ਸਿਰ ’ਚ ਪੱਥਰ ਮਾਰ ਕੇ ਵਿਅਕਤੀ ਦਾ ਕਤਲ, ਨੇੜੇ ਹੀ ਖ਼ੂਨ ਨਾਲ ਲੱਥਪਥ ਪੱਥਰ ਮਿਲਿਆ
ਸਿਰ ਵਿੱਚ ਪੱਥਰ ਮਾਰ ਕੇ ਵਿਅਕਤੀ ਦੀ ਹੱਤਿਆ
Publish Date: Wed, 14 Jan 2026 06:31 PM (IST)
Updated Date: Wed, 14 Jan 2026 06:33 PM (IST)

ਤਰੁਣ ਭਜਨੀ, ਪੰਜਾਬੀ ਜਾਗਰਣ ਪੰਚਕੂਲਾ : ਸੈਕਟਰ-20 ਸਥਿਤ ਸ਼ਮਸ਼ਾਨ ਘਾਟ ਨੇੜੇ ਕੁੰਡੀ ਮੋੜ ਕੋਲ ਇਕ ਅਧੇੜ ਵਿਅਕਤੀ ਦੇ ਸਿਰ ਵਿਚ ਪੱਥਰ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੰਚਕੂਲਾ ਸੈਕਟਰ-20 ਥਾਣਾ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲਿਆ। ਲਾਸ਼ ਨੂੰ ਸ਼ਨਾਖ਼ਤ ਲਈ ਹਸਪਤਾਲ ਦੀ ਮੋਰਚਰੀ ਵਿਚ ਰੱਖਵਾਇਆ ਗਿਆ ਹੈ। ਬੁੱਧਵਾਰ ਸਵੇਰੇ ਸੈਕਟਰ-20 ਖੇਤਰ ਦੇ ਸ਼ਮਸ਼ਾਨ ਘਾਟ ਕੁੰਡੀ ਮੋੜ ਕੋਲ ਇਕ ਲਾਸ਼ ਮਿਲੀ। ਮ੍ਰਿਤਕ ਭਿਖਾਰੀ ਵਰਗਾ ਲੱਗ ਰਿਹਾ ਹੈ ਅਤੇ ਉਸ ਦੇ ਚਿਹਰੇ ’ਤੇ ਕਈ ਥਾਵਾਂ ਸੱਟਾਂ ਦੇ ਨਿਸ਼ਾਨ ਪਾਏ ਗਏ ਹਨ। ਲਾਸ਼ ਦੇ ਆਲੇ-ਦੁਆਲੇ ਖੂਨ ਵੀ ਫੈਲਿਆ ਹੋਇਆ ਮਿਲਿਆ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਮਾਨਸਿਕ ਤੌਰ ’ਤੇ ਬੀਮਾਰ ਸੀ ਅਤੇ ਪਿਛਲੇ ਕੁਝ ਸਮੇਂ ਤੋਂ ਉਸੇ ਖੇਤਰ ਵਿਚ ਘੁੰਮਦਾ ਹੋਇਆ ਦਿੱਸਦਾ ਸੀ। ਹਾਲਾਂਕਿ ਉਸ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ। ਸੂਚਨਾ ਮਿਲਦੇ ਹੀ ਸੈਕਟਰ-20 ਥਾਣਾ ਇੰਚਾਰਜ ਪੁਲਿਸ ਫੋਰਸ ਨਾਲ ਮੌਕੇ ’ਤੇ ਪਹੁੰਚੇ ਅਤੇ ਖੇਤਰ ਨੂੰ ਘੇਰ ਕੇ ਜਾਂਚ ਸ਼ੁਰੂ ਕੀਤੀ ਗਈ। ਫੋਰੈਂਸਿਕ ਇਨਵੈਸਟੀਗੇਸ਼ਨ ਟੀਮ ਵੀ ਘਟਨਾ ਵਾਲੀ ਥਾਂ ’ਤੇ ਪਹੁੰਚੀ ਅਤੇ ਲੋੜੀਂਦੇ ਸਬੂਤ ਇਕੱਠੇ ਕੀਤੇ। ਟੀਮ ਨੂੰ ਲਾਸ਼ ਦੇ ਨੇੜੇ ਹੀ ਖੂਨ ਨਾਲ ਲਿਥੜਿਆ ਇਕ ਪੱਥਰ ਵੀ ਮਿਲਿਆ। ਪੁਲਿਸ ਹੱਤਿਆ ਸਮੇਤ ਹੋਰ ਸਾਰੇ ਸੰਭਾਵਿਤ ਪਹਿਲੂਆਂ ਨੂੰ ਧਿਆਨ ਵਿੱਚ ਰੱਖਦਿਆਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।