ਕਲਾ ਪ੍ਰੀਸ਼ਦ ਵੱਲੋਂ ਪੰਜਾਬ ਰਤਨ, ਮਾਤ ਭਾਸ਼ਾ ਸਨਮਾਨ ਅਤੇ ਪੰਜਾਬ ਗੌਰਵ ਸਨਮਾਨਾਂ ਦਾ ਐਲਾਨ
ਕਲਾ ਪਰਿਸ਼ਦ ਵੱਲੋਂ ਪੰਜਾਬ ਰਤਨ,
Publish Date: Mon, 05 Jan 2026 07:04 PM (IST)
Updated Date: Mon, 05 Jan 2026 07:05 PM (IST)

ਤਰੁਣ ਭਜਨੀ, ਪੰਜਾਬੀ ਜਾਗਰਣ ਚੰਡੀਗੜ੍ਹ : ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਵੱਲੋਂ ਅੱਜ ਕਲਾ ਭਵਨ ਸੈਕਟਰ 16 ਵਿਖੇ ਕਾਰਜਕਾਰਨੀ ਦੀ ਮੀਟਿੰਗ ਹੋਈ, ਜਿਸ ਦੀ ਪ੍ਰਧਾਨਗੀ ਕਲਾ ਪ੍ਰੀਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ ਨੇ ਕੀਤੀ। ਪੰਜਾਬ ਕਲਾ ਪ੍ਰੀਸ਼ਦ ਵੱਲੋਂ ਰੰਧਾਵਾ ਉਤਸਵ ਮੌਕੇ ਦਿੱਤੇ ਜਾਣ ਵਾਲ਼ੇ ਸਨਮਾਨਾਂ ਦਾ ਐਲਾਨ ਕੀਤਾ ਗਿਆ। 2026 ਦਾ ‘ਪੰਜਾਬ ਰਤਨ’ ਇਸ ਵਾਰ ਪ੍ਰੋ. ਕਰਮਜੀਤ ਸਿੰਘ (ਉਪ-ਕੁਲਪਤੀ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੂੰ, ਮਾਤ ਭਾਸ਼ਾ ਸਨਮਾਨ ਉੱਘੀ ਕਹਾਣੀਕਾਰਾ ਬਚਿੰਤ ਕੌਰ ਨੂੰ ਦਿੱਤਾ ਜਾਵੇਗਾ। ਇਸੇ ਤਰ੍ਹਾਂ ਪੰਜਾਬ ਗੌਰਵ ਸਨਮਾਨ ਰੰਗਮੰਚ- ਨੀਨਾ ਟਿਵਾਣਾ ਨੂੰ, ਸਿਨੇਮਾ ਗੁਰਵਿੰਦਰ ਸਿੰਘ ਨੂੰ, ਕਲਾ ਦੇਵਇੰਦਰ ਸਿੰਘ ਨੂੰ ਅਤੇ ਸਾਹਿਤ ਲਈ ਗੁਰਭਜਨ ਗਿੱਲ ਨੂੰ ਪ੍ਰਦਾਨ ਕੀਤਾ ਜਾਵੇਗਾ। ਮਹਿੰਦਰ ਸਿੰਘ ਰੰਧਾਵਾਂ, ਯਾਦਗਾਰੀ ਉਤਸਵ 2 ਫਰਵਰੀ ਤੋਂ ਲੈ ਕੇ 7 ਫਰਵਰੀ ਤਕ ਚੱਲੇਗਾ। ਇਸ ਦੌਰਾਨ ਕਵੀ ਦਰਬਾਰ, ਕਲਾ ਕਾਰਗੁਜ਼ਾਰੀਆਂ, ਫਿਲਮ ਅਤੇ ਨਾਟਕ ਦਾ ਮੰਚਨ ਕੀਤਾ ਜਾਵੇਗਾ। ਸਾਰੇ ਐਵਾਰਡੀਆਂ ’ਤੇ ਇੱਕ ਦਿਨ ਦਾ ਸੈਮੀਨਾਰ ਹੋਵੇਗਾ, ਜਿਸ ਵਿਚ ਉਨ੍ਹਾਂ ਬਾਰੇ ਪਰਚੇ ਪੜ੍ਹੇ ਜਾਣਗੇ। 2 ਫਰਵਰੀ ਨੂੰ ਉਦਘਾਟਨੀ 3 ਫਰਵਰੀ ਤੋਂ 6 ਫਰਵਰੀ ਤਕ ਅਕਾਦਮੀਆਂ ਦੇ ਪ੍ਰੋਗਰਾਮ ਹੋਣਗੇ ਅਤੇ 7 ਫਰਵਰੀ ਨੂੰ ਸਨਮਾਨ ਦਿੱਤੇ ਜਾਣਗੇ। ਚੇਅਰਮੈਨ ਸਵਰਨਜੀਤ ਸਵੀ ਨੇ ਸਭ ਕਲਾ ਪ੍ਰੇਮੀਆਂ ਨੂੰ ਇਸ ਵਿਲੱਖਣ ਉਤਸਵ ਦਾ ਹਿੱਸਾ ਬਣਨ ਦੀ ਗੁਜ਼ਾਰਿਸ਼ ਕੀਤੀ। ਸਵਰਨਜੀਤ ਸਵੀ ਨੇ ਦੱਸਿਆ ਕਿ ਸਨਮਾਨ ਸਮਾਗਮ ਵਿੱਚ ਮੁੱਖ ਮੰਤਰੀ ਪੰਜਾਬ ਦੇ ਆਉਣ ਦੀ ਉਮੀਦ ਹੈ। ਜਿਨ੍ਹਾਂ ਨੂੰ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਵਿਸ਼ੇਸ਼ ਤੌਰ ’ਤੇ ਸੱਦਾ ਦਿੱਤਾ ਜਾਵੇਗਾ। ਮੀਟਿੰਗ ਵਿਚ ਅਮਰਜੀਤ ਗਰੇਵਾਲ, ਡਾ. ਯੋਗਰਾਜ, ਅਸ਼ਵਨੀ ਚੈਟਲੇ, ਨਿਰਮਲ ਜੌੜਾ, ਡਾ. ਮਨਜਿੰਦਰ ਸਿੰਘ ਆਦਿ ਨੇ ਸ਼ਮੂਲੀਅਤ ਕੀਤੀ।