ਕਲਾ ਪਰਿਸ਼ਦ ਨੇ ਸੁਰਜੀਤ ਪਾਤਰ ਨੂੰ ਕੀਤਾ ਯਾਦ
ਕਲਾ ਪਰਿਸ਼ਦ ਵੱਲੋਂ ਸੁਰਜੀਤ ਪਾਤਰ ਨੂੰ ਕੀਤਾ ਗਿਆ ਯਾਦ
Publish Date: Wed, 14 Jan 2026 06:49 PM (IST)
Updated Date: Wed, 14 Jan 2026 06:51 PM (IST)

ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਪੰਜਾਬ ਕਲਾ ਪਰਿਸ਼ਦ ਵੱਲੋਂ ਅੱਜ ਯੁਗ ਕਵੀ ਸੁਰਜੀਤ ਪਾਤਰ ਦੇ ਜਨਮ ਦਿਨ ਤੇ ਸੁਰਜੀਤ ਪਾਤਰ ਨੂੰ ਯਾਦ ਕਰਦਿਆਂ ਇਕ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਵਜੋਂ ਭਾਰਤੀ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ. ਮਾਧਵ ਕੌਸ਼ਿਕ ਸ਼ਾਮਿਲ ਹੋਏ ਤੇ ਵਿਸ਼ੇਸ਼ ਮਹਿਮਾਨ ਸ਼੍ਰੀਮਤੀ ਭੁਪਿੰਦਰ ਪਾਤਰ ਸਨ। ਸਭ ਤੋਂ ਪਹਿਲਾਂ ਸ਼ਮਾ ਰੌਸ਼ਨ ਕੀਤੀ ਗਈ। ਇਸ ਉਪਰੰਤ ਕਲਾ ਪਰਿਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ ਹੋਰਾਂ ਨੇ ਕਿਹਾ ਕਿ ਅੱਜ ਅਸੀਂ ਪਾਤਰ ਸਾਹਿਬ ਨੂੰ ਆਪਣੇ ਨੇੜੇ-ਤੇੜੇ ਮਹਿਸੂਸ ਕਰ ਰਹੇਂ ਹਾਂ। ਉਹ ਸ਼ਬਦਾਂ ਰਾਹੀਂ ਸਾਡੇ ਵਿਚ ਸਦਾ ਹਾਜ਼ਰ ਰਹਿਣਗੇ। ਅਗਲੇ ਭਾਗ ਵਿੱਚ ਉੱਘੇ ਆਲੋਚਕ ਤੇ ਚਿੰਤਕ ਡਾ. ਸੁਖਦੇਵ ਸਿੰਘ ਸਿਰਸਾ ਨੇ ਸੁਰਜੀਤ ਪਾਤਰ ਯਾਦਗਾਰੀ ਭਾਸ਼ਨ ਦਿੰਦਿਆਂ ਕਿਹਾ ਕਿ ਸੁਰਜੀਤ ਪਾਤਰ ਨੇ ਪਿੱਛਲੇ ਪੰਜਾਹ ਸਾਲਾਂ ਪੰਜਾਬੀ ਕਵਿਤਾ ਦੀ ਪ੍ਰਤੀਨਿੱਧਤਾ ਕੀਤੀ। ਉਹਨਾਂ ਦੀਆਂ ਰਚਨਾਵਾਂ ਨੂੰ ਰਾਜਨੀਤਿਕ, ਸਮਾਜਿਕ ਤੇ ਸਭਿਆਚਾਰਕ ਸੰਦਰਭ ਦੇ ਰੂਪ ਵਿਚ ਦੇਖਣ ਦੀ ਲੋੜ ਹੈ। ਸਾਨੂੰ ਉਹਨਾਂ ਦੀ ਕਵਿਤਾ ਦੇ ਨਾਲ ਨਾਲ ਅਨੁਵਾਦ, ਵਾਰਤਕ ਨੂੰ ਪੜਚੋਲਣ ਦੀ ਲੋੜ ਹੈ। ਉਹਨਾਂ ਨੇ ਅਗਾਂਹ ਕਵਿਤਾ ਦੇ ਨੁਕਤੇ-ਨਿਗਾਹ ਤੋਂ ਭਾਰਤ ਦੇ ਮੌਜੂਦਾ ਹਾਲਾਤ ਤੇ ਵਿਸਥਾਰ ਸਹਿਤ ਗੱਲ ਕੀਤੀ। ਪ੍ਰਧਾਨਗੀ ਮੰਡਲ ਵਿੱਚੋ ਸਭ ਤੋਂ ਪਹਿਲਾਂ ਬੋਲਦੇ ਹੋਏ ਉੱਘੇ ਚਿੰਤਕ ਅਮਰਜੀਤ ਸਿੰਘ ਗਰੇਵਾਲ ਹੋਰਾਂ ਨੇ ਸੁਰਜੀਤ ਪਾਤਰ ਦੇ ਫਿਕਰਾਂ ਬਾਰੇ ਅਤੇ ਮੁੱਖ ਭਾਸ਼ਨ ਦੇ ਸੰਦਰਭ ਵਿਚ ਗੱਲ ਕੀਤੀ।ਇਸ ਤੋਂ ਬਾਅਦ ਭੁਪਿੰਦਰ ਪਾਤਰ ਹੋਰਾਂ ਨੇ ਸੁਰਜੀਤ ਪਾਤਰ ਦੀ ਸ਼ਾਇਰੀ ਨੂੰ ਤਰੁਨਮ ਵਿਚ ਗਾਇਆ ਅਤੇ ਕਵਿਤਾ ਦਾ ਪਾਠ ਵੀ ਕੀਤਾ। ਪ੍ਰਧਾਨਗੀ ਭਾਸ਼ਨ ਵਜੋਂ ਡਾ. ਮਾਧਵ ਕੌਸ਼ਿਕ ਜੀ ਨੇ ਕਿਹਾ ਕਿ ਅੱਜ ਦਾ ਸਮਾਗਮ ਰਿਸ਼ੀ ਰਿਣ ਉਤਾਰਨ ਵਾਲ਼ਾ ਦਿਨ ਹੈ। ਉਹਨਾਂ ਅਗਾਂਹ ਕਿ ਕਿਹਾ ਪਾਤਰ ਸਾਹਿਬ ਦਾ ਸਾਰੇ ਹਿੰਦੋਸਤਾਨ ਵਿਚ ਸਤਿਕਾਰ ਹੈ। ਸਮਾਗਮ ਦਾ ਦੂਸਰਾ ਭਾਗ ਕਵੀ ਦਰਬਾਰ ਦੇ ਰੂਪ ਵਿਚ ਹੋਇਆ। ਇਸ ਦੀ ਡਾ. ਯੋਜਨਾ ਰਾਵਤ ਤੇ ਮੁੱਖ ਮਹਿਮਾਨ ਦੇ ਤੌਰ ਤੇ ਸੁਭਾਸ਼ ਭਾਸਕਰ ਸ਼ਾਮਿਲ ਹੋਏ। ਇਸ ਕਵੀ ਦਰਬਾਰ ਵਿਚ ਦਵਿੰਦਰ ਦਿਲਰੂਪ,ਗੁਰਜੰਟ ਰਾਜੇਆਣਾ, ਧਰਮਿੰਦਰ ਸੇਖੋਂ, ਕਰਨ ਸਹਰ, ਮੱਖਣ ਮਾਣ, ਵਿਸ਼ਾਲ ਜੋਗਿੰਦਰ ਨੂਰਮੀਤ, ਰਣਧੀਰ, ਸਿਮਰਤ ਗਗਨ, ਦੀਪਇੰਦਰ, ਬਲਜਿੰਦਰ ਸਿੰਘ, ਐੱਸ ਨਸੀਮ ਆਦਿ ਨੇ ਸ਼ਮੂਲੀਅਤ ਕੀਤੀ। ਪ੍ਰਧਾਨਗੀ ਮੰਡਲ ਵਿਚ ਬੋਲਦਿਆਂ ਚੰਡੀਗੜ੍ਹ ਸਾਹਿਤ ਅਕਾਦਮੀ ਦੇ ਸਕੱਤਰ ਸੁਭਾਸ਼ ਭਾਸਕਰ ਨੇ ਕਵੀ ਦਰਬਾਰ ਨੂੰ ਸਫਲ ਕਿਹਾ। ਆਖ਼ਰ ਵਿਚ ਗਾਇਕ ਸੁਨੀਲ ਡੋਗਰਾ ਨੇ ਸੁਰਜੀਤ ਪਾਤਰ ਸਾਹਿਬ ਦੀਆਂ ਗ਼ਜ਼ਲਾਂ ਦਾ ਗਾਇਨ ਕੀਤਾ।ਧੰਨਵਾਦ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਅਸ਼ਵਨੀ ਚੈਟਲੇ ਨੇ ਕੀਤਾ. ਇਸ ਸਮਾਗਮ ਵਿਚ ਨਰਿੰਰਪਾਲ ਕੌਰ, ਸ਼ਾਇਰ ਭੱਟੀ, ਪਾਲ ਅਜਨਬੀ, ਮਨਪ੍ਰੀਤ ਜਸ, ਭਰਪੂਰ ਢਿੱਲੋਂ, ਸੁਰਿੰਦਰ ਗਿੱਲ, ਚੇਤਨਾ ਗਿੱਲ, ਪ੍ਰੀਤਮ ਰੁਪਾਲ ਵਰਿੰਦਰ ਸਿੰਘ, ਜਗਦੀਸ਼ ਕੌਰ ਆਦਿ ਨੇ ਸ਼ਮੂਲੀਅਤ ਕੀਤੀ।