ਮੇਅਰ ਨੇ ਸ਼ਹਿਰ ਦੀਆਂ ਗਊਸ਼ਾਲਾਵਾਂ ਦਾ ਕੀਤਾ ਪਹਿਲਾ ਦੌਰਾ, ਬੁਨਿਆਦੀ ਢਾਂਚੇ ਦਾ ਲਿਆ ਜਾਇਜ਼ਾ
ਮੇਅਰ ਨੇ ਸ਼ਹਿਰ ਦੀਆਂ ਗੌਸ਼ਾਲਾਵਾਂ ਦਾ ਕੀਤਾ ਪਹਿਲਾ ਦੌਰਾ, ਬੁਨਿਆਦੀ ਢਾਂਚੇ ਦਾ ਲਿਆ ਜਾਇਜ਼ਾ
Publish Date: Fri, 30 Jan 2026 07:02 PM (IST)
Updated Date: Fri, 30 Jan 2026 07:04 PM (IST)

ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਨਵ-ਨਿਯੁਕਤ ਮੇਅਰ ਸੌਰਭ ਜੋਸ਼ੀ ਨੇ ਅੱਜ ਰਾਇਪੁਰ ਕਲਾਂ ਗਊਸ਼ਾਲਾ, ਇੰਡਸਟ੍ਰੀਅਲ ਏਰੀਆ ਫੇਜ਼-1 ਦੀ ਗਊਸ਼ਾਲਾ ਅਤੇ ਇੰਡਸਟ੍ਰੀਅਲ ਏਰੀਆ ਫੇਜ਼-1 ਦੇ ਪਸ਼ੂ ਤਾਲਾਬ ਦਾ ਨਿਰੀਖਣ ਕੀਤਾ। ਉਨ੍ਹਾਂ ਨੇ ਨਗਰ ਨਿਗਮ ਵੱਲੋਂ ਚਲਾਈਆਂ ਜਾ ਰਹੀਆਂ ਗਊਸ਼ਾਲਾਵਾਂ ਵਿੱਚ ਬੁਨਿਆਦੀ ਢਾਂਚਾਗਤ ਸਹੂਲਤਾਂ ਦਾ ਜਾਇਜ਼ਾ ਲਿਆ। ਮੇਅਰ ਦੇ ਨਾਲ ਨਗਰ ਕਮਿਸ਼ਨਰ ਅਮਿਤ ਕੁਮਾਰ, ਕੌਂਸਲਰ ਹਰਜੀਤ ਸਿੰਘ, ਬਿਮਲਾ ਦੁਬੇ, ਗੁਰਬਕਸ਼ ਰਾਵਤ ਅਤੇ ਸੰਬੰਧਤ ਨਿਗਮ ਅਧਿਕਾਰੀ ਮੌਜੂਦ ਸਨ। ਨਿਰੀਖਣ ਦੌਰਾਨ ਮੇਅਰ ਨੇ ਨਿਰਦੇਸ਼ ਦਿੱਤੇ ਕਿ ਨਗਰ ਨਿਗਮ ਵੱਲੋਂ ਤਿਆਰ ਕੀਤਾ ਗਿਆ ਦੁੱਧ ਕੱਲ੍ਹ ਤੋਂ ਹੀ ਸ਼ਹਿਰ ਦੇ ਅਨਾਥ ਆਸ਼ਰਮਾਂ ਵਿੱਚ ਵੰਡਿਆ ਜਾਵੇ। ਉਨ੍ਹਾਂ ਨੇ ਇੰਜੀਨੀਅਰਿੰਗ ਵਿਭਾਗ ਨੂੰ ਮੌਜੂਦਾ ਪਸ਼ੂ ਦਾਹਗ੍ਰਹਿ ਨੂੰ ਬਾਇਓਗੈਸ-ਆਧਾਰਿਤ ਪਲਾਂਟ ਵਿਚ ਬਦਲਣ ਲਈ ਯੋਜਨਾ ਤਿਆਰ ਕਰਨ ਲਈ ਕਿਹਾ। ਇਹ ਯੋਜਨਾ ਨਾ ਸਿਰਫ਼ ਖਰਚੇ ਵਿਚ ਕਿਫਾਇਤੀ ਹੋਵੇਗੀ, ਸਗੋਂ ਵਾਤਾਵਰਣ -ਮਿੱਤਰ ਵੀ ਹੋਵੇਗੀ। ਮੇਅਰ ਨੇ ਗਊਸ਼ਾਲਾਵਾਂ ਦੀ ਸਥਿਤੀ, ਪਾਣੀ ਸਪਲਾਈ ਪ੍ਰਣਾਲੀ, ਚਾਰੇ ਦੀ ਉਪਲੱਬਧਤਾ, ਸਫ਼ਾਈ ਮਾਪਦੰਡ ਅਤੇ ਸਮੁੱਚੇ ਬੁਨਿਆਦੀ ਢਾਂਚੇ ਦਾ ਵੀ ਨਿਰੀਖਣ ਕੀਤਾ। ਉਨ੍ਹਾਂ ਨੇ ਬੁਨਿਆਦੀ ਢਾਂਚੇ ਵਿੱਚ ਸੁਧਾਰ, ਰੋਜ਼ਾਨਾ ਪਸ਼ੂ ਪ੍ਰਬੰਧਨ ਦੀਆਂ ਪ੍ਰਥਾਵਾਂ ਨੂੰ ਮਜ਼ਬੂਤ ਕਰਨ ਅਤੇ ਪਸ਼ੂਆਂ ਲਈ ਬਿਹਤਰ ਆਵਾਸ ਅਤੇ ਸਿਹਤ ਸਹੂਲਤਾਂ ’ਤੇ ਵਿਸਥਾਰ ਨਾਲ ਚਰਚਾ ਕੀਤੀ। ਪਸ਼ੂ ਭਲਾਈ ’ਤੇ ਜ਼ੋਰ ਦਿੰਦਿਆਂ ਮੇਅਰ ਨੇ ਕਿਹਾ ਕਿ ਮੇਰੀ ਪਹਿਲ ਹੈ ਕਿ ਸਹੂਲਤਾਂ, ਸਫ਼ਾਈ ਅਤੇ ਪ੍ਰਬੰਧ ਮਾਪਦੰਡਾਂ ਨੂੰ ਸਮੇਂ-ਬੱਧ ਢੰਗ ਨਾਲ ਸੁਧਾਰਿਆ ਜਾਵੇ । ਨਿਗਮ ਕਮਿਸ਼ਨਰ ਨੇ ਕਿਹਾ ਕਿ ਨਗਰ ਨਿਗਮ ਗਊਸ਼ਾਲਾ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਬਿਹਤਰ ਪ੍ਰਬੰਧ ਪਹਿਲਕਦਮੀਆਂ ਨੂੰ ਅਪਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਨਿਰੀਖਣ ਦੇ ਆਧਾਰ ’ਤੇ ਲੋੜੀਂਦੇ ਤਕਨੀਕੀ ਅਤੇ ਪ੍ਰਸ਼ਾਸਕੀ ਕਦਮ ਚੁੱਕੇ ਜਾਣਗੇ, ਤਾਂ ਜੋ ਸੁਵਿਧਾਵਾਂ ਵਿੱਚ ਸੁਧਾਰ, ਰਖ-ਰਖਾਅ ਨੂੰ ਯਕੀਨੀ ਬਣਾਇਆ ਜਾ ਸਕੇ। ਮੇਅਰ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਗਊਸ਼ਾਲਾ ਦੀ ਮੁਰੰਮਤ, ਸਫ਼ਾਈ, ਪ੍ਰਭਾਵਸ਼ਾਲੀ ਚਾਰਾ ਪ੍ਰਬੰਧ ਅਤੇ ਨਿਗਰਾਨੀ ਪ੍ਰਣਾਲੀ ਨੂੰ ਮਜ਼ਬੂਤ ਕਰਨ ’ਤੇ ਕੇਂਦਰਿਤ ਕਾਰਵਾਈ ਯੋਜਨਾ ਤਿਆਰ ਕਰਨ। ਉਨ੍ਹਾਂ ਨੇ ਸਾਰੀਆਂ ਗਊਸ਼ਾਲਾਵਾਂ ਵਿਚ ਇਕਸਾਰ ਮਾਪਦੰਡ ਯਕੀਨੀ ਬਣਾਉਣ ’ਤੇ ਜ਼ੋਰ ਦਿੱਤਾ।