ਕੌਂਸਲਰ ਸੁਮਨ ਦੀ ਭਾਬੀ ਕੋਮਲ ਦੇ ਦੋਸ਼ਾਂ ’ਤੇ ਆਈਟੀ ਪਾਰਕ ਥਾਣੇ ਵਿਚ ਕੇਸ ਦਰਜ
ਕੌਂਸਲਰ ਸੁਮਨ ਦੀ ਭਾਬੀ ਕੋਮਲ ਦੇ ਦੋਸ਼ਾਂ ’ਤੇ ਆਈਟੀ ਪਾਰਕ ਥਾਣੇ ਵਿੱਚ ਕੇਸ ਦਰਜ
Publish Date: Fri, 16 Jan 2026 06:01 PM (IST)
Updated Date: Fri, 16 Jan 2026 06:03 PM (IST)

ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਆਮ ਆਦਮੀ ਪਾਰਟੀ ਤੋਂ ਭਾਜਪਾ ਵਿਚ ਸ਼ਾਮਲ ਹੋਈ ਕੌਂਸਲਰ ਸੁਮਨ ਦੀ ਭਾਬੀ ਕੋਮਲ ਸ਼ਰਮਾ ਨਾਲ ਕੁੱਟਮਾਰ, ਬਦਸਲੂਕੀ ਅਤੇ ਧਮਕੀਆਂ ਦੇ ਮਾਮਲੇ ਵਿਚ ਚੰਡੀਗੜ੍ਹ ਦੇ ਆਈਟੀ ਪਾਰਕ ਪੁਲਿਸ ਥਾਣੇ ਵਿਚ ਅਣਪਛਾਤੇ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਕੋਮਲ ਸ਼ਰਮਾ ਨੂੰ ਪੰਜਾਬ ਪੁਲਿਸ ਨੇ ਉਨ੍ਹਾਂ ਦੇ ਮਨੀਮਾਜਰਾ ਸਥਿਤ ਘਰ ਤੋਂ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ’ਤੇ ਦਫ਼ਤਰ ਨਾ ਆ ਕੇ ਹਾਜ਼ਰੀ ਲਗਵਾ ਕੇ ਤਨਖਾਹ ਲੈਣ ਦੇ ਦੋਸ਼ ਲਗਾਉਂਦਿਆਂ ਪੁਲਿਸ ਨੇ ਕੇਸ ਦਰਜ ਕੀਤਾ ਸੀ। ਇਸ ਤੋਂ ਬਾਅਦ ਮਾਮਲਾ ਅਦਾਲਤ ਵਿੱਚ ਵਿਚਾਰਧੀਨ ਹੈ। ਹੁਣ ਕੋਮਲ ਸ਼ਰਮਾ ਨੇ ਦੋਸ਼ ਲਾਏ ਹਨ ਕਿ ਕੁਝ ਅਣਪਛਾਤੇ ਲੋਕ ਉਨ੍ਹਾਂ ਦੇ ਘਰ ਆਏ, ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਗਾਲੀ-ਗਲੌਚ ਕੀਤੀ, ਕੁੱਟਮਾਰ ਕੀਤੀ ਅਤੇ ਬਦਸਲੂਕੀ ਨਾਲ ਪੇਸ਼ ਆਏ। ਉਨ੍ਹਾਂ ਨੂੰ ਧਮਕਾਇਆ ਗਿਆ, ਜਦਕਿ ਉਨ੍ਹਾਂ ਦਾ ਇਸ ਮਾਮਲੇ ਵਿਚ ਕਿਸੇ ਵੀ ਤਰ੍ਹਾਂ ਦਾ ਕੋਈ ਦੋਸ਼ ਨਹੀਂ ਸੀ। ਪਰਿਵਾਰਕ ਮੈਂਬਰਾਂ ’ਤੇ ਵੀ ਦਬਾਅ ਬਣਾਇਆ ਜਾ ਰਿਹਾ ਹੈ। ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਸੁਮਨ ਸ਼ਰਮਾ ਆਮ ਆਦਮੀ ਪਾਰਟੀ ਤੋਂ ਭਾਜਪਾ ਵਿਚ ਸ਼ਾਮਲ ਹੋਈ ਹੈ ਅਤੇ ਕੋਮਲ ਸ਼ਰਮਾ ਉਨ੍ਹਾਂ ਦੀ ਭਾਬੀ ਹੈ। ਕੋਮਲ ਸ਼ਰਮਾ ਪੰਜਾਬ ਵਾਟਰ ਐਂਡ ਸੀਵਰੇਜ ਬੋਰਡ ਵਿਚ ਕੰਟਰੈਕਟ ਅਧਾਰ ’ਤੇ ਕਲਰਕ ਦੇ ਅਹੁਦੇ ’ਤੇ ਕੰਮ ਕਰ ਰਹੀ ਸੀ। ਭਾਜਪਾ ਆਗੂਆਂ ਨੇ ਪੰਜਾਬ ਸਰਕਾਰ ’ਤੇ ਪੁਲਿਸ ਦੇ ਦੁਰਵਰਤੋਂ ਦੇ ਦੋਸ਼ ਲਗਾਉਂਦੇ ਹੋਏ ਇਸ ਕਾਰਵਾਈ ਨੂੰ ਬਦਲੇ ਦੀ ਕਾਰਵਾਈ ਦੱਸਿਆ। ਮੇਅਰ ਚੋਣ ਤੋਂ ਠੀਕ ਪਹਿਲਾਂ ਹੋਈ ਇਸ ਕਾਰਵਾਈ ਕਾਰਨ ਮਾਮਲੇ ਨੇ ਤੂਲ ਫੜ ਲਿਆ। ਕੋਮਲ ਸ਼ਰਮਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਭਾਜਪਾ ਆਗੂਆਂ ਨੇ ਪਹਿਲਾਂ ਮਨੀਮਾਜਰਾ ਥਾਣੇ ਦਾ ਘਿਰਾਓ ਕੀਤਾ। ਇਸ ਤੋਂ ਬਾਅਦ ਜਦੋਂ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਵਾਸ ਵੱਲ ਪ੍ਰਦਰਸ਼ਨ ਕਰਨ ਲਈ ਵਧੇ ਤਾਂ ਪੁਲਿਸ ਨੇ ਉਨ੍ਹਾਂ ਨੂੰ ਰਾਹ ਵਿਚ ਹੀ ਰੋਕ ਲਿਆ। ਇਸ ਦੌਰਾਨ ਪੁਲਿਸ ਅਤੇ ਭਾਜਪਾ ਆਗੂਆਂ ਵਿਚਕਾਰ ਕਾਫ਼ੀ ਧੱਕਾ-ਮੁੱਕੀ ਵੀ ਹੋਈ। ਕੌਂਸਲਰ ਸੁਮਨ ਨੇ ਸਪੱਸ਼ਟ ਕਿਹਾ ਸੀ ਕਿ ਆਮ ਆਦਮੀ ਪਾਰਟੀ ਦੇ ਆਗੂ ਸਨੀ ਸਿੰਘ ਅਹਲੂਵਾਲੀਆ ਦੇ ਹੁਕਮਾਂ ’ਤੇ ਇਹ ਕਾਰਵਾਈ ਬੇਵਜ੍ਹਾ ਕੀਤੀ ਗਈ ਹੈ। ਉਨ੍ਹਾਂ ’ਤੇ ਫ਼ੋਨ ਕਰਕੇ ਆਮ ਆਦਮੀ ਪਾਰਟੀ ਵਿੱਚ ਵਾਪਸ ਆਉਣ ਲਈ ਦਬਾਅ ਬਣਾਇਆ ਜਾ ਰਿਹਾ ਹੈ ਅਤੇ ਕਈ ਤਰ੍ਹਾਂ ਦੇ ਕੇਸ ਦਰਜ ਕਰਨ ਦੇ ਦੋਸ਼ ਵੀ ਲਗਾਏ ਜਾ ਰਹੇ ਹਨ। ਸੁਮਨ ਨੇ ਕਿਹਾ ਸੀ ਕਿ ਉਹ ਕਿਸੇ ਵੀ ਕੀਮਤ ’ਤੇ ਹੁਣ ਆਮ ਆਦਮੀ ਪਾਰਟੀ ਵਿੱਚ ਵਾਪਸ ਨਹੀਂ ਜਾਣਗੀ।