ਭਾਜਪਾ ਨੇ ‘ਆਪ’ ਆਗੂ ’ਤੇ ਦੋਸ਼ ਲਾਉਂਦੇ ਹੋਏ ਮੁੱਖ ਸਕੱਤਰ ਨੂੰ ਮੰਗ ਪੱਤਰ ਸੌਂਪਿਆ
ਭਾਜਪਾ ਨੇ ਆਪ ‘ਤੇ ਸਰਕਾਰੀ ਤੰਤਰ ਦੀ ਦੁਰਵਰਤੋਂ ਦਾ ਦੋਸ਼ ਲਗਾਉਂਦੇ ਹੋਏ ਮੁੱਖ ਸਕੱਤਰ ਨੂੰ ਮੰਗ ਪੱਤਰ ਸੌਂਪਿਆ
Publish Date: Mon, 12 Jan 2026 07:41 PM (IST)
Updated Date: Tue, 13 Jan 2026 04:12 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਚੰਡੀਗੜ੍ਹ ਨੇ ਆਮ ਆਦਮੀ ਪਾਰਟੀ ਦੇ ਇੱਕ ਆਗੂ ’ਤੇ ਸਰਕਾਰੀ ਤੰਤਰ ਦੀ ਦੁਰਵਰਤੋਂ ਅਤੇ ਰਾਜਨੀਤਿਕ ਬਦਲੇ ਦੀ ਨੀਅਤ ਨਾਲ ਕਾਰਵਾਈ ਕਰਨ ਦੇ ਦੋਸ਼ ਲਗਾਉਂਦੇ ਹੋਏ ਯੂਟੀ ਚੰਡੀਗੜ੍ਹ ਦੇ ਮੁੱਖ ਸਕੱਤਰ ਨੂੰ ਮੰਗ ਪੱਤਰ ਸੌਂਪਿਆ। ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਜਿਤੇਂਦਰ ਪਾਲ ਮਲਹੋਤਰਾ ਦੀ ਅਗਵਾਈ ਹੇਠ ਇੱਕ ਵਫ਼ਦ ਨੇ ਮੁੱਖ ਸਕੱਤਰ ਐਚ. ਪ੍ਰਸਾਦ ਨਾਲ ਮੁਲਾਕਾਤ ਕਰਕੇ ਇਸ ਮਾਮਲੇ ਵਿੱਚ ਦਖ਼ਲ ਦੀ ਮੰਗ ਕੀਤੀ।
ਵਫ਼ਦ ਵਿੱਚ ਪ੍ਰਦੇਸ਼ ਜਨਰਲ ਸਕੱਤਰ ਰਾਮਬੀਰ ਭੱਟੀ, ਜਨਰਲ ਸਕੱਤਰ ਸੰਜੀਵ ਰਾਣਾ, ਮੇਅਰ ਹਰਪ੍ਰੀਤ ਕੌਰ ਬਬਲਾ, ਕੌਂਸਲਰ ਸੁਮਨ ਸ਼ਰਮਾ, ਸੌਰਭ ਜੋਸ਼ੀ, ਨਰੇਸ਼ ਪਾਂਚਾਲ, ਅਵੀ ਮਸ਼ੀਨ ਅਤੇ ਮਹੇਸ਼ ਇੰਦਰ ਸਿੱਧੂ ਸ਼ਾਮਲ ਸਨ।
ਪ੍ਰਦੇਸ਼ ਪ੍ਰਧਾਨ ਨੇ ਮੁੱਖ ਸਕੱਤਰ ਨੂੰ ਜਾਣੂ ਕਰਵਾਇਆ ਕਿ ਆਮ ਆਦਮੀ ਪਾਰਟੀ ਦੇ ਨੇਤਾ ਸਨੀ ਆਹੂਵਾਲੀਆ ਵੱਲੋਂ ਆਪਣੇ ਪਦ ਅਤੇ ਪ੍ਰਭਾਵ ਦੀ ਦੁਰਵਰਤੋਂ ਕਰਦੇ ਹੋਏ ਇੱਕ ਕਥਿਤ ਤੌਰ ’ਤੇ ਝੂਠੀ ਅਤੇ ਰਾਜਨੀਤਿਕ ਤੌਰ ’ਤੇ ਪ੍ਰੇਰਿਤ ਐਫਆਈਆਰ ਦਰਜ ਕਰਵਾਈ ਗਈ ਹੈ। ਇਹ ਐਫਆਈਆਰ ਵਾਰਡ ਨੰਬਰ 4 ਦੀ ਭਾਜਪਾ ਕੌਂਸਲਰ ਸੁਮਨ ਸ਼ਰਮਾ ਦੀ ਭਾਬੀ ਕੋਮਲ ਸ਼ਰਮਾ ਦੇ ਖ਼ਿਲਾਫ਼ ਦਰਜ ਕਰਵਾਈ ਗਈ, ਜਿਸ ਦਾ ਮਕਸਦ ਇੱਕ ਚੁਣੀ ਹੋਈ ਜਨਪ੍ਰਤਿਨਿਧੀ ਅਤੇ ਉਸਦੇ ਪਰਿਵਾਰ ਨੂੰ ਡਰਾਉਣਾ ਅਤੇ ਰਾਜਨੀਤਿਕ ਦਬਾਅ ਬਣਾਉਣਾ ਦੱਸਿਆ ਗਿਆ।
ਭਾਜਪਾ ਨੇਤਾਵਾਂ ਨੇ ਦੋਸ਼ ਲਗਾਇਆ ਕਿ ਐਫਆਈਆਰ ਬਿਨਾਂ ਕਿਸੇ ਠੋਸ ਆਧਾਰ ਦੇ ਦਰਜ ਕੀਤੀ ਗਈ ਅਤੇ ਪੰਜਾਬ ਪੁਲਿਸ ਨੇ ਚੰਡੀਗੜ੍ਹ ਪੁਲਿਸ ਨਾਲ ਸੰਪਰਕ ਕਿਤੇ ਬਿਨਾਂ ਜਲਦਬਾਜ਼ੀ ਵਿੱਚ ਕਾਰਵਾਈ ਕੀਤੀ, ਜੋ ਸਥਾਪਿਤ ਕਾਨੂੰਨੀ ਪ੍ਰਕਿਰਿਆਵਾਂ ਦੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਪੂਰੀ ਘਟਨਾ ਯੋਜਨਾਬੱਧ ਰਾਜਨੀਤਿਕ ਬਦਲੇ ਵੱਲ ਇਸ਼ਾਰਾ ਕਰਦੀ ਹੈ।
ਵਫ਼ਦ ਨੇ ਇਹ ਵੀ ਕਿਹਾ ਕਿ ਬੀਤੇ ਦਿਨਾਂ ਵਿੱਚ ਭਾਜਪਾ ਕੌਂਸਲਰਾਂ ਨੂੰ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ’ਤੇ ਰਾਜਨੀਤਿਕ ਦਬਾਅ ਬਣਾਇਆ ਜਾ ਰਿਹਾ ਹੈ। ਭਾਜਪਾ ਨੇ ਮੰਗ ਕੀਤੀ ਕਿ ਸਨੀ ਆਹੂਵਾਲੀਆ ਦੇ ਖ਼ਿਲਾਫ਼ ਐਫਆਈਆਰ ਦਰਜ ਕੀਤੀ ਜਾਵੇ, ਪੂਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਜੇ ਕਿਸੇ ਪੁਲਿਸ ਅਧਿਕਾਰੀ ਨੇ ਰਾਜਨੀਤਿਕ ਦਬਾਅ ਹੇਠ ਕਾਨੂੰਨ ਦੀ ਉਲੰਘਣਾ ਕੀਤੀ ਹੈ ਤਾਂ ਉਸਦੇ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇ। ਇਸਦੇ ਨਾਲ ਹੀ ਸਾਰੇ ਭਾਜਪਾ ਕੌਂਸਲਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਅਤੇ ਭਵਿੱਖ ਵਿੱਚ ਪੰਜਾਬ ਪੁਲਿਸ ਵੱਲੋਂ ਚੰਡੀਗੜ੍ਹ ਦੇ ਅਧਿਕਾਰ ਖੇਤਰ ਦੀ ਉਲੰਘਣਾ ਨੂੰ ਰੋਕਣ ਦੀ ਮੰਗ ਕੀਤੀ ਗਈ।