ਸ਼ਹਿਰ ਦੇ 30 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਸ਼ਹਿਰ ਵਿੱਚ ਹੜਕੰਪ
ਸ਼ਹਿਰ ਦੇ 30 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਸ਼ਹਿਰ ਵਿੱਚ ਹੜਕੰਪ
Publish Date: Wed, 28 Jan 2026 06:56 PM (IST)
Updated Date: Wed, 28 Jan 2026 06:58 PM (IST)

ਈ-ਮੇਲ ਆਈਡੀ ਰਾਹੀਂ ਭੇਜੀ ਗਈ ਧਮਕੀ, ਪੁਲਿਸ ਜਾਂਚ ਵਿੱਚ ਕੁਝ ਨਹੀਂ ਮਿਲਿਆ ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ: ਬੁੱਧਵਾਰ ਸਵੇਰੇ ਸ਼ਹਿਰ ਦੇ ਵੱਖ-ਵੱਖ ਸੈਕਟਰਾਂ ਵਿਚ ਸਥਿਤ 30 ਸਕੂਲਾਂ ਨੂੰ ਈ-ਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਕਾਰਨ ਪੂਰੇ ਸ਼ਹਿਰ ਵਿਚ ਅਫ਼ਰਾ-ਤਫ਼ਰੀ ਦਾ ਮਾਹੌਲ ਬਣ ਗਿਆ। ਇਹ ਧਮਕੀ ਸਕੂਲਾਂ ਦੀਆਂ ਅਧਿਕਾਰਿਕ ਸਰਕਾਰੀ ਈ-ਮੇਲ ਆਈਡੀਜ਼ ’ਤੇ ਇੱਕ ਈ-ਮੇਲ ਆਈਡੀ ਤੋਂ ਭੇਜੀ ਗਈ ਸੀ। ਜਿਵੇਂ ਹੀ ਸਵੇਰੇ ਸਕੂਲ ਖੁੱਲ੍ਹੇ ਅਤੇ ਸਟਾਫ਼ ਨੇ ਕੰਪਿਊਟਰ ਆਨ ਕਰ ਕੇ ਈ-ਮੇਲ ਚੈਕ ਕੀਤੀ, ਧਮਕੀ ਭਰੇ ਸੰਦੇਸ਼ ਸਾਹਮਣੇ ਆ ਗਏ। ਸਵੇਰੇ ਕਰੀਬ 8 ਵਜੇ ਸਭ ਤੋਂ ਪਹਿਲਾਂ ਸੈਕਟਰ-16 ਸਥਿਤ ਇਕ ਸਰਕਾਰੀ ਸਕੂਲ ਸਮੇਤ ਚਾਰ ਸਕੂਲਾਂ ਨੂੰ ਧਮਕੀ ਭਰਿਆ ਈ-ਮੇਲ ਮਿਲਿਆ। ਇਸ ਤੋਂ ਬਾਅਦ ਕੁਝ ਹੀ ਸਮੇਂ ਵਿਚ ਹੋਰ ਖੇਤਰਾਂ ਦੇ ਸਕੂਲਾਂ ਵਿਚ ਵੀ ਇਸੇ ਤਰ੍ਹਾਂ ਦੀਆਂ ਧਮਕੀਆਂ ਮਿਲਣ ਲੱਗ ਪਈਆਂ। ਸ਼ੁਰੂ ਵਿੱਚ ਚਾਰ ਸਕੂਲਾਂ ਵੱਲੋਂ ਪੁਲਿਸ ਕੰਟਰੋਲ ਰੂਮ ਨੂੰ ਕਾਲ ਕੀਤੀ ਗਈ, ਪਰ ਕੁਝ ਹੀ ਦੇਰ ਵਿਚ ਧਮਕੀ ਪ੍ਰਾਪਤ ਕਰਨ ਵਾਲੇ ਸਕੂਲਾਂ ਦੀ ਗਿਣਤੀ 30 