ਚੋਣਾਂ ਸਬੰਧੀ ਕਾਂਗਰਸ ਆਗੂਆਂ ਵੱਲੋਂ ਇਕੱਤਰਤਾ
ਕਾਂਗਰਸ ਮੇਅਰ ਚੋਣਾਂ ਵਿੱਚ ਭਾਜਪਾ ਨੂੰ ਹਰਾਉਣ ਦੇ ਯੋਗ ਕਿਸੇ ਵੀ ਰਾਜਨੀਤਿਕ ਦਲ ਨੂੰ ਸਮਰਥਨ ਦੇਵੇਗੀ
Publish Date: Mon, 05 Jan 2026 07:38 PM (IST)
Updated Date: Mon, 05 Jan 2026 07:41 PM (IST)

ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਮੇਅਰ ਚੋਣ ਅਤੇ ਆਉਣ ਵਾਲੀਆਂ ਨਿਗਮ ਚੋਣਾਂ ਨੂੰ ਲੈਕੇ ਮੰਗਲਵਾਰ ਚੰਡੀਗੜ੍ਹ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਐੱਚਐੱਸ ਲੱਕੀ ਦੇ ਨਿਵਾਸ ਸਥਾਨ ’ਤੇ ਕਾਂਗਰਸ ਕੌਂਸਲਰਾਂ ਦੀ ਇੱਕ ਮਹੱਤਵਪੂਰਨ ਬੈਠਕ ਹੋਈ। ਜਿਸ ਵਿੱਚ ਸੰਸਦ ਮੈਂਬਰ ਮਨੀਸ਼ ਤਿਵਾਰੀ ਖ਼ਾਸ ਤੌਰ ’ਤੇ ਮੌਜੂਦ ਰਹੇ। ਬੈਠਕ ਦੌਰਾਨ ਆਉਣ ਵਾਲੀਆਂ ਮੇਅਰ ਚੋਣਾਂ ਅਤੇ ਨਗਰ ਨਿਗਮ ਚੋਣਾਂ ਨੂੰ ਲੈ ਕੇ ਵਿਸਥਾਰ ਨਾਲ ਚਰਚਾ ਕੀਤੀ ਗਈ। ਸਾਰੇ ਕੌਂਸਲਰਾਂ ਅਤੇ ਆਗੂਆਂ ਦੇ ਵਿਚਾਰ ਸੁਣਨ ਤੋਂ ਬਾਅਦ ਸਹਿਮਤੀ ਨਾਲ ਇਹ ਫੈਸਲਾ ਲਿਆ ਗਿਆ ਕਿ ਕਾਂਗਰਸ ਪਾਰਟੀ ਕਿਸੇ ਵੀ ਅਜਿਹੇ ਰਾਜਨੀਤਿਕ ਦਲ ਜਾਂ ਗਠਜੋੜ ਨੂੰ ਸਮਰਥਨ ਦੇਵੇਗੀ, ਜੋ ਭਾਰਤੀ ਜਨਤਾ ਪਾਰਟੀ ਨੂੰ ਸੱਤਾ ਤੋਂ ਬਾਹਰ ਕਰਨ ਦੇ ਯੋਗ ਹੋਵੇ। ਇਹ ਫੈਸਲਾ ਚੰਡੀਗੜ੍ਹ ਅਤੇ ਸ਼ਹਿਰ ਵਾਸੀਆਂ ਦੇ ਵਿਆਪਕ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ। ਬੈਠਕ ਵਿੱਚ ਭਾਜਪਾ ਦੇ ਕਾਰਜਕਾਲ ਨੂੰ ਲੈ ਕੇ ਡੂੰਘੀ ਚਿੰਤਾ ਜਤਾਈ ਗਈ। ਕਾਂਗਰਸ ਆਗੂਆਂ ਨੇ ਕਿਹਾ ਕਿ ਭਾਜਪਾ ਦੇ ਲਗਾਤਾਰ ਮੇਅਰ ਅਤੇ ਉਨ੍ਹਾਂ ਦੇ ਫੈਸਲੇ ਸੁਸ਼ਾਸਨ ਅਤੇ ਵਿਕਾਸ ਪ੍ਰਦਾਨ ਕਰਨ ਵਿੱਚ ਪੂਰੀ ਤਰ੍ਹਾਂ ਅਸਫਲ ਰਹੇ ਹਨ। ਭਾਜਪਾ ਸ਼ਾਸਨ ਦੌਰਾਨ ਸ਼ਹਿਰ ਵਿੱਚ ਕਈ ਘੋਟਾਲੇ ਸਾਹਮਣੇ ਆਏ, ਜਦਕਿ ਵਿਕਾਸ ਕਾਰਜ ਠੱਪ ਰਹੇ। ਇਸ ਕਾਰਨ ਚੰਡੀਗੜ੍ਹ ਦੀ ਰਾਸ਼ਟਰੀ ਰੈਂਕਿੰਗ ਵਿੱਚ ਵੀ ਗਿਰਾਵਟ ਆਈ ਹੈ ਅਤੇ 24×7 ਜਲਾਪੂਰਤੀ ਵਰਗੀਆਂ ਬਹੁਚਰਚਿਤ ਯੋਜਨਾਵਾਂ ਵੀ ਨਾਕਾਮ ਸਾਬਤ ਹੋਈਆਂ ਹਨ। ਕਾਂਗਰਸ ਆਗੂਆਂ ਨੇ ਸਪੱਸ਼ਟ ਕੀਤਾ ਕਿ ਸ਼ਹਿਰ ਦੇ ਸਮੂਹਿਕ ਵਿਕਾਸ, ਬਿਹਤਰ ਭਵਿੱਖ ਅਤੇ ਜਨਤਾ ਦੇ ਹਿੱਤਾਂ ਦੀ ਰੱਖਿਆ ਲਈ ਭਾਜਪਾ ਨੂੰ ਸੱਤਾ ਤੋਂ ਬਾਹਰ ਕਰਨਾ ਲਾਜ਼ਮੀ ਹੈ। ਇਸੇ ਮਕਸਦ ਨਾਲ ਕਾਂਗਰਸ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਵਿੱਚ ਭਾਜਪਾ ਨੂੰ ਹਰਾਉਣ ਦੇ ਯੋਗ ਕਿਸੇ ਵੀ ਰਾਜਨੀਤਿਕ ਤਾਕਤ ਨੂੰ ਸਮਰਥਨ ਦੇਵੇਗੀ।