ਰਾਜਪਾਲ ਨੇ ਚੰਡੀਗੜ੍ਹ ’ਚ ਬੇਘਰਾਂ ਲਈ ਰੈਨ ਬਸੇਰਾ ਸਹੂਲਤਾਂ ਦੀ ਕੀਤੀ ਸਮੀਖਿਆ
ਰਾਜਪਾਲ ਨੇ ਚੰਡੀਗੜ੍ਹ ਵਿੱਚ ਬੇਘਰਾਂ ਲਈ ਰੈਨ ਬਸੇਰਾ ਸਹੂਲਤਾਂ ਦੀ ਸਮੀਖਿਆ ਕੀਤੀ
Publish Date: Mon, 05 Jan 2026 06:57 PM (IST)
Updated Date: Mon, 05 Jan 2026 06:59 PM (IST)
ਚੰਡੀਗੜ੍ਹ : ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਚੰਡੀਗੜ੍ਹ ਵਿੱਚ ਬੇਘਰ ਅਤੇ ਲੋੜਵੰਦ ਲੋਕਾਂ ਲਈ ਬਣਾਏ ਗਏ ਸਥਾਨਾਂ ਦਾ ਦੌਰਾ ਕਰਕੇ ਉੱਥੇ ਮੌਜੂਦ ਵਿਵਸਥਾਵਾਂ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਸਰਕਾਰੀ ਮਲਟੀ-ਸਪੈਸ਼ਲਟੀ ਹਸਪਤਾਲ (ਜੀਐਮਐਸਐਚ) ਸੈਕਟਰ-32, ਜੀਐੱਮਐੱਸਐੱਚ ਸੈਕਟਰ-16, ਪੀਜੀਆਈਐੱਮਈਆਰ (ਪੀਜੀਆਈ) ਸੈਕਟਰ-12 ਅਤੇ ਇੰਟਰ-ਸਟੇਟ ਬੱਸ ਟਰਮੀਨਸ (ਆਈਐਸਬੀਟੀ) ਸੈਕਟਰ-17 ਵਿੱਚ ਸਥਿਤ ਰੈਨ ਬਸੇਰਿਆਂ ਦਾ ਨਿਰੀਖਣ ਕੀਤਾ। ਦੌਰੇ ਦੌਰਾਨ ਪ੍ਰਸ਼ਾਸਕ ਨੇ ਕੜਾਕੇ ਦੀ ਠੰਢ ਨੂੰ ਧਿਆਨ ਵਿੱਚ ਰੱਖਦੇ ਹੋਏ ਸਥਾਪਤ ਰੈਨ ਬਸੇਰਿਆਂ ਵਿੱਚ ਉਪਲਬਧ ਸਹੂਲਤਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਬਿਸਤਰ, ਕੰਬਲ, ਪੀਣ ਵਾਲਾ ਪਾਣੀ, ਰੋਸ਼ਨੀ ਦੀ ਵਿਵਸਥਾ, ਸਫ਼ਾਈ ਸਹੂਲਤਾਂ ਅਤੇ ਕੁੱਲ ਸਾਫ਼-ਸਫ਼ਾਈ ਦੀ ਸਥਿਤੀ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਚੰਡੀਗੜ੍ਹ ਪ੍ਰਸ਼ਾਸਨ ਅਤੇ ਸੀਨੀਅਰ ਪੁਲਿਸ ਅਧਿਕਾਰੀ (ਐੱਸਐੱਸਪੀ) ਨੂੰ ਇਹ ਵੀ ਨਿਰਦੇਸ਼ ਦਿੱਤੇ ਕਿ ਸਰਦੀ ਦੇ ਮੌਸਮ ਦੌਰਾਨ ਠੰਢ ਦੀ ਮਾਰ ਝੱਲ ਰਹੇ ਲੋੜਵੰਦ ਅਤੇ ਬੇਘਰ ਲੋਕਾਂ ਨੂੰ ਕੰਬਲਾਂ ਦੀ ਵੰਡ ਯਕੀਨੀ ਬਣਾਈ ਜਾਵੇ। ਇਸ ਮੌਕੇ ਉਨ੍ਹਾਂ ਨੇ ਡਿਊਟੀ ‘ਤੇ ਤਾਇਨਾਤ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਰੈਨ ਬਸੇਰਿਆਂ ਵਿੱਚ ਸ਼ਰਣ ਲੈ ਰਹੇ ਵਿਅਕਤੀਆਂ ਦੀ ਗਰਿਮਾ, ਸੁਰੱਖਿਆ ਅਤੇ ਆਰਾਮ ਯਕੀਨੀ ਬਣਾਉਣ ’ਤੇ ਜ਼ੋਰ ਦਿੱਤਾ।
ਉਨ੍ਹਾਂ ਕਿਹਾ ਕਿ ਸਮਾਜ ਦੇ ਸਭ ਤੋਂ ਕਮਜ਼ੋਰ ਵਰਗਾਂ ਦੀ ਭਲਾਈ ਪ੍ਰਸ਼ਾਸਨ ਦੀ ਸਰਵੋਚ ਪਹਿਲ ਹੈ। ਉਨ੍ਹਾਂ ਨੇ ਰੈਨ ਬਸੇਰਿਆਂ ਵਿੱਚ ਰਹਿਣ ਵਾਲਿਆਂ ਦੀ ਨਿਯਮਤ ਨਿਗਰਾਨੀ, ਰੱਖ-ਰਖਾਅ ਅਤੇ ਮੌਸਮ ਦੀਆਂ ਬਹੁਤ ਹੀ ਕਠਿਨ ਪਰਿਸਥਿਤੀਆਂ ਦੌਰਾਨ ਕਿਸੇ ਵੀ ਵਿਅਕਤੀ ਨੂੰ ਬਿਨਾਂ ਸੁਰੱਖਿਆ ਦੇ ਨਾ ਛੱਡਣ ਲਈ ਨਗਰ ਨਿਗਮ, ਸਿਹਤ ਸੰਸਥਾਵਾਂ ਅਤੇ ਸਮਾਜਿਕ ਸੰਗਠਨਾਂ ਵਿਚਕਾਰ ਤਾਲਮੇਲ ਦੇ ਯਤਨਾਂ ਦੀ ਲੋੜ ‘ਤੇ ਜ਼ੋਰ ਦਿੱਤਾ। ਨਗਰ ਨਿਗਮ ਵੱਲੋਂ ਸ਼ਹਿਰ ਦੇ ਵੱਖ-ਵੱਖ ਸਥਾਨਾਂ ‘ਤੇ ਅਸਥਾਈ,ਰੈਨ ਬਸੇਰੇ ਸਥਾਪਤ ਕੀਤੇ ਗਏ ਹਨ। ਇਨ੍ਹਾਂ ਰੈਨ ਬਸੇਰਿਆਂ ਵਿੱਚ ਕੁਸ਼ਨ ਵਾਲੀਆਂ ਕਾਲੀਨਾਂ, ਰਜ਼ਾਈਆਂ, ਗੱਦੇ, ਤਕੀਆ, ਕੰਬਲ, ਬਿਜਲੀ ਕਨੈਕਸ਼ਨ, ਪੀਣ ਵਾਲਾ ਪਾਣੀ, ਪਖਾਨੇ ਅਤੇ ਅੱਗ ਸੁਰੱਖਿਆ ਦੀ ਵਿਵਸਥਾ ਸਮੇਤ ਲੋੜੀਂਦੀਆਂ ਸਹੂਲਤਾਂ ਉਪਲਬਧ ਕਰਵਾਈਆਂ ਗਈਆਂ ਹਨ।