ਤੱਕ ਪਹੁੰਚ ਗਈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਦੀ ਕਰਾਈਮ ਬ੍ਰਾਂਚ, ਓਪਰੇਸ਼ਨ ਸੈੱਲ, ਥਾਣਾ ਪੁਲਿਸ, ਬੰਬ ਸਕਵਾਡ, ਫਾਇਰ ਬ੍ਰਿਗੇਡ ਅਤੇ ਐਂਬੂਲੈਂਸ ਦੀਆਂ ਟੀਮਾਂ ਤੁਰੰਤ ਮੌਕੇ ’ਤੇ ਭੇਜੀਆਂ ਗਈਆਂ। ਸਕੂਲਾਂ ਨੂੰ ਘੇਰ ਕੇ ਸੁਰੱਖਿਆ ਘੇਰਾ ਬਣਾਇਆ ਗਿਆ ਅਤੇ ਵਿਦਿਆਰਥੀਆਂ ਤੇ ਸਟਾਫ਼ ਦੀ ਸੁਰੱਖਿਆ ਨੂੰ ਤਰਜੀਹ ਦਿੰਦਿਆਂ ਕਈ ਸਕੂਲ ਖਾਲੀ ਕਰਵਾ ਲਏ ਗਏ। ਸਕੂਲਾਂ ਵਿਚ ਦਹਿਸ਼ਤ, ਮਾਪਿਆਂ ’ਚ ਚਿੰਤਾ ਧਮਕੀ ਦੀ ਖ਼ਬਰ ਫੈਲਦੇ ਹੀ ਸਕੂਲ ਪ੍ਰਬੰਧਕ,ਵਿਦਿਆਰਥੀਆਂ ਅਤੇ ਮਾਪਿਆਂ ਵਿਚ ਡਰ ਦਾ ਮਾਹੌਲ ਬਣ ਗਿਆ। ਕਈ ਸਕੂਲਾਂ ਨੇ ਸਾਵਧਾਨੀ ਵਜੋਂ ਛੁੱਟੀ ਦਾ ਐਲਾਨ ਕਰ ਦਿੱਤਾ, ਜਦਕਿ ਕਈ ਸਕੂਲਾਂ ਵਿਚ ਬੱਚਿਆਂ ਦੇ ਮਾਪੇ ਖੁਦ ਹੀ ਉਨ੍ਹਾਂ ਨੂੰ ਲੈਣ ਪਹੁੰਚ ਗਏ। ਅਚਾਨਕ ਵੱਡੀ ਗਿਣਤੀ ਵਿਚ ਲੋਕਾਂ ਦੇ ਸੜਕਾਂ ’ਤੇ ਨਿਕਲਣ ਕਾਰਨ ਸ਼ਹਿਰ ਦੇ ਕਈ ਮੁੱਖ ਮਾਰਗਾਂ ‘ਤੇ ਟ੍ਰੈਫ਼ਿਕ ਜਾਮ ਦੀ ਸਥਿਤੀ ਬਣ ਗਈ। ਦੁਪਹਿਰ ਤੱਕ ਸਾਰੇ ਸਕੂਲਾਂ ਦੀ ਤਲਾਸ਼ੀ ਪੂਰੀ ਐੱਸਐੱਸਪੀ ਕੰਵਰਦੀਪ ਕੌਰ ਨੇ ਦੱਸਿਆ ਕਿ ਪੁਲਿਸ ਕੰਟਰੋਲ ਰੂਮ ’ਤੇ ਸੂਚਨਾ ਮਿਲਦੇ ਹੀ ਨਿਰਧਾਰਤ ਪ੍ਰੋਟੋਕੋਲ ਅਨੁਸਾਰ ਸਰਚ ਓਪਰੇਸ਼ਨ ਸ਼ੁਰੂ ਕਰ ਦਿੱਤਾ ਗਿਆ। ਦੁਪਹਿਰ 12 ਵਜੇ ਤੱਕ 10 ਸਕੂਲਾਂ ਵਿੱਚ ਬੰਬ ਸਕਵਾਡ ਵੱਲੋਂ ਸਰਚ ਓਪਰੇਸ਼ਨ ਪੂਰਾ ਕਰ ਲਿਆ ਗਿਆ ਸੀ। ਇਸ ਤੋਂ ਬਾਅਦ ਬਾਕੀ 20 ਸਕੂਲਾਂ ਦੀ ਵੀ ਡੂੰਘਾਈ ਨਾਲ ਤਲਾਸ਼ੀ ਲਈ ਗਈ। ਜਾਂਚ ਦੌਰਾਨ ਕਿਸੇ ਵੀ ਸਕੂਲ ਤੋਂ ਕੋਈ ਵੀ ਧਮਾਕੇਦਾਰ ਸਮੱਗਰੀ ਜਾਂ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ। ਐੱਸਐੱਸਪੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਸੈਕਟਰ-17 ਥਾਣਾ ਪੁਲਿਸ ਵੱਲੋਂ ਅਣਪਛਾਤੇ ਵਿਅਕਤੀ ਖ਼ਿਲਾਫ਼ ਐਫ਼ਆਈਆਰ ਦਰਜ ਕਰ ਲਈ ਗਈ ਹੈ। ਧਮਕੀ ਭੇਜਣ ਵਾਲੀ ਈ-ਮੇਲ ਆਈਡੀ ਅਤੇ ਉਸਦੇ ਸਰੋਤ ਦੀ ਜਾਂਚ ਸਾਇਬਰ ਸੈੱਲ ਵੱਲੋਂ ਕੀਤੀ ਜਾ ਰਹੀ ਹੈ। ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਈ-ਮੇਲ ਕਿਸ ਥਾਂ ਤੋਂ ਅਤੇ ਕਿਸ ਸਰਵਰ ਰਾਹੀਂ ਭੇਜੀ ਗਈ। ਐੱਸਐੱਸਪੀ ਕੰਵਰਦੀਪ ਕੌਰ ਨੇ ਲੋਕਾਂ ਅਤੇ ਮਾਪਿਆਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ‘ਤੇ ਧਿਆਨ ਨਾ ਦੇਣ ਅਤੇ ਘਬਰਾਉਣ ਨਾ। ਉਨ੍ਹਾਂ ਕਿਹਾ ਕਿ ਪੁਲਿਸ ਅਤੇ ਪ੍ਰਸ਼ਾਸਨ ਪੂਰੀ ਤਰ੍ਹਾਂ ਸਾਵਧਾਨ ਹਨ ਅਤੇ ਸਥਿਤੀ ਨਿਯੰਤਰਣ ਵਿੱਚ ਹੈ। ਕਿਸੇ ਵੀ ਨਵੇਂ ਅਪਡੇਟ ਦੀ ਜਾਣਕਾਰੀ ਕੇਵਲ ਅਧਿਕਾਰਿਕ ਮਾਧਿਅਮਾਂ ਰਾਹੀਂ ਹੀ ਸਾਂਝੀ ਕੀਤੀ ਜਾਵੇਗੀ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸਕੂਲਾਂ ਲਈ ਐਡਵਾਈਜ਼ਰੀ ਇਸ ਦੌਰਾਨ ਚੰਡੀਗੜ੍ਹ ਪ੍ਰਸ਼ਾਸਨ ਨੇ ਸਾਰੇ ਸਕੂਲਾਂ ਲਈ ਐਡਵਾਈਜ਼ਰੀ ਜਾਰੀ ਕਰਦਿਆਂ ਕਿਹਾ ਹੈ ਕਿ ਬਿਨਾਂ ਕਿਸੇ ਪ੍ਰਮਾਣਿਤ ਜਾਣਕਾਰੀ ਦੇ ਛੁੱਟੀ ਘੋਸ਼ਿਤ ਨਾ ਕੀਤੀ ਜਾਵੇ। ਕਿਸੇ ਵੀ ਤਰ੍ਹਾਂ ਦੀ ਧਮਕੀ ਮਿਲਣ ‘ਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ, ਤਾਂ ਜੋ ਨਿਰਧਾਰਤ ਸੁਰੱਖਿਆ ਪ੍ਰੋਟੋਕੋਲ ਅਨੁਸਾਰ ਕਾਰਵਾਈ ਕੀਤੀ ਜਾ ਸਕੇ। ਪ੍ਰਸ਼ਾਸਨ ਨੇ ਸਕੂਲਾਂ ਨੂੰ ਨਿਯਮਤ ਸਿੱਖਿਆ ਗਤੀਵਿਧੀਆਂ ਜਾਰੀ ਰੱਖਣ ਅਤੇ ਸਾਵਧਾਨ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਪ੍ਰਸ਼ਾਸਨ ਨੇ ਸਪਸ਼ਟ ਕੀਤਾ ਕਿ ਜਿਨ੍ਹਾਂ ਸਕੂਲਾਂ ਨੂੰ ਧਮਕੀ ਨਹੀਂ ਮਿਲੀ ਹੈ, ਉਹ ਪੂਰੀ ਤਰ੍ਹਾਂ ਸੁਰੱਖਿਅਤ ਹਨ ਅਤੇ ਸਧਾਰਣ ਤਰੀਕੇ ਨਾਲ ਚੱਲ ਰਹੇ ਹਨ। ਸਕੂਲਾਂ ਨੂੰ ਆਈ ਈ-ਮੇਲ ਵਿੱਚ ਲਿਖਿਆ ਇਸ ਧਮਕੀ ਭਰੇ ਸੰਦੇਸ਼ ਵਿੱਚ “ਬੰਬ ਬਲਾਸਟ @ 1:11 ਵਜੇ” ਲਿਖ ਕੇ ਭੜਕਾਉ ਅਤੇ ਇਤਰਾਜ਼ਯੋਗ ਗੱਲਾਂ ਕੀਤੀਆਂ ਗਈਆਂ ਹਨ। ਈ-ਮੇਲ ਵਿੱਚ “ਚੰਡੀਗੜ੍ਹ ਖ਼ਾਲਿਸਤਾਨ ਹੈ, ਸਕੂਲਾਂ ਵਿੱਚ ਰਾਸ਼ਟਰਗਾਨ ਬੰਦ ਕਰੋ, ਦੇਹ ਸ਼ਿਵਾ ਵਰ ਮੋਹੇ ਸ਼ੁਰੂ ਕਰੋ” ਲਿਖਿਆ ਗਿਆ ਹੈ। ਨਾਲ ਹੀ ਡੇਰਾ ਬੱਲਾਂ ਆ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਵੀ ਲਿਖੀ ਹੋਈ ਹੈ। ਇੱਕ ਫਰਵਰੀ ਨੂੰ ਪ੍ਰਧਾਨ ਮੰਤਰੀ ਗੁਰੂ ਰਵਿਦਾਸ ਜਯੰਤੀ ਮੌਕੇ ਡੇਰਾ ਬੱਲਾਂ ਵਿੱਚ ਨਤਮਸਤਕ ਹੋਣਗੇ। ਸੀਸੀਪੀਸੀਆਰ ਦੀ ਚੇਅਰਪਰਸਨ ਵਲੋਂ ਸ਼ਾਂਤ ਰਹਿਣ ਦੀ ਅਪੀਲ ਚੰਡੀਗੜ੍ਹ ਵਿੱਚ ਕੁਝ ਸਕੂਲਾਂ ਨੂੰ ਬੰਬ ਦੀ ਧਮਕੀ ਸੰਬੰਧੀ ਮਿਲੀਆਂ ਈਮੇਲਾਂ ਦੇ ਮੱਦੇਨਜ਼ਰ, ਚਾਈਲਡ ਪ੍ਰੋਟੈਕਸ਼ਨ ਕਮਿਸ਼ਨ (ਸੀਸੀਪੀਸੀਆਰ) ਦੀ ਚੇਅਰਪਰਸਨ ਸ਼ਿਪਰਾ ਬੰਸਲ ਨੇ ਸ਼ਹਿਰ ਦੇ ਸਾਰੇ ਵਸਨੀਕਾਂ, ਮਾਪਿਆਂ ਅਤੇ ਬੱਚਿਆਂ ਨੂੰ ਸ਼ਾਂਤ ਰਹਿਣ ਅਤੇ ਘਬਰਾਉਣ ਤੋਂ ਬਚਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਮਾਪੇ ਅਤੇ ਵਿਦਿਆਰਥੀ ਸਿਰਫ਼ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਜਾਰੀ ਕੀਤੀ ਗਈ ਅਧਿਕਾਰਕ ਜਾਣਕਾਰੀ ’ਤੇ ਹੀ ਭਰੋਸਾ ਕਰਨ ਅਤੇ ਕਿਸੇ ਵੀ ਕਿਸਮ ਦੀ ਅਪ੍ਰਮਾਣਿਤ ਜਾਣਕਾਰੀ ਜਾਂ ਅਫ਼ਵਾਹਾਂ ਨੂੰ ਨਾ ਤਾਂ ਫੈਲਾਉਣ ਅਤੇ ਨਾ ਹੀ ਉਨ੍ਹਾਂ ’ਤੇ ਵਿਸ਼ਵਾਸ ਕਰਨ। ਬੰਸਲ ਨੇ ਬੱਚਿਆਂ ਅਤੇ ਸਕੂਲ ਸਟਾਫ਼ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਚੰਡੀਗੜ੍ਹ ਪ੍ਰਸ਼ਾਸਨ ਅਤੇ ਚੰਡੀਗੜ੍ਹ ਪੁਲਿਸ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਇਨ੍ਹਾਂ ਸਕੂਲਾਂ ਨੂੰ ਮਿਲੀ ਧਮਕੀ -ਸਰਕਾਰੀ ਸਕੂਲ, ਸੈਕਟਰ-16, ਚੰਡੀਗੜ੍ਹ -ਚਿਤਕਾਰਾ ਸਕੂਲ, ਸੈਕਟਰ-25, ਚੰਡੀਗੜ੍ਹ -ਸਰਕਾਰੀ ਸਕੂਲ, ਸੈਕਟਰ-47 -ਸਰਕਾਰੀ ਸਕੂਲ, ਸੈਕਟਰ-35 -ਸਰਕਾਰੀ ਸਕੂਲ, ਸੈਕਟਰ-22 -ਸਰਕਾਰੀ ਸਕੂਲ, ਸੈਕਟਰ-19 -ਰਿਆਨ ਸਕੂਲ, ਸੈਕਟਰ-49 -ਸੇਂਟ ਸਟੀਫਨ ਸਕੂਲ, ਸੈਕਟਰ-45, ਚੰਡੀਗੜ੍ਹ -ਕੇਬੀ ਡੀਏਵੀ ਸਕੂਲ, ਸੈਕਟਰ-07, ਚੰਡੀਗੜ੍ਹ -ਐੱਸਡੀ ਪਬਲਿਕ ਸਕੂਲ, ਸੈਕਟਰ-32, ਚੰਡੀਗੜ੍ਹ -ਟੈਂਡਰ ਹਾਰਟ ਹਾਈ ਸਕੂਲ, ਸੈਕਟਰ-33, ਚੰਡੀਗੜ੍ਹ -ਸਰਕਾਰੀ ਸਕੂਲ, ਸੈਕਟਰ-56 -ਅਜੀਤ ਕਰਮ ਸਿੰਘ ਇੰਟਰਨੈਸ਼ਨਲ ਸਕੂਲ, ਸੈਕਟਰ-41 -ਸੇਂਟ ਜ਼ੇਵਿਅਰ ਸਕੂਲ, ਸੈਕਟਰ-44 -ਸਰਕਾਰੀ ਹਾਈ ਸਕੂਲ, ਸੈਕਟਰ-38 -ਮਾਊਂਟ ਕਾਰਮਲ ਸਕੂਲ, ਸੈਕਟਰ-47 -ਭਵਨ ਵਿਦਿਆਲਿਆ, ਸੈਕਟਰ-27 -ਗੁਰੁਕੁਲ ਗਲੋਬਲ ਸਕੂਲ, ਐੱਮਐੱਮ -ਜੀਐੱਮਐੱਸਐੱਸ ਸਕੂਲ, ਸੈਕਟਰ-21/ਏ -ਸੇਂਟ ਜਾਨ ਸਕੂਲ, ਸੈਕਟਰ-26 -ਸੈਕ੍ਰਡ ਹਾਰਟ ਸਕੂਲ, ਸੈਕਟਰ-26 -ਜੀਐੱਮਐੱਸਐੱਸ ਸਕੂਲ, ਸੈਕਟਰ-26 -ਗੁਰੂ ਗੋਵਿੰਦ ਸਕੂਲ, ਸੈਕਟਰ-26 -ਸਰਕਾਰੀ ਸਕੂਲ, ਸੈਕਟਰ-08 -ਸਟਰਾਬੇਰੀ ਫੀਲਡਜ਼ ਹਾਈ ਸਕੂਲ, ਸੈਕਟਰ-26 ਤੋਂ ਇਲਾਵਾ ਪੰਜ ਹੋਰ ਨਿੱਜੀ ਅਤੇ ਸਰਕਾਰੀ ਸਕੂਲ ਸ਼ਾਮਲ ਹਨ।