ਵਾਈ. ਪੂਰਨ ਕੁਮਾਰ ਖੁਦਕੁਸ਼ੀ ਮਾਮਲਾ : ਐੱਸਆਈਟੀ ਨੇ ਹਰਿਆਣਾ ਦੇ ਮੁੱਖ ਸਕੱਤਰ ਤੋਂ ਕੀਤੀ ਪੁੱਛਗਿੱਛ
ਵਾਈ. ਪੂਰਨ ਕੁਮਾਰ ਖੁਦਕੁਸ਼ੀ ਮਾਮਲਾ: ਐਸਆਈਟੀ ਨੇ ਹਰਿਆਣਾ ਦੇ ਮੁੱਖ ਸਕੱਤਰ ਤੋਂ ਕੀਤੀ ਪੁੱਛਗਿੱਛ
Publish Date: Mon, 05 Jan 2026 09:16 PM (IST)
Updated Date: Mon, 05 Jan 2026 09:17 PM (IST)

ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਹਰਿਆਣਾ ਦੇ ਸੀਨੀਅਰ ਆਈਪੀਐੱਸ ਅਧਿਕਾਰੀ ਵਾਈ. ਪੂਰਨ ਕੁਮਾਰ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਦੇ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਨੇ ਸੋਮਵਾਰ ਦੁਪਹਿਰ ਹਰਿਆਣਾ ਦੇ ਮੁੱਖ ਸਕੱਤਰ ਅਨੁਰਾਗ ਰਸਤੋਗੀ ਨੂੰ ਜਾਂਚ ਵਿੱਚ ਸ਼ਾਮਲ ਕੀਤਾ। ਐੱਸਆਈਟੀ ਕਰੀਬ ਦੋ ਘੰਟੇ ਤਕ ਹਰਿਆਣਾ ਸਕਤਰੇਤ ਵਿੱਚ ਸਥਿਤ ਮੁੱਖ ਸਕੱਤਰ ਦੇ ਦਫ਼ਤਰ ਵਿੱਚ ਮੌਜੂਦ ਰਹੀ, ਜਿੱਥੇ ਪੂਰਨ ਕੁਮਾਰ ਵੱਲੋਂ ਲਗਾਏ ਗਏ ਦੋਸ਼ਾਂ ਅਤੇ ਸੁਸਾਈਡ ਨੋਟ ਵਿੱਚ ਦਰਜ ਤੱਥਾਂ ਬਾਰੇ ਵਿਸਥਾਰ ਨਾਲ ਪੁੱਛਗਿੱਛ ਕੀਤੀ ਗਈ। ਪੁੱਛਗਿੱਛ ਤੋਂ ਬਾਅਦ ਐੱਸਆਈਟੀ ਦੀ ਟੀਮ ਸਕੱਤਰੇਤ ਤੋਂ ਵਾਪਸ ਆ ਗਈ। ਇਸ ਤੋਂ ਪਹਿਲਾਂ ਐੱਸਆਈਟੀ ਹਰਿਆਣਾ ਦੇ ਡੀਜੀਪੀ ਸ਼ਤਰੁਜੀਤ ਕਪੂਰ, ਰੋਹਤਕ ਦੇ ਐੱਸਪੀ ਨਰਿੰਦਰ ਬਿਜਾਰਨੀਆ ਸਮੇਤ ਫ਼ਾਈਨਲ ਨੋਟ ਵਿੱਚ ਸ਼ਾਮਲ ਸਾਰੇ ਮੁੱਖ ਅਧਿਕਾਰੀਆਂ ਨੂੰ ਜਾਂਚ ਵਿੱਚ ਸ਼ਾਮਲ ਕਰ ਚੁੱਕੀ ਹੈ। ਸੁਸਾਈਡ ਨੋਟ ਵਿੱਚ ਕੁੱਲ 15 ਅਧਿਕਾਰੀਆਂ ਦੇ ਨਾਮ ਦਰਜ ਹਨ, ਜਿਨ੍ਹਾਂ ਵਿੱਚ ਤਿੰਨ ਆਈਏਐੱਸ ਅਤੇ 12 ਆਈਪੀਐੱਸ ਅਧਿਕਾਰੀ ਸ਼ਾਮਲ ਹਨ। ਫ਼ਾਈਨਲ ਨੋਟ ਵਿੱਚ ਜਿਨ੍ਹਾਂ ਆਈਪੀਐੱਸ ਅਧਿਕਾਰੀਆਂ ਦੇ ਨਾਮ ਸਾਹਮਣੇ ਆਏ ਹਨ, ਉਨ੍ਹਾਂ ਵਿੱਚ ਅਮਿਤਾਭ ਢਿੱਲੋਂ, ਸੰਦੀਪ ਖਿਰਵਾਰ, ਸੰਜੇ ਕੁਮਾਰ, ਕਲਾ ਰਾਮਚੰਦਰਣ, ਮਾਟਾ ਰਵੀ ਕਿਰਣ, ਸਿਬਾਸ ਕਵੀਰਾਜ, ਪੰਕਜ ਨੈਨ, ਕੁਲਵਿੰਦਰ ਸਿੰਘ ਅਤੇ ਰੋਹਤਕ ਦੇ ਐੱਸਪੀ ਨਰਿੰਦਰ ਬਿਜਾਰਨੀਆ ਸ਼ਾਮਲ ਹਨ। ਐੱਸਆਈਟੀ ਇਨ੍ਹਾਂ ਸਭ ਤੋਂ ਪੁੱਛਗਿੱਛ ਕਰ ਰਹੀ ਹੈ। ਐੱਸਆਈਟੀ ਇਸ ਮਾਮਲੇ ਵਿੱਚ ਡੀਐੱਸਪੀ ਗੁਲਾਬ ਸਿੰਘ, ਸੈਕਟਰ-19 ਥਾਣਾ (ਅਬਨ ਅਸਟੇਟ) ਦੇ ਤਤਕਾਲੀ ਇੰਚਾਰਜ ਇੰਸਪੈਕਟਰ ਨੀਰਜ ਕੁਮਾਰ ਅਤੇ ਸ਼ਿਕਾਇਤਕਰਤਾ ਸ਼ਰਾਬ ਠੇਕੇਦਾਰ ਪ੍ਰਵੀਣ ਬਾਂਸਲ ਨਾਲ ਪਹਿਲਾਂ ਹੀ ਕਈ ਦੌਰਾਂ ਦੀ ਪੁੱਛਗਿੱਛ ਕਰ ਚੁੱਕੀ ਹੈ। ਇਹ ਪੁੱਛਗਿੱਛ ਚੰਡੀਗੜ੍ਹ ਪੁਲਿਸ ਹੈੱਡਕੁਆਟਰ ਵਿੱਚ ਕੀਤੀ ਗਈ। ਟੀਮ ਨੇ ਤਿੰਨਾਂ ਦੇ ਸਾਂਝੇ ਤੌਰ ‘ਤੇ ਅਤੇ ਵੱਖ ਵੱਖ ਵੀ ਬਿਆਨ ਦਰਜ ਕੀਤੇ ਹਨ। ਪੁਲਿਸ ਰਿਕਾਰਡ ਅਨੁਸਾਰ 6 ਅਕਤੂਬਰ 2025 ਨੂੰ ਹਰਿਆਣਾ ਦੇ ਰੋਹਤਕ ਸਥਿਤ ਸੈਕਟਰ-19 ਥਾਣਾ (ਅਬਨ ਅਸਟੇਟ) ਵਿੱਚ ਵਾਈ. ਪੂਰਨ ਕੁਮਾਰ ਦੇ ਗਨਮੈਨ ਸੁਸ਼ੀਲ ਕੁਮਾਰ ਖ਼ਿਲਾਫ਼ ਰਿਸ਼ਵਤ ਮੰਗਣ ਦਾ ਮਾਮਲਾ ਦਰਜ ਕੀਤਾ ਗਿਆ ਸੀ। ਅਗਲੇ 7 ਅਕਤੂਬਰ ਨੂੰ ਸੁਸ਼ੀਲ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸੇ ਦਿਨ ਵਾਈ. ਪੂਰਨ ਕੁਮਾਰ ਨੇ ਚੰਡੀਗੜ੍ਹ ਵਿੱਚ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਮਾਮਲੇ ਵਿੱਚ ਸਾਹਮਣੇ ਆਏ ਸੁਸਾਈਡ ਨੋਟ ਅਤੇ ਏਡੀਜੀਪੀ ਦੀ ਪਤਨੀ ਤੇ ਆਈਏਐੱਸ ਅਧਿਕਾਰੀ ਅਮਨੀਤ ਪੀ. ਕੁਮਾਰ ਦੀ ਸ਼ਿਕਾਇਤ ਵਿੱਚ ਦੋਸ਼ ਲਾਇਆ ਗਿਆ ਸੀ ਕਿ ਗਨਮੈਨ ਖ਼ਿਲਾਫ਼ ਦਰਜ ਐੱਫ਼ਆਈਆਰ ਸਾਜ਼ਿਸ਼ ਤਹਿਤ ਕਰਵਾਈ ਗਈ ਅਤੇ ਪੂਰਨ ਕੁਮਾਰ ’ਤੇ ਯੋਜਨਾਬੱਧ ਦਬਾਅ ਬਣਾਇਆ ਗਿਆ। ਹੁਣ ਤਕ ਐੱਸਆਈਟੀ 60 ਤੋਂ ਵੱਧ ਗਵਾਹਾਂ ਦੇ ਬਿਆਨ ਦਰਜ ਕਰ ਚੁੱਕੀ ਹੈ। ਫ਼ਾਈਨਲ ਨੋਟ ਵਿੱਚ ਸ਼ਾਮਲ 15 ਅਧਿਕਾਰੀਆਂ ਵਿੱਚੋਂ 13 ਨਾਲ ਪੁੱਛਗਿੱਛ ਪੂਰੀ ਹੋ ਚੁੱਕੀ ਹੈ। ਐੱਸਆਈਟੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਲਦੀ ਹੀ ਸਾਰੇ ਸਬੰਧਿਤ ਆਈਏਐੱਸ ਅਤੇ ਆਈਪੀਐੱਸ ਅਧਿਕਾਰੀਆਂ ਨਾਲ ਪੁੱਛਗਿੱਛ ਪੂਰੀ ਕਰ ਕੇ ਜਾਂਚ ਰਿਪੋਰਟ ਤਿਆਰ ਕੀਤੀ ਜਾਵੇਗੀ।