ਡੀਆਈਜੀ ਰਿਸ਼ਵਤ ਮਾਮਲੇ ’ਚ ਫਸੇ ਵਿਚੋਲੇ ਕ੍ਰਿਸ਼ਨੂ ਦੀ ਜ਼ਮਾਨਤ ਅਰਜ਼ੀ ਖ਼ਾਰਜ
ਡੀ ਆਈ ਜੀ ਰਿਸ਼ਵਤ ਮਾਮਲੇ ‘ ਚ ਫਸੇ ਵਿਚੋਲੇ ਕ੍ਰਿਸ਼ਨੂ ਦੀ ਜ਼ਮਾਨਤ ਅਰਜ਼ੀ ਖ਼ਾਰਜ
Publish Date: Fri, 09 Jan 2026 07:46 PM (IST)
Updated Date: Sat, 10 Jan 2026 04:07 AM (IST)

* ਅੱਠ ਲੱਖ ਰੁਪਏ ਰਿਸ਼ਵਤ ਮੰਗਣ ਦੇ ਦੋਸ਼ਾਂ ’ਚ ਸਾਬਕਾ ਡੀਆਈਜੀ ਭੁੱਲਰ ਨਾਲ ਫੜਿਆ ਗਿਆ ਸੀ ਕ੍ਰਿਸ਼ਨੂ ਸ਼ਾਰਦਾ ਤਰੁਣ ਭਜਨੀ, ਪੰਜਾਬੀ ਜਾਗਰਣ ਚੰਡੀਗੜ੍ਹ : ਅੱਠ ਲੱਖ ਰੁਪਏ ਰਿਸ਼ਵਤ ਮਾਮਲੇ ’ਚ ਫੜੇ ਗਏ ਨਾਭਾ ਵਾਸੀ ਕ੍ਰਿਸ਼ਨੂ ਸ਼ਾਰਦਾ (29) ਦੀ ਜ਼ਮਾਨਤ ਅਰਜ਼ੀ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਖ਼ਾਰਜ ਕਰ ਦਿੱਤੀ। ਤਿੰਨ ਮਹੀਨੇ ਪਹਿਲਾਂ ਸੀਬੀਆਈ ਨੇ ਕ੍ਰਿਸ਼ਨੂ ਨੂੰ ਪੰਜਾਬ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਲਈ ਰਿਸ਼ਵਤ ਮੰਗਣ ਦੇ ਦੋਸ਼ਾਂ ’ਚ ਗ੍ਰਿਫ਼ਤਾਰ ਕੀਤਾ ਸੀ। ਕ੍ਰਿਸ਼ਨੂ ਦੇ ਨਾਲ ਹੀ ਸੀਬੀਆਈ ਨੇ ਭੁੱਲਰ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਸੀ। ਦੋਵੇਂ ਮੰਡੀ ਗੋਬਿੰਦਗੜ੍ਹ ਦੇ ਇਕ ਸਕ੍ਰੈਪ ਕਾਰੋਬਾਰੀ ਤੋਂ ਰਿਸ਼ਵਤ ਮੰਗ ਰਹੇ ਸਨ। ਕ੍ਰਿਸ਼ਨੂ ਨੈਸ਼ਨਲ ਹਾਕੀ ਖਿਡਾਰੀ ਹੈ ਤੇ ਆਪਣੀ ਜ਼ਮਾਨਤ ਅਰਜ਼ੀ ’ਚ ਉਸ ਨੇ ਇਹੀ ਦਲੀਲਾਂ ਦਿੱਤੀਆਂ। ਉਸ ਦੇ ਵਕੀਲ ਨੇ ਕਿਹਾ ਕਿ ਕ੍ਰਿਸ਼ਨੂ ਚੰਡੀਗੜ੍ਹ ਦੀ ਟੀਮ ਵੱਲੋਂ ਹਾਕੀ ਖੇਡਦਾ ਹੈ। ਅਗਲੇ ਮਹੀਨੇ ਨੈਸ਼ਨਲ ਹਾਕੀ ਚੈਂਪੀਅਨਸ਼ਿਪ ਹੋਣੀ ਹੈ, ਜਿਸ ਲਈ ਚੰਡੀਗੜ੍ਹ ਦੀ ਟੀਮ ਦੇ ਟ੍ਰਾਇਲ ਹਨ। ਇਸ ਆਧਾਰ ’ਤੇ ਉਸ ਨੇ ਜ਼ਮਾਨਤ ਦੇਣ ਦੀ ਮੰਗ ਕੀਤੀ। ਇਸ ਤੋਂ ਇਲਾਵਾ ਕ੍ਰਿਸ਼ਨੂ ਦੇ ਵਕੀਲ ਨੇ ਕਿਹਾ ਕਿ ਉਸ ਖ਼ਿਲਾਫ਼ ਸੀਬੀਆਈ ਦਾ ਕੇਸ ਕਾਫ਼ੀ ਕਮਜ਼ੋਰ ਹੈ ਤੇ ਉਸ ਨੂੰ ਇਸ ਮਾਮਲੇ ’ਚ ਫਸਾਇਆ ਗਿਆ ਹੈ। ਦੂਜੇ ਪਾਸੇ, ਸੀਬੀਆਈ ਦੇ ਸਰਕਾਰੀ ਵਕੀਲ ਨਰਿੰਦਰ ਸਿੰਘ ਨੇ ਦਲੀਲਾਂ ਦੌਰਾਨ ਕਿਹਾ ਕਿ ਕ੍ਰਿਸ਼ਨੂ ਖ਼ਿਲਾਫ਼ ਸੀਬੀਆਈ ਕੋਲ ਕਾਫੀ ਸਬੂਤ ਹਨ। ਰਿਸ਼ਵਤ ਦੀ ਰਕਮ ਵੀ ਉਸ ਦੇ ਪਾਸੋਂ ਹੀ ਬਰਾਮਦ ਹੋਈ ਸੀ। ਦੋਵੇਂ ਪੱਖਾਂ ਨੂੰ ਸੁਣਨ ਤੋਂ ਬਾਅਦ ਅਦਾਲਤ ਨੇ ਕਿਹਾ ਕਿ ਮੁਲਜ਼ਮ ਖ਼ਿਲਾਫ਼ ਸੀਬੀਆਈ ਕੋਲ ਰਿਕਾਰਡਿੰਗ ਵੀ ਮੌਜੂਦ ਹੈ, ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਉਹ ਡੀਆਈਜੀ ਭੁੱਲਰ ਦੇ ਕਾਫ਼ੀ ਨੇੜੇ ਸੀ ਤੇ ਉਨ੍ਹਾਂ ਲਈ ਹੀ ਰਿਸ਼ਵਤ ਦੀ ਮੰਗ ਕਰ ਰਿਹਾ ਸੀ। ਅਦਾਲਤ ਨੇ ਉਸ ਦੀ ਹਾਕੀ ਟ੍ਰਾਇਲ ਵਾਲੀ ਦਲੀਲ ਨੂੰ ਜ਼ਮਾਨਤ ਦਾ ਆਧਾਰ ਨਹੀਂ ਮੰਨਿਆ ਅਤੇ ਦੋਵੇਂ ਪੱਖਾਂ ਨੂੰ ਸੁਣਨ ਤੋਂ ਬਾਅਦ ਕ੍ਰਿਸ਼ਨੂ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ।