ਭਾਜਪਾ ਮੇਅਰ ਦੇ ਕਾਰਜਕਾਲ ’ਤੇ ਸਵਾਲ, ਚੰਡੀਗੜ੍ਹ ਦਾ ਵਿਕਾਸ ਠੱਪ : ਵਿਜੇਪਾਲ ਸਿੰਘ
ਭਾਜਪਾ ਮੇਅਰ ਦੇ ਕਾਰਜਕਾਲ ’ਤੇ ਸਵਾਲ, ਚੰਡੀਗੜ੍ਹ ਦਾ ਵਿਕਾਸ ਠੱਪ: ਵਿਜੇਪਾਲ ਸਿੰਘ
Publish Date: Mon, 05 Jan 2026 08:14 PM (IST)
Updated Date: Mon, 05 Jan 2026 08:17 PM (IST)

ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਆਮ ਆਦਮੀ ਪਾਰਟੀ, ਚੰਡੀਗੜ੍ਹ ਦੇ ਪ੍ਰਦੇਸ਼ ਪ੍ਰਧਾਨ ਵਿਜੇਪਾਲ ਸਿੰਘ ਨੇ ਭਾਜਪਾ ਅਤੇ ਉਸਦੇ ਮੇਅਰ ਉੱਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪਿਛਲੇ ਇੱਕ ਸਾਲ ਦੌਰਾਨ ਭਾਜਪਾ ਦਾ ਮੇਅਰ ਚੰਡੀਗੜ੍ਹ ਲਈ ਇੱਕ ਵੀ ਠੋਸ ਵਿਕਾਸ ਕਾਰਜ ਨਹੀਂ ਕਰ ਸਕਿਆ। ਉਨ੍ਹਾਂ ਕਿਹਾ ਕਿ ਪੂਰੇ ਕਾਰਜਕਾਲ ਦੌਰਾਨ ਸ਼ਹਿਰ ਦਾ ਵਿਕਾਸ ਪੂਰੀ ਤਰ੍ਹਾਂ ਠੱਪ ਰਿਹਾ ਅਤੇ ਜਨਤਾ ਨੂੰ ਸਿਰਫ਼ ਘਘੁਟਾਲਿਆਂ ਨਾਲ ਭਰਿਆ ਹੋਇਆ ਸ਼ਾਸਨ ਹੀ ਦੇਖਣ ਨੂੰ ਮਿਲਿਆ। ਵਿਜੇਪਾਲ ਸਿੰਘ ਨੇ ਮਨੀਮਾਜਰਾ 24x7 ਪਾਣੀ ਘੁਟਾਲੇ ਨੂੰ ਭਾਜਪਾ ਦੀ ਸਭ ਤੋਂ ਵੱਡੀ ਪ੍ਰਸ਼ਾਸਨਿਕ ਨਾਕਾਮੀ ਦੱਸਦੇ ਹੋਏ ਕਿਹਾ ਕਿ ਭਾਜਪਾ ਆਗੂਆਂ ਨੇ ਮਨੀਮਾਜਰਾ ਦੀ ਜ਼ਮੀਨ ਨੂੰ ਘੱਟ ਮਾਪ ਕਰ ਕੇ ਵੇਚਣ ਦੀ ਕੋਸ਼ਿਸ਼ ਕੀਤੀ, ਪਰ ਅੱਜ ਤਕ ਉੱਥੋਂ ਦੇ ਲੋਕਾਂ ਨੂੰ ਸਾਫ਼ ਪੀਣ ਵਾਲਾ ਪਾਣੀ ਉਪਲਬਧ ਨਹੀਂ ਕਰਵਾਇਆ ਜਾ ਸਕਿਆ। ਇਹ ਭਾਜਪਾ ਦੀ ਜਨਵਿਰੋਧੀ ਸੋਚ ਅਤੇ ਨਾਕਾਮ ਸ਼ਾਸਨ ਨੂੰ ਬੇਨਕਾਬ ਕਰਦਾ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੇ ਸਾਰੇ ਕੌਂਸਲਰਾਂ ਨੂੰ ਨਗਰ ਨਿਗਮ ਹਾਊਸ ਤੋਂ ਜ਼ਬਰਦਸਤੀ ਬਾਹਰ ਕੱਢਿਆ ਗਿਆ, ਕਿਉਂਕਿ ਉਹ ਵੀ-3 ਸੜਕਾਂ ਦੇ ਨਿਰਮਾਣ ਵਰਗੇ ਬੁਨਿਆਦੀ ਮਸਲੇ ਉਠਾ ਰਹੇ ਸਨ। ਉਨ੍ਹਾਂ ਕਿਹਾ ਕਿ ਭਾਜਪਾ ਜਨਤਾ ਦੀ ਆਵਾਜ਼ ਤੋਂ ਡਰਦੀ ਹੈ ਅਤੇ ਇਸੇ ਕਾਰਨ ਲੋਕਤਾਂਤ੍ਰਿਕ ਤਰੀਕੇ ਨਾਲ ਚੁਣੇ ਗਏ ਪ੍ਰਤੀਨਿਧੀਆਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਭਾਜਪਾ ਨੂੰ ਮੇਅਰ ਅਹੁਦੇ ਤੋਂ ਦੂਰ ਰੱਖਣ ਲਈ ਪ੍ਰਭਾਵਸ਼ਾਲੀ ਰਣਨੀਤੀ ਤਿਆਰ ਕਰ ਰਹੀ ਹੈ ਅਤੇ ਚੰਡੀਗੜ੍ਹ ਨੂੰ ਇਮਾਨਦਾਰ ਅਤੇ ਭ੍ਰਿਸ਼ਟਾਚਾਰ ਮੁਕਤ ਵਿਕਾਸ ਦੀ ਦਿਸ਼ਾ ਵਿੱਚ ਲੈ ਕੇ ਜਾਵੇਗੀ।