ਯੂਟੀ ਪ੍ਰਸ਼ਾਸਕ ਵੱਲੋਂ ਬੁੜੈਲ ਜੇਲ੍ਹ ਦਾ ਦੌਰਾ
ਯੂਟੀ ਪ੍ਰਸ਼ਾਸਕ ਵੱਲੋਂ ਬੁੜੈਲ ਜੇਲ੍ਹ ਦਾ ਦੌਰਾ ,
Publish Date: Tue, 06 Jan 2026 06:19 PM (IST)
Updated Date: Tue, 06 Jan 2026 06:20 PM (IST)

ਕੈਦੀਆਂ ਦੀਆਂ ਸਹੂਲਤਾਂ ਤੇ ਹੁਨਰ ਵਿਕਾਸ ’ਤੇ ਦਿੱਤਾ ਜ਼ੋਰ ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਪੰਜਾਬ ਦੇ ਰਾਜਪਾਲ ਅਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਸੋਮਵਾਰ ਨੂੰ ਚੰਡੀਗੜ੍ਹ ਪ੍ਰਸ਼ਾਸਨ ਦੇ ਮੁੱਖ ਸਕੱਤਰ ਐਚ. ਰਾਜੇਸ਼ ਪ੍ਰਸਾਦ ਸਮੇਤ ਹੋਰ ਅਧਿਕਾਰੀਆਂ ਨਾਲ ਬੁੜੈਲ ਜੇਲ੍ਹ ਦਾ ਨਿਰੀਖਣ ਕੀਤਾ। ਇਸ ਦੌਰਾਨ ਉਨ੍ਹਾਂ ਨੇ ਜੇਲ੍ਹ ’ਚ ਕੈਦੀਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ, ਭਲਾਈ ਯੋਜਨਾਵਾਂ, ਹੁਨਰ ਵਿਕਾਸ ਪ੍ਰੋਗਰਾਮਾਂ ਅਤੇ ਸਿਹਤ ਸੇਵਾਵਾਂ ਦੀ ਸਮੀਖਿਆ ਕੀਤੀ। ਨਿਰੀਖਣ ਦੌਰਾਨ ਪ੍ਰਸ਼ਾਸਕ ਨੇ ਜੇਲ੍ਹ ਦੀ ਰਸੋਈ ਦਾ ਜਾਇਜ਼ਾ ਲਿਆ, ਮੈਨਯੂ ਦੀ ਸਮੀਖਿਆ ਕੀਤੀ ਅਤੇ ਤਿਆਰ ਭੋਜਨ ਨੂੰ ਖੁਦ ਚੱਖ ਕੇ ਉਸ ਦੀ ਗੁਣਵੱਤਾ ਅਤੇ ਪੋਸ਼ਣ ਪੱਧਰ ਦੀ ਜਾਂਚ ਕੀਤੀ। ਉਨ੍ਹਾਂ ਨੇ ਆਧੁਨਿਕ ਰਸੋਈ ਉਪਕਰਣਾਂ ਦੀ ਵੀ ਜਾਂਚ ਕੀਤੀ ਅਤੇ ਰਸੋਈ ਕਰਮਚਾਰੀਆਂ ਨਾਲ ਗੱਲਬਾਤ ਕਰਕੇ ਲੋੜੀਂਦੇ ਸੁਝਾਅ ਦਿੱਤੇ। ਮਠਿਆਈ ਸੈਕਸ਼ਨ ਵਿਚ ਕੈਦੀਆਂ ਵੱਲੋਂ ਤਿਆਰ ਕੀਤੀਆਂ ਜਾ ਰਹੀਆਂ ਮਠਿਆਈਆਂ ਦੀ ਗੁਣਵੱਤਾ ਦੀ ਜਾਂਚ ਕੀਤੀ ਗਈ ਅਤੇ ਕੋਲਡ ਸਟੋਰੇਜ ਸੁਵਿਧਾਵਾਂ ਬਾਰੇ ਜਾਣਕਾਰੀ ਲਈ ਗਈ। ਬੁੜੈਲ ਜੇਲ੍ਹ ਵਿਚ ਚੱਲ ਰਹੇ ਜੀਵਨ ਧਾਰਾ ਉਦਯੋਗਿਕ ਸਿਖਲਾਈ ਸੰਸਥਾਨ ਵਿਚ ਚੱਲ ਰਹੇ ਕੋਰਸਾਂ ਦੀ ਸਮੀਖਿਆ ਕਰਦਿਆਂ ਪ੍ਰਸ਼ਾਸਕ ਨੇ ਸਿਖਲਾਈ ਦੇਣ ਅਤੇ ਸਿੱਖਿਆ ਲੈ ਰਹੇ ਕੈਦੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਹੁਨਰ ਉੱਨਤੀ ’ਤੇ ਜ਼ੋਰ ਦਿੰਦਿਆਂ ਪ੍ਰਸ਼ਾਸਨ ਦੇ ਵੱਖ-ਵੱਖ ਸੰਸਥਾਨਾਂ ਨਾਲ ਤਾਲਮੇਲ ਕਰਕੇ ਮੁਰੰਮਤ ਅਤੇ ਰਖ-ਰਖਾਅ ਵਰਗੇ ਕੰਮਾਂ ਨਾਲ ਕੈਦੀਆਂ ਨੂੰ ਜੋੜਣ ਦੇ ਨਿਰਦੇਸ਼ ਦਿੱਤੇ। ਇੱਥੇ ਵੁਡਵਰਕ ਟੈਕਨੀਸ਼ਨ ਅਤੇ ਸਿਲਾਈ ਤਕਨੀਕ ਵਰਗੇ ਕੋਰਸ ਚਲ ਰਹੇ ਹਨ। ਮਹਿਲਾ ਜੇਲ੍ਹ ਵਿੱਚ ਰਸੋਈ, ਲਾਇਬ੍ਰੇਰੀ ਅਤੇ ਆਈਟੀਆਈ ਗਤੀਵਿਧੀਆਂ ਦਾ ਵੀ ਨਿਰੀਖਣ ਕੀਤਾ ਗਿਆ। ਮਹਿਲਾ ਕੈਦੀਆਂ ਨਾਲ ਗੱਲਬਾਤ ਦੌਰਾਨ ਪ੍ਰਸ਼ਾਸਕ ਨੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਸਮਾਜਿਕ ਸਹਿਯੋਗ ਦੀ ਘਾਟ ਕਾਰਨ ਲੰਮੇ ਸਮੇਂ ਤੋਂ ਬੰਦ ਵਿਚਾਰਾਧੀਨ ਕੈਦੀਆਂ ਪ੍ਰਤੀ ਚਿੰਤਾ ਜ਼ਾਹਿਰ ਕੀਤੀ। ਇਸ ਤੋਂ ਇਲਾਵਾ ਜੇਲ੍ਹ ਡਿਸਪੈਂਸਰੀ ਦਾ ਨਿਰੀਖਣ ਕਰਕੇ ਇਲਾਜ਼ ਸਹੂਲਤਾਂ , ਦਵਾਈਆਂ ਦੇ ਪ੍ਰਬੰਧਨ ਅਤੇ ਰੈਫ਼ਰਲ ਪ੍ਰਣਾਲੀ ਬਾਰੇ ਜਾਣਕਾਰੀ ਲਈ ਗਈ। ਸੱਭਿਆਚਾਰਕ ਗਤੀਵਿਧੀਆਂ ਤਹਿਤ ਸੰਗੀਤ ਸਿਖਲਾਈ ਅਤੇ ਕੇਂਦਰੀ ਰੇਡੀਓ ਪ੍ਰਣਾਲੀ ਦੀ ਵੀ ਸਮੀਖਿਆ ਕੀਤੀ ਗਈ। ਨਿਰੀਖਣ ਦੇ ਅੰਤ ਵਿੱਚ ਪ੍ਰਸ਼ਾਸਕ ਨੇ ਲੰਮੇ ਸਮੇਂ ਤੋਂ ਵਿਚਾਰਾਧੀਨ ਕੈਦੀਆਂ ਦੇ ਮਾਮਲਿਆਂ ’ਤੇ ਵਿਸ਼ੇਸ਼ ਧਿਆਨ ਦੇਣ, ਕਾਨੂੰਨੀ ਪ੍ਰਕਿਰਿਆ ਨੂੰ ਸਮੇਂਬੱਧ ਬਣਾਉਣ ਅਤੇ ਜੇਲ੍ਹ ਦੀਆਂ ਸੜਕਾਂ ਦੀ ਮੁਰੰਮਤ ਕਰਕੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਨਿਰਦੇਸ਼ ਦਿੱਤੇ।