲੇਟ ਲਗਾਉਂਦਾ ਸੀ ਅਤੇ ਅੰਦਰ ਲਾਲ ਬੱਤੀ ਰੱਖਦਾ ਸੀ, ਤਾਂ ਜੋ ਲੋਕ ਉਸ ਨੂੰ ਪੁਲਿਸ ਦੀ ਗੱਡੀ ਸਮਝਣ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਉਹ ਕਈ ਵਾਰ ਚਲਾਨ ਤੋਂ ਬਚਣ ਲਈ ਵੀ ਇਹੀ ਤਰੀਕਾ ਵਰਤ ਚੁੱਕਾ ਹੈ। ਜਾਣਕਾਰੀ ਮੁਤਾਬਕ ਸ਼ੁੱਕਰਵਾਰ ਨੂੰ ਸੈਕਟਰ 9-10 ਰੋਡ ‘ਤੇ ਪੁਲਿਸ ਵੱਲੋਂ ਕੀਤੀ ਜਾ ਰਹੀ ਰੇਗੂਲਰ ਵਾਹਨ ਚੈਕਿੰਗ ਦੌਰਾਨ ਉਸ ਦੀ ਗੱਡੀ ਰੋਕੀ ਗਈ। ਜਦੋਂ ਦਸਤਾਵੇਜ਼ ਅਤੇ ਪਛਾਣ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਚਿਰਾਗ ਦਾ ਪੁਲਿਸ ਵਿਭਾਗ ਨਾਲ ਕੋਈ ਸੰਬੰਧ ਨਹੀਂ ਹੈ। ਜਾਂਚ ਦੌਰਾਨ ਇਹ ਵੀ ਸਪੱਸ਼ਟ ਹੋਇਆ ਕਿ ਗੱਡੀ ਉਸ ਦੀ ਨਿੱਜੀ ਸੀ ਅਤੇ ਉਸ ਵਿੱਚ ਕੋਈ ਵੀ ਪੁਲਿਸ ਅਧਿਕਾਰੀ ਮੌਜੂਦ ਨਹੀਂ ਸੀ। ਚਿਰਾਗ ਨੇ ਚੈਕਿੰਗ ਕਰ ਰਹੇ ਪੁਲਿਸ ਮੁਲਾਜ਼ਮਾਂ ’ਤੇ ਇਕ ਵੱਡੇ ਅਧਿਕਾਰੀ ਦਾ ਨਾਮ ਲੈ ਕੇ ਦਬਾਅ ਬਣਾਉਣ ਦੀ ਕੋਸ਼ਿਸ਼ ਵੀ ਕੀਤੀ। ਇਸ ਤੋਂ ਬਾਅਦ ਪੁਲਿਸ ਨੇ ਤੁਰੰਤ ਮਾਮਲੇ ਦੀ ਸੂਚਨਾ ਸੈਕਟਰ-3 ਥਾਣੇ ਦੇ ਇੰਚਾਰਜ ਨਰਿੰਦਰ ਪਟਿਆਲ ਨੂੰ ਦਿੱਤੀ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਸਰਕਾਰੀ ਪਛਾਣ ਅਤੇ ਸਹੂਲਤਾਂ ਦੀ ਦੁਰਵਰਤੋਂ ਗੰਭੀਰ ਅਪਰਾਧ ਹੈ ਅਤੇ ਅਜਿਹੀਆਂ ਹਰਕਤਾਂ ’ਤੇ ਸਖ਼ਤੀ ਨਾਲ ਕਾਰਵਾਈ ਕੀਤੀ ਜਾਵੇਗੀ।