- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਾਹਨ ਚੋਰ ਗਿਰੋਹ ਦੇ ਤਿੰਨ ਮੈਂਬਰ ਗ੍ਰਿਫ਼ਤਾਰ

ਤਰੁਣ ਭਜਨੀ, ਪੰਜਾਬੀ ਜਾਗਰਣ,
ਚੰਡੀਗੜ੍ਹ: ਸੈਕਟਰ-36 ਥਾਣਾ ਪੁਲਿਸ ਨੇ ਵਾਹਨ ਚੋਰੀ ਦੇ ਇੱਕ ਸਰਗਰਮ ਗਿਰੋਹ ਨਾਲ ਸਬੰਧਿਤ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੇ ਕਬਜ਼ੇ ਵਿਚੋਂ ਟ੍ਰਾਈਸਿਟੀ ਖੇਤਰ ਤੋਂ ਚੋਰੀ ਕੀਤੀਆਂ ਗਈਆਂ ਪੰਜ ਕਾਰਾਂ ਬਰਾਮਦ ਕੀਤੀਆਂ ਗਈਆਂ ਹਨ। ਇਹ ਕਾਰਵਾਈ 9 ਜਨਵਰੀ ਨੂੰ ਦਰਜ ਕੀਤੇ ਗਏ ਇੱਕ ਮਾਮਲੇ ਦੀ ਜਾਂਚ ਦੌਰਾਨ ਕੀਤੀ ਗਈ। ਸੈਕਟਰ-42 ਨਿਵਾਸੀ ਕੁਲਦੀਪ ਸਿੰਘ ਬਰਾੜ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ 9 ਜਨਵਰੀ ਦੀ ਸਵੇਰ ਕਰੀਬ 3:25 ਵਜੇ ਉਸ ਦੀ ਸਫੈਦ ਰੰਗ ਦੀ ਹੁੰਡਈ ਕ੍ਰੇਟਾ ਕਾਰ ਘਰ ਦੇ ਬਾਹਰੋਂ ਚੋਰੀ ਹੋ ਗਈ ਸੀ। ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਸੀ।
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਐੱਸਐੱਸਪੀ ਕਨਵਰਦੀਪ ਕੌਰ ਦੀ ਨਿਗਰਾਨੀ ਹੇਠ ਸੈਕਟਰ-36 ਥਾਣੇ ਦੇ ਐੱਸਐੱਚਓ ਇੰਸਪੈਕਟਰ ਜੈ ਪ੍ਰਕਾਸ਼ ਸਿੰਘ ਦੀ ਅਗਵਾਈ ਵਿੱਚ ਇੱਕ ਵਿਸ਼ੇਸ਼ ਟੀਮ ਬਣਾਈ ਗਈ। ਟੀਮ ਨੇ ਤਕਨੀਕੀ ਸਬੂਤਾਂ ਅਤੇ ਖੁਫ਼ੀਆ ਜਾਣਕਾਰੀ ਦੇ ਆਧਾਰ ’ਤੇ ਜਾਂਚ ਨੂੰ ਅੱਗੇ ਵਧਾਉਂਦੇ ਹੋਏ 11 ਜਨਵਰੀ ਨੂੰ ਦਿੱਲੀ ਤੋਂ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ।
ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਦੀਪਕ ਖੰਨਾ ਉਰਫ਼ ਤੁਸ਼ਾਰ (44), ਆਕਾਸ਼ ਮਲਹੋਤਰਾ (37) ਅਤੇ ਦੀਪਾਂਸ਼ੂ (25) ਵਜੋਂ ਹੋਈ ਹੈ। ਤਿੰਨੇ ਹੀ ਦਿੱਲੀ ਦੇ ਰਹਿਣ ਵਾਲੇ ਹਨ। ਮੁਲਜ਼ਮ ਦੀਪਾਂਸ਼ੂ ਦਿੱਲੀ ਵਿੱਚ ਬਲਿੰਕਇਟ ’ਚ ਡਿਲਿਵਰੀ ਦਾ ਕੰਮ ਕਰਦਾ ਹੈ, ਆਕਾਸ਼ ਮਲਹੋਤਰਾ ਆਪਣੀ ਗੱਡੀ ਟੈਕਸੀ ਡਰਾਈਵਰ ਵਜੋਂ ਚਲਾਉਂਦਾ ਹੈ, ਜਦਕਿ ਦੀਪਕ ਖੰਨਾ ਉਰਫ਼ ਤੁਸ਼ਾਰ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਹੈ। ਪੁੱਛਗਿੱਛ ਦੌਰਾਨ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਚੋਰੀ ਕੀਤੀ ਗਈ ਹੁੰਡਈ ਕ੍ਰੇਟਾ ਤੋਂ ਇਲਾਵਾ ਇੱਕ ਆਈ-20 ਕਾਰ, ਬਿਨਾਂ ਨੰਬਰ ਪਲੇਟ ਵਾਲੀਆਂ ਦੋ ਹੋਰ ਹੁੰਡਈ ਕ੍ਰੇਟਾ ਕਾਰਾਂ, ਇੱਕ ਟੋਯੋਟਾ ਫਾਰਚੂਨਰ ਅਤੇ ਕਾਰ ਦਾ ਸਟੀਰੀਓ ਬਰਾਮਦ ਕੀਤਾ ਗਿਆ। ਇਸ ਤੋਂ ਇਲਾਵਾ ਸ਼ਿਕਾਇਤਕਰਤਾ ਦਾ ਆਧਾਰ ਕਾਰਡ ਅਤੇ ਸੈਂਟਰਲ ਬੈਂਕ ਆਫ਼ ਇੰਡੀਆ ਦੀ ਚੈਕਬੁੱਕ ਵੀ ਕਬਜ਼ੇ ਵਿਚੋਂ ਮਿਲੀ ਹੈ।
ਸ਼ਨੀਵਾਰ ਨੂੰ ਤਿੰਨਾਂ ਮੁਲ☺ਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਦੀਪਕ ਖੰਨਾ ਦਾ ਦੋ ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ, ਜਦਕਿ ਆਕਾਸ਼ ਮਲਹੋਤਰਾ ਅਤੇ ਦੀਪਾਂਸ਼ੂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਪੁਲਿਸ ਅਨੁਸਾਰ ਮਾਮਲੇ ਵਿੱਚ ਅੱਗੇ ਵੀ ਜਾਂਚ ਜਾਰੀ ਹੈ ਅਤੇ ਹੋਰ ਚੋਰੀ ਦੇ ਵਾਹਨਾਂ ਦੀ ਬਰਾਮਦਗੀ ਦੀ ਸੰਭਾਵਨਾ ਹੈ।
ਟੈਬਲੈਟ ਡਿਵਾਈਸ ਦੀ ਮਦਦ ਨਾਲ ਕਾਰ ਅਨਲੌਕ:
ਦੀਪਕ ਖੰਨਾ ਇਸ ਗਿਰੋਹ ਦਾ ਮਾਸਟਰਮਾਈਂਡ ਹੈ, ਜੋ ਟੈਬਲੈਟ ਡਿਵਾਈਸ ਦੀ ਮਦਦ ਨਾਲ ਕਾਰਾਂ ਨੂੰ ਅਨਲੌਕ ਕਰਦਾ ਸੀ। ਇਸ ਤੋਂ ਬਾਅਦ ਸਾਥੀ ਮੁਲਜ਼ਮ ਵਾਹਨ ਲੈ ਕੇ ਫ਼ਰਾਰ ਹੋ ਜਾਂਦੇ ਸਨ। ਚੋਰੀ ਕੀਤੀਆਂ ਕਾਰਾਂ ਨੂੰ ਲੁਧਿਆਣਾ ਨਿਵਾਸੀ ਗੁਰਮੀਤ ਸਿੰਘ ਉਰਫ਼ ਕਾਲਾ ਨੂੰ ਸੌਂਪਿਆ ਜਾਂਦਾ ਸੀ, ਜੋ ਉਨ੍ਹਾਂ ਨੂੰ ਦਿੱਲੀ ਅਤੇ ਪੰਜਾਬ ਦੇ ਮਾਨਸਾ ਖੇਤਰ ਵਿੱਚ ਵੇਚ ਦਿੰਦਾ ਸੀ।
ਪੁਲਿਸ ਰਿਕਾਰਡ ਮੁਤਾਬਕ ਦੀਪਕ ਖੰਨਾ ਪਹਿਲਾਂ ਵੀ ਕਈ ਵਾਹਨ ਚੋਰੀ ਦੇ ਮਾਮਲਿਆਂ ਵਿੱਚ ਸ਼ਾਮਲ ਰਹਿ ਚੁੱਕਾ ਹੈ। ਉਸ ਖ਼ਿਲਾਫ਼ ਚੰਡੀਗੜ੍ਹ, ਦਿੱਲੀ, ਕੁਰੂਕਸ਼ੇਤਰ ਅਤੇ ਕਰਨਾਲ ਸਮੇਤ ਕਈ ਥਾਵਾਂ ’ਤੇ ਦਰਜਨਾਂ ਕੇਸ ਦਰਜ ਹਨ। ਹਾਲਾਂਕਿ, ਹੋਰ ਦੋ ਮੁਲਜ਼ਮਾਂ ਦਾ ਹੁਣ ਤੱਕ ਕੋਈ ਅਪਰਾਧਿਕ ਰਿਕਾਰਡ ਸਾਹਮਣੇ ਨਹੀਂ ਆਇਆ।