ਪ੍ਰਸ਼ਾਸਕ ਨੇ ਖੇਡ, ਸਿਹਤ ਅਤੇ ਇਲਾਜ ਸਹੂਲਤਾਂ ਦਾ ਕੀਤਾ ਨਿਰੀਖਣ
ਪ੍ਰਸ਼ਾਸਕ ਨੇ ਖੇਡ, ਸਿਹਤ ਅਤੇ ਇਲਾਜ਼ ਸਹੂਲਤਾਂ ਦਾ ਨਿਰੀਖਣ ਕੀਤਾ
Publish Date: Mon, 05 Jan 2026 07:22 PM (IST)
Updated Date: Mon, 05 Jan 2026 07:23 PM (IST)

ਤਰੁਣ ਭਜਨੀ, ਪੰਜਾਬੀ ਜਾਗਰਣ ਚੰਡੀਗੜ੍ਹ : ਪੰਜਾਬ ਦੇ ਰਾਜਪਾਲ ਅਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਸ਼ਹਿਰ ਵਿੱਚ ਖੇਡ ਅਤੇ ਸਿਹਤ ਢਾਂਚੇ ਦੀ ਸਮੀਖਿਆ ਲਈ ਵੱਖ-ਵੱਖ ਥਾਵਾਂ ਦਾ ਦੌਰਾ ਕੀਤਾ। ਪ੍ਰਸ਼ਾਸਕ ਨੇ ਸਭ ਤੋਂ ਪਹਿਲਾਂ ਚੰਡੀਗੜ੍ਹ ਪ੍ਰਸ਼ਾਸਨ ਦੇ ਮੁੱਖ ਸਕੱਤਰ ਐੱਚ. ਰਾਜੇਸ਼ ਪ੍ਰਸਾਦ ਦੇ ਨਾਲ ਸੈਕਟਰ-8 ਸਥਿਤ ਸਪੋਰਟਸ ਕੰਪਲੈਕਸ ਦਾ ਦੌਰਾ ਕੀਤਾ। ਨਿਰੀਖਣ ਦੌਰਾਨ ਉਨ੍ਹਾਂ ਨੇ ਸਵਿਮਿੰਗ ਪੂਲ, ਸ਼ਤਰੰਜ ਕੇਂਦਰ ਅਤੇ ਬੈਡਮਿੰਟਨ ਹਾਲ ਦਾ ਜਾਇਜ਼ਾ ਲਿਆ ਅਤੇ ਅਪਾਹਜ ਵਿਅਕਤੀਆਂ ਲਈ ਵਿਸ਼ੇਸ਼ ਤੌਰ ’ਤੇ ਵਿਕਸਿਤ ਸਟੀਕ ਗੇਂਦ ਖੇਡ ‘ਬੋੱਚੀਆ’ ਨੂੰ ਵੀ ਦੇਖਿਆ। ਉਨ੍ਹਾਂ ਨੇ ਸ਼ਤਰੰਜ ਅਤੇ ਬੋੱਚੀਆ ਦੇ ਖਿਡਾਰੀਆਂ ਨਾਲ ਗੱਲ ਬਾਤ ਕੀਤੀ। ਇਸ ਮੌਕੇ ’ਤੇ ਖੇਡ ਸਕੱਤਰ ਪ੍ਰੇਰਣਾ ਪੁਰੀ, ਖੇਡ ਨਿਰਦੇਸ਼ਕ ਸੌਰਭ ਕੁਮਾਰ ਅਰੋੜਾ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ। ਇਸ ਤੋਂ ਬਾਅਦ ਪ੍ਰਸ਼ਾਸਕ ਅਤੇ ਮੁੱਖ ਸਕੱਤਰ ਨੇ ਸਾਂਝੇ ਤੌਰ ’ਤੇ ਸੈਕਟਰ-8 ਸਥਿਤ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਦਾ ਦੌਰਾ ਕੀਤਾ, ਜਿੱਥੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਦੇ ਪ੍ਰਧਾਨ ਸੁਖਜਿੰਦਰ ਸਿੰਘ ਬਹਿਲ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ’ਤੇ ਪ੍ਰਸ਼ਾਸਕ ਅਤੇ ਮੁੱਖ ਸਕੱਤਰ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਪ੍ਰਸ਼ਾਸਕ ਨੇ ਚੰਡੀਗੜ੍ਹ ਪ੍ਰਸ਼ਾਸਨ ਦੇ ਮੁੱਖ ਸਕੱਤਰ ਐਚ. ਰਾਜੇਸ਼ ਪ੍ਰਸਾਦ, ਅਤੇ ਗ੍ਰਿਹ ਸਕੱਤਰ-ਕਮ-ਸਿਹਤ ਸਕੱਤਰ ਮਨਦੀਪ ਸਿੰਘ ਬਰਾਡ ਦੇ ਨਾਲ ਸੈਕਟਰ-48 ਸਥਿਤ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਦਾ ਦੌਰਾ ਕੀਤਾ। ਡਾਕਟਰਾਂ ਨੇ ਦੱਸਿਆ ਕਿ 100 ਬਿਸਤਰਾਂ ਵਾਲੇ ਇਸ ਹਸਪਤਾਲ ਵਿੱਚ ਇਸ ਸਮੇਂ 54 ਬਿਸਤਰ ਭਰੇ ਹੋਏ ਹਨ। ਨਿਰੀਖਣ ਦੌਰਾਨ ਡਾਕਟਰਾਂ ਨੇ ਪ੍ਰਸ਼ਾਸਕ ਨੂੰ ਮੁੱਖ ਵਾਰਡਾਂ ਅਤੇ ਸਹੂਲਤਾਂ ਦੇ ਸੰਚਾਲਨ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਜਨਰਲ ਓਪੀਡੀ, ਪ੍ਰਯੋਗਸ਼ਾਲਾ, ਟੀਕਾਕਰਨ ਕਮਰਾ ਅਤੇ ਫਾਰਮੇਸੀ ਦਾ ਨਿਰੀਖਣ ਕੀਤਾ ਅਤੇ ਖਸਰੇ ਅਤੇ ਸਾਂਹ ਸੰਬੰਧੀ ਰੋਗਾਂ ਦੇ ਵਿਭਾਗ ਦਾ ਵੀ ਦੌਰਾ ਕੀਤਾ, ਜਿਸ ਵਿੱਚ ਟੀਬੀ ਵਾਰਡ ਅਤੇ ਮਲਟੀ-ਡਰੱਗ ਰੇਜ਼ਿਸਟੈਂਟ (ਐਮਡੀਆਰ) ਕਮਰਾ ਸ਼ਾਮਲ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਓਨਕੋਲੋਜੀ, ਰੇਡੀਓਲੋਜੀ, ਮਨੋਰੋਗ ਅਤੇ ਨਸ਼ਾ ਮੁਕਤੀ ਵਾਰਡਾਂ, ਆਇਸੋਲੇਸ਼ਨ ਅਤੇ ਬ੍ਰੇਕੀਥੈਰੇਪੀ ਸੁਵਿਧਾਵਾਂ ਦਾ ਵੀ ਜਾਇਜ਼ਾ ਲਿਆ ਅਤੇ ਡਾਕਟਰਾਂ, ਸਟਾਫ ਅਤੇ ਮਰੀਜ਼ਾਂ ਨਾਲ ਸੰਵਾਦ ਕੀਤਾ। ਇਸ ਤੋਂ ਬਾਅਦ ਪ੍ਰਸ਼ਾਸਕ ਨੇ ਪੋਸਟਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀਜੀਆਈਐੱਮਈਆਰ) ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਨਵੇਂ ਓਪੀਡੀ ਦਾ ਨਿਰੀਖਣ ਕੀਤਾ। ਇਸ ਦੌਰਾਨ ਸੰਯੁਕਤ ਮੈਡੀਕਲ ਸੁਪਰਿੰਟੈਂਡੈਂਟ ਅਤੇ ਨਵੇਂ ਓਪੀਡੀ ਦੇ ਇੰਚਾਰਜ ਡਾ. ਮਹੇਸ਼ ਦੇਵਨਾਨੀ ਨੇ ਉਨ੍ਹਾਂ ਨੂੰ ਰਜਿਸਟ੍ਰੇਸ਼ਨ ਪ੍ਰਕਿਰਿਆ ਅਤੇ ਉਪਲਬਧ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ। ਪ੍ਰਸ਼ਾਸਕ ਨੇ ਫਿਜੀਓਥੈਰੇਪੀ ਵਿਭਾਗ ਦਾ ਵੀ ਦੌਰਾ ਕੀਤਾ, ਜਿੱਥੇ ਉਨ੍ਹਾਂ ਨੂੰ ਰੀੜ੍ਹ, ਕੂਲ੍ਹੇ ਅਤੇ ਗੋਡਿਆਂ ਨਾਲ ਸੰਬੰਧਿਤ ਰੋਗਾਂ ਲਈ ਆਧੁਨਿਕ ਡਿਜ਼ੀਟਲ ਵਿਸ਼ਲੇਸ਼ਣ ਅਤੇ ਇਲਾਜ ਸਹੂਲਤਾਂ ਬਾਰੇ ਜਾਣੂ ਕਰਵਾਇਆ ਗਿਆ। ਉਨ੍ਹਾਂ ਨੇ ਐਨਐੱਸਐੱਸ ਸਾਰਥੀ ਸੇਵਾਦਾਰਾਂ ਨਾਲ ਵੀ ਗੱਲਬਾਤ ਕੀਤੀ ਅਤੇ ਸਮਾਜ ਪ੍ਰਤੀ ਉਨ੍ਹਾਂ ਦੀ ਨਿਸਵਾਰਥ ਸੇਵਾ ਦੀ ਸ਼ਲਾਘਾ ਕੀਤੀ।