ਹਾਈਵੇ ਲੁੱਟ ਗੈਂਗ : 54 ਵਾਰਦਾਤਾਂ ਕਰਨ ਵਾਲੇ ਗੈਂਗ ਦਾ ਮੁੱਖ ਸਰਗਨਾ ਗ੍ਰਿਫ਼ਤਾਰ
ਹਾਈਵੇ ਲੁੱਟ ਗੈਂਗ : 54 ਵਾਰਦਾਤਾਂ ਕਰਨ ਵਾਲੇ ਗੈਂਗ ਦਾ ਮੁੱਖ ਸਰਗਨਾ ਗ੍ਰਿਫ਼ਤਾਰ
Publish Date: Sat, 03 Jan 2026 06:40 PM (IST)
Updated Date: Sat, 03 Jan 2026 06:41 PM (IST)

12 ਸਾਲਾਂ ਤੋਂ ਸਰਗਰਮ ਸੀ, ਪੁਲਿਸ ਨੇ ਪੰਜ ਹਜ਼ਾਰ ਰੁਪਏ ਦਾ ਇਨਾਮ ਰੱਖਿਆ ਹੋਇਆ ਸੀ ਝਪਟਮਾਰ, ਲੁੱਟ, ਕਤਲ ਦੀ ਕੋਸ਼ਿਸ਼ ਅਤੇ ਹਥਿਆਰ ਤਸਕਰੀ ਸਮੇਤ 19 ਕੇਸ ਦਰਜ ਤਰੁਣ ਭਜਨੀ, ਪੰਜਾਬੀ ਜਾਗਰਣ , ਪੰਚਕੂਲਾ : ਪੰਚਕੂਲਾ ਪੁਲਿਸ ਦੀ ਕ੍ਰਾਇਮ ਬ੍ਰਾਂਚ ਸੈਕਟਰ-19 ਦੀ ਟੀਮ ਨੇ ਹਾਈਵੇ ’ਤੇ ਲਿਫ਼ਟ ਦੇ ਬਹਾਨੇ ਲੁੱਟ, ਬਲੈਕਮੇਲਿੰਗ ਅਤੇ ਜਬਰਦਸਤੀ ਵਸੂਲੀ ਦੀਆਂ 54 ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗੈਂਗ ਦੇ ਸਰਗਨਾ ਦੀਪਕ ਕੁਮਾਰ ਉਰਫ਼ ਦੀਪੂ ਪੁੱਤਰ ਪਵਨ ਕੁਮਾਰ, ਨਿਵਾਸੀ ਪਿੰਡ ਢੰਡਾਰਡੂ, ਮੌਜੂਦਾ ਕਿਰਾਏਦਾਰ ਸੈਕਟਰ-12ਏ ਪੰਚਕੂਲਾ ਨੂੰ 2 ਜਨਵਰੀ ਨੂੰ ਪਿੰਜੌਰ ਗਾਰਡਨ ਤੋਂ ਕਾਬੂ ਕੀਤਾ ਹੈ। ਮੁਲਜ਼ਮ 5 ਹਜ਼ਾਰ ਰੁਪਏ ਦਾ ਇਨਾਮੀ ਵਾਂਟੇਡ ਬਦਮਾਸ਼ ਸੀ ਅਤੇ ਪਿਛਲੇ ਕਰੀਬ 12 ਸਾਲਾਂ ਤੋਂ ਅਪਰਾਧਕ ਸਰਗਰਮੀਆਂ ਵਿੱਚ ਸ਼ਾਮਲ ਸੀ। ਮੁਲਜ਼ਮ ਖ਼ਿਲਾਫ਼ ਪੰਚਕੂਲਾ ਅਤੇ ਮੋਹਾਲੀ ਵਿੱਚ ਸਨੈਚਿੰਗ, ਲੁੱਟ, ਕਤਲ ਦੀ ਕੋਸ਼ਿਸ਼ ਅਤੇ ਹਥਿਆਰ ਤਸਕਰੀ ਸਮੇਤ ਕੁੱਲ 19 ਅਪਰਾਧਕ ਮਾਮਲੇ ਦਰਜ ਹਨ। ਮੁਲਜ਼ਮ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ 3 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਰਿਮਾਂਡ ਦੌਰਾਨ ਪੁਲਿਸ ਵਾਰਦਾਤਾਂ ਵਿੱਚ ਲੁੱਟਿਆ ਗਿਆ ਨਕਦ ਅਤੇ ਵਾਰਦਾਤ ਵਿੱਚ ਵਰਤਿਆ ਸਮਾਨ ਬਰਾਮਦ ਕਰੇਗੀ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਗੈਂਗ ਲੰਮੇ ਸਮੇਂ ਤੋਂ ਪੰਚਕੂਲਾ, ਮੋਹਾਲੀ ਅਤੇ ਅੰਬਾਲਾ ਸਮੇਤ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਸਰਗਰਮ ਸੀ ਅਤੇ ਮਹਿਲਾ ਮੁਲਜ਼ਮ ਦੇ ਜ਼ਰੀਏ ਹਾਈਵੇ ’ਤੇ ਵਾਹਨ ਚਾਲਕਾਂ ਨੂੰ ਨਿਸ਼ਾਨਾ ਬਣਾਕੇ ਲਿਫ਼ਟ ਦੇ ਬਹਾਨੇ ਲੁੱਟ -ਖੋਹ , ਬਲੈਕਮੇਲਿੰਗ ਅਤੇ ਜਬਰਦਸਤੀ ਵਸੂਲੀ ਕਰਦਾ ਸੀ। ਹੁਣ ਤੱਕ ਇਹ ਗਿਰੋਹ 54 ਤੋਂ ਵੱਧ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ। ਏਸੀਪੀ ਕਰਾਈਮ ਅਰਵਿੰਦ ਕੰਬੋਜ ਨੇ ਪ੍ਰੈਸ ਮਿਲਣੀ ਦੌਰਾਨ ਦੱਸਿਆ ਕਿ 15 ਦਸੰਬਰ ਨੂੰ ਹਿਮਾਚਲ ਪ੍ਰਦੇਸ਼ ਨਿਵਾਸੀ ਇੱਕ ਟਰੱਕ ਚਾਲਕ ਨੇ ਥਾਣਾ ਚੰਡੀਮੰਦਰ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ। ਪੀੜਤ ਦੇ ਅਨੁਸਾਰ, 13 ਦਸੰਬਰ ਨੂੰ ਉਹ ਬੱਦੀ ਤੋਂ ਦੇਹਰਾਦੂਨ ਲਈ ਪਿਕਅੱਪ ਵਾਹਨ ਵਿੱਚ ਸਮਾਨ ਲੈ ਕੇ ਜਾ ਰਿਹਾ ਸੀ। ਚੰਡੀਮੰਦਰ ਟੋਲ ਪਲਾਜ਼ਾ ਪਾਰ ਕਰਨ ਤੋਂ ਬਾਅਦ ਸਵੇਰੇ ਕਰੀਬ 5 ਵਜੇ ਇੱਕ ਅਣਪਛਾਤੀ ਨੌਜਵਾਨ ਕੁੜੀ ਨੇ ਲਿਫ਼ਟ ਮੰਗੀ। ਚਾਲਕ ਵੱਲੋਂ ਗੱਡੀ ਰੋਕਣ ’ਤੇ ਕੁੜੀ ਨੇ ਨਾਡਾ ਸਾਹਿਬ ਸਥਿਤ ਆਈਟੀ ਪਾਰਕ ਜਾਣ ਦੀ ਗੱਲ ਕਹੀ। ਜਿਵੇਂ ਹੀ ਨੈਸ਼ਨਲ ਹਾਈਵੇ ਪੰਚਕੂਲਾ–ਯਮੁਨਾਨਗਰ ’ਤੇ ਘੱਗਰ ਦਰਿਆ ਦੇ ਪੁਲ ਨੂੰ ਪਾਰ ਕਰਕੇ ਪਿੰਡ ਚੌਕੀ ਨੇੜੇ ਚਾਲਕ ਉਸ ਨੂੰ ਉਤਾਰਨ ਲੱਗਾ, ਤਾਂ ਵੇਗਨਆਰ ਕਾਰ ਵਿੱਚੋਂ ਉਤਰੇ ਦੋ ਨੌਜਵਾਨਾਂ ਨੇ ਚਾਕੂ ਵਿਖਾ ਕੇ ਪੀੜਤ ਕੋਲੋਂ 2400 ਰੁਪਏ ਨਕਦ ਅਤੇ ਮੋਬਾਈਲ ਫੋਨ ਲੁੱਟ ਲਿਆ ਅਤੇ ਚਾਕੂ ਦੀ ਨੋਕ ’ਤੇ ਮੋਬਾਈਲ ਰਾਹੀਂ ਗੂਗਲ-ਪੇ ਨਾਲ 50 ਹਜ਼ਾਰ ਰੁਪਏ ਵੀ ਟ੍ਰਾਂਸਫ਼ਰ ਕਰਵਾ ਲਏ। ਇਸ ਮਾਮਲੇ ’ਚ ਥਾਣਾ ਚੰਡੀਮੰਦਰ ਵਿੱਚ ਲੁੱਟ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ। ਜਾਂਚ ਦੌਰਾਨ ਕਰਾਈਮ ਬ੍ਰਾਂਚ ਸੈਕਟਰ-19 ਦੇ ਇੰਚਾਰਜ ਮੁਕੇਸ਼ ਸੈਨੀ ਦੀ ਅਗਵਾਈ ਹੇਠ ਟੀਮ ਨੇ ਗੁਪਤ ਸੂਚਨਾ ਦੇ ਆਧਾਰ ’ਤੇ 17 ਦਸੰਬਰ ਨੂੰ ਸੂਰਜ ਸਿਨੇਮਾ, ਸੈਕਟਰ-1 ਪੰਚਕੂਲਾ ਨੇੜੇ ਤੋਂ ਦੋ ਮੁਲਜ਼ਮਾਂ ਅਸ਼ੋਕ ਕੁਮਾਰ ਨਿਵਾਸੀ ਜ਼ਿਲ੍ਹਾ ਬਰੇਲੀ (ਉੱਤਰ ਪ੍ਰਦੇਸ਼) ਅਤੇ ਸੱਨੀ ਕੁਮਾਰ ਸਚਦੇਵਾ ਨਿਵਾਸੀ ਫ਼ਾਜ਼ਿਲਕਾ (ਪੰਜਾਬ) ਨੂੰ ਗ੍ਰਿਫ਼ਤਾਰ ਕੀਤਾ। ਉਨ੍ਹਾਂ ਦੇ ਕਬਜ਼ੇ ਤੋਂ ਵਾਰਦਾਤ ਵਿੱਚ ਵਰਤੀ ਗਈ ਵੇਗਨਆਰ ਕਾਰ ਬਰਾਮਦ ਕੀਤੀ ਗਈ। ਇਸ ਤੋਂ ਬਾਅਦ 18 ਦਸੰਬਰ ਨੂੰ ਮਹਿਲਾ ਮੁਲਜ਼ਮ ਸੰਦੀਪ ਕੌਰ ਉਰਫ਼ ਮਾਹੀ ਉਰਫ਼ ਦੀਪੂ, ਨਿਵਾਸੀ ਜ਼ਿਲ੍ਹਾ ਫ਼ਿਰੋਜ਼ਪੁਰ (ਪੰਜਾਬ) ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ। ਮੁਲਜ਼ਮ ਇਕ ਸੰਗਠਿਤ ਗੈਂਗ ਵਜੋਂ ਕੰਮ ਕਰ ਰਹੇ ਸਨ ਅਤੇ ਮਹਿਲਾ ਮੁਲਜ਼ਮ ਦੇ ਜ਼ਰੀਏ ਹਾਈਵੇ ’ਤੇ ਵਾਹਨ ਚਾਲਕਾਂ ਨੂੰ ਫਸਾਉਂਦੇ ਸਨ। ਡੀਸੀਪੀ ਕਰਾਈਮ ਐਂਡ ਟ੍ਰੈਫ਼ਿਕ ਮਨਪ੍ਰੀਤ ਸਿੰਘ ਸੂਦਨ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਪੰਚਕੂਲਾ, ਮੋਹਾਲੀ ਅਤੇ ਅੰਬਾਲਾ ਵਿੱਚ ਸਨੈਚਿੰਗ, ਜਬਰਦਸਤੀ ਵਸੂਲੀ ਅਤੇ ਬਲੈਕਮੇਲਿੰਗ ਦੀਆਂ 53 ਵਾਰਦਾਤਾਂ ਨੂੰ ਅੰਜਾਮ ਦੇਣਾ ਕਬੂਲ ਕੀਤਾ ਹੈ। ਪੰਜਾਬ ਵਿੱਚ ਵੀ ਇਨ੍ਹਾਂ ਖ਼ਿਲਾਫ਼ ਕਈ ਅਪਰਾਧਕ ਮਾਮਲੇ ਦਰਜ ਹਨ। ਪੁਲਿਸ ਕਮਿਸ਼ਨਰ ਪੰਚਕੂਲਾ (ਏਡੀਜੀਪੀ) ਸ਼ਿਵਾਸ ਕਵਿਰਾਜ ਨੇ ਕਿਹਾ ਕਿ ਪੰਚਕੂਲਾ ਪੁਲਿਸ ਅਪਰਾਧੀਆਂ ਖ਼ਿਲਾਫ਼ ਪੂਰੀ ਮਜ਼ਬੂਤੀ ਅਤੇ ਸਾਵਧਾਨੀ ਨਾਲ ਕਾਰਵਾਈ ਕਰ ਰਹੀ ਹੈ। ਭਵਿੱਖ ਵਿੱਚ ਵੀ ਲੁੱਟ, ਸਨੈਚਿੰਗ ਅਤੇ ਸੰਗਠਿਤ ਅਪਰਾਧ ਖ਼ਿਲਾਫ਼ ਸਖ਼ਤ ਅਤੇ ਤੁਰੰਤ ਕਾਰਵਾਈ ਜਾਰੀ ਰਹੇਗੀ। ਪੰਚਕੂਲਾ ਪੁਲਿਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਾਵਧਾਨ ਰਹਿਣ, ਅਣਜਾਣ ਵਿਅਕਤੀਆਂ ਨੂੰ ਲਿਫ਼ਟ ਦੇਣ ਤੋਂ ਬਚਣ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਬਾਰੇ ਤੁਰੰਤ ਪੁਲਿਸ ਨੂੰ ਸੂਚਿਤ ਕਰਨ।