ਬੁੜੈਲ ਮਾਡਲ ਜੇਲ੍ਹ ’ਚ ਕੈਦੀਆਂ ਵਿਚਾਲੇ ਖੂਨੀ ਝੜਪ, ਇਕ ਗੰਭੀਰ ਜ਼ਖ਼ਮੀ
ਬੁੜੈਲ ਮਾਡਲ ਜੇਲ੍ਹ ਵਿੱਚ ਕੈਦੀਆਂ ਵਿਚਾਲੇ ਖੂਨੀ ਝੜਪ, ਇੱਕ ਗੰਭੀਰ ਜ਼ਖ਼ਮੀ
Publish Date: Sat, 17 Jan 2026 07:36 PM (IST)
Updated Date: Sun, 18 Jan 2026 04:16 AM (IST)

ਤਰੁਣ ਭਜਨੀ, ਪੰਜਾਬੀ ਜਾਗਰਣ ਚੰਡੀਗੜ੍ਹ : ਬੁੜੈਲ ਮਾਡਲ ਜੇਲ੍ਹ ’ਚ ਬੀਤੇ ਮੰਗਲਵਾਰ ਤਿੰਨ ਕੈਦੀਆਂ ਦਰਮਿਆਨ ਭਿਆਨਕ ਝੜਪ ਹੋ ਗਈ। ਜੇਲ੍ਹ ਦੇ ਫੈਕਟਰੀ ਏਰੀਏ ’ਚ ਰਾਡ ਨਾਲ ਹੋਏ ਹਮਲੇ ਦੌਰਾਨ ਇਕ ਕੈਦੀ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਸੈਕਟਰ-32 ਦੇ ਸਰਕਾਰੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਜੇਲ੍ਹ ਵਾਰਡਨ ਤਰੁਣ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਸੈਕਟਰ-49 ਥਾਣਾ ਪੁਲਿਸ ਨੇ ਤਿੰਨਾਂ ਕੈਦੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਵਾਰਡਨ ਤਰੁਣ ਨੇ ਪੁਲਿਸ ਨੂੰ ਦੱਸਿਆ ਕਿ 7 ਜਨਵਰੀ 2026 ਨੂੰ ਉਹ ਫੈਕਟਰੀ ਏਰੀਏ ’ਚ ਡਿਊਟੀ ’ਤੇ ਸੀ। ਸਵੇਰੇ ਕਰੀਬ 11.30 ਵਜੇ ਤਿੰਨ ਕੈਦੀ ਅਚਾਨਕ ਫੈਕਟਰੀ ਏਰੀਏ ਵੱਲ ਦੌੜੇ ਤੇ ਉੱਥੇ ਪਈ ਲੋਹੇ ਦੀ ਐਂਗਲ ਚੁੱਕ ਕੇ ਆਪਸ ’ਚ ਲੜ ਪਏ। ਵਾਰਡਨ ਤਰੁਣ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਕੈਦੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਕੈਦੀਆਂ ਨੇ ਡਿਊਟੀ ’ਤੇ ਤਾਇਨਾਤ ਵਾਰਡਨਾਂ ਨਾਲ ਧੱਕਾ-ਮੁੱਕੀ ਵੀ ਕੀਤੀ। ਕੈਦੀਆਂ ਦੀ ਪਛਾਣ ਕੈਲਾਸ਼ ਚੌਹਾਨ ਵਾਸੀ ਸੈਕਟਰ-89, ਫਰੀਦਾਬਾਦ-ਹਰਿਆਣਾ, ਅੰਮ੍ਰਿਤਪਾਲ ਸਿੰਘ ਉਰਫ਼ ਗੁੱਜਰ ਵਾਸੀ ਮੋਹਾਲੀ ਤੇ ਮਨਜੀਤ ਉਰਫ਼ ਮੋਟਾ ਉਰਫ਼ ਰਾਹੁਲ ਉਰਫ਼ ਪਰਵਾ ਵਾਸੀ ਸੋਨੀਪਤ-ਹਰਿਆਣਾ ਵਜੋਂ ਹੋਈ ਹੈ। ਤਿੰਨੇ ਇੱਕੋ ਬੈਰਕ ’ਚ ਬੰਦ ਸਨ ਤੇ ਇਨ੍ਹਾਂ ਖ਼ਿਲਾਫ਼ ਪਹਿਲਾਂ ਤੋਂ ਹੀ ਕਈ ਅਪਰਾਧਿਕ ਮਾਮਲੇ ਦਰਜ ਹਨ। ਝੜਪ ਦੌਰਾਨ ਕੈਲਾਸ਼ ਚੌਹਾਨ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ, ਜਦਕਿ ਅੰਮ੍ਰਿਤਪਾਲ ਤੇ ਮਨਜੀਤ ਨੂੰ ਮਾਮੂਲੀ ਚੋਟਾਂ ਆਈਆਂ, ਜਿਨ੍ਹਾਂ ਦਾ ਇਲਾਜ ਜੇਲ੍ਹ ਹਸਪਤਾਲ ’ਚ ਕੀਤਾ ਗਿਆ। ਪੁਲਿਸ ਮੁਤਾਬਕ ਤਿੰਨਾਂ ਕੈਦੀਆਂ ਨੇ ਜੇਲ੍ਹ ਦੇ ਸ਼ਾਂਤਮਈ ਮਾਹੌਲ ਨੂੰ ਭੰਗ ਕੀਤਾ ਤੇ ਸਰਕਾਰੀ ਕਰਮਚਾਰੀਆਂ ਨੂੰ ਡਿਊਟੀ ਨਿਭਾਉਣ ਤੋਂ ਰੋਕਿਆ। ਸੈਕਟਰ-49 ਥਾਣਾ ਪੁਲਿਸ ਨੇ ਤਿੰਨਾਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।