ਪੀਜੀਆਈ ਸੰਗਰੂਰ ਸੈਟੇਲਾਈਟ ਸੈਂਟਰ ’ਚ ਹਸਪਤਾਲ ਇਨਫਾਰਮੇਸ਼ਨ ਸਿਸਟਮ ਹੋਇਆ ਸ਼ੁਰੂ
ਪੀਜੀਆਈ ਸੰਗਰੂਰ ਸੈਟੇਲਾਈਟ ਸੈਂਟਰ ਵਿੱਚ ਹਸਪਤਾਲ ਇਨਫਾਰਮੇਸ਼ਨ ਸਿਸਟਮ ਹੋਇਆ ਸ਼ੁਰੂ
Publish Date: Thu, 01 Jan 2026 06:30 PM (IST)
Updated Date: Thu, 01 Jan 2026 06:32 PM (IST)

ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਨਵੇਂ ਸਾਲ ਦੀ ਸ਼ੁਰੂਆਤ ਨਾਲ ਹੀ ਪੋਸਟਗ੍ਰੈਜੂਏਟ ਇੰਸਟੀਟਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀਜੀਆਈਐਮਈਆਰ), ਚੰਡੀਗੜ੍ਹ ਨੇ ਸਿਹਤ ਸੇਵਾਵਾਂ ਦੀ ਡਿਜ਼ੀਟਲਾਈਜ਼ੇਸ਼ਨ ਵੱਲ ਇਕ ਮਹੱਤਵਪੂਰਨ ਕਦਮ ਚੁੱਕਦਿਆਂ ਆਪਣੇ ਸੰਗਰੂਰ ਸੈਟੇਲਾਈਟ ਸੈਂਟਰ ਵਿਚ ਹਸਪਤਾਲ ਇਨਫਾਰਮੇਸ਼ਨ ਸਿਸਟਮ (ਐੱਚਆਈਐੱਸ) ਸਫ਼ਲਤਾਪੂਰਵਕ ਚਾਲੂ ਕਰ ਦਿੱਤਾ ਹੈ। ਇਹ ਕਦਮ ਪੀਜੀਆਈ ਦੀ ਡਿਜ਼ੀਟਲ ਹੈਲਥ ਯਾਤਰਾ ਵਿਚ ਇਕ ਵੱਡਾ ਮੀਲ ਪੱਥਰ ਮੰਨਿਆ ਜਾ ਰਿਹਾ ਹੈ। ਪੀਜੀਆਈ ਦੇ ਡਾਇਰੈਕਟਰ ਪ੍ਰੋ. ਵਿਵੇਕ ਲਾਲ ਨੇ ਇਸ ਮੌਕੇ ’ਤੇ ਕਿਹਾ ਕਿ ਸੰਗਰੂਰ ਸੈਂਟਰ ਵਿਚ ਐੱਚਆਈਐੱਸ ਦੀ ਸਫ਼ਲ ਸ਼ੁਰੂਆਤ ਸੰਸਥਾ ਦੀ ਸਮਪੂਰਨ ਡਿਜ਼ੀਟਲ ਸਿਹਤ ਦ੍ਰਿਸ਼ਟੀ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਣਾਲੀ ਹਸਪਤਾਲ ਦੇ ਕੰਮਕਾਜ ਵਿੱਚ ਪਾਰਦਰਸ਼ਤਾ ਅਤੇ ਮਰੀਜ਼ਾਂ ਦੀ ਸੁਵਿਧਾ ਨੂੰ ਮੁੱਖ ਰੱਖ ਕੇ ਤਿਆਰ ਕੀਤੀ ਗਈ ਹੈ। ਪ੍ਰੋ. ਲਾਲ ਨੇ ਇਹ ਵੀ ਸਪਸ਼ਟ ਕੀਤਾ ਕਿ ਇਸੇ ਡਿਜ਼ੀਟਲ ਮਾਡਲ ਨੂੰ ਅੱਗੇ ਚਲ ਕੇ ਪੀਜੀਆਈ ਚੰਡੀਗੜ੍ਹ ਵਿੱਚ ਵੀ ਲਾਗੂ ਕੀਤਾ ਜਾਵੇਗਾ, ਤਾਂ ਜੋ ਸਾਰੇ ਪੀਜੀਆਈ ਸੈਂਟਰਾਂ ਵਿੱਚ ਇਕਸਾਰ ਅਤੇ ਮਰੀਜ਼-ਕੇਂਦਰਿਤ ਸਿਹਤ ਸੇਵਾਵਾਂ ਯਕੀਨੀ ਬਣਾਈਆਂ ਜਾ ਸਕਣ । ਐੱਚਆਈਐੱਸ ਦੇ ਪਹਿਲੇ ਚਰਨ ਤਹਿਤ ਮਰੀਜ਼ ਰਜਿਸਟ੍ਰੇਸ਼ਨ, ਬਿਲਿੰਗ ਅਤੇ ਐਡਮਿਸ਼ਨ–ਡਿਸਚਾਰਜ–ਟ੍ਰਾਂਸਫ਼ਰ ਨਾਲ ਸੰਬੰਧਿਤ ਮੋਡੀਊਲ ਪੂਰੀ ਤਰ੍ਹਾਂ ਲਾਗੂ ਕਰ ਦਿੱਤੇ ਗਏ ਹਨ, ਜੋ ਮੌਜੂਦਾ ਸਮੇਂ ਦੌਰਾਨ ਰੋਜ਼ਾਨਾ ਹਸਪਤਾਲ ਦੇ ਕੰਮਾਂ ਵਿੱਚ ਵਰਤੇ ਜਾ ਰਹੇ ਹਨ। ਇਸਦੇ ਨਾਲ ਹੀ ਡਾਕਟਰ ਡੈਸਕ, ਲੈਬੋਰੇਟਰੀ ਸੇਵਾਵਾਂ ਅਤੇ ਸਟੋਰਜ਼/ਇਨਵੈਂਟਰੀ ਮੈਨੇਜਮੈਂਟ ਵਰਗੇ ਹੋਰ ਮੋਡੀਊਲਾਂ ਦੀ ਟ੍ਰੇਨਿੰਗ ਅਤੇ ਟੈਸਟਿੰਗ ਅੰਤਿਮ ਪੜਾਅ ਵਿੱਚ ਹੈ, ਜਿਨ੍ਹਾਂ ਨੂੰ ਜਲਦੀ ਹੀ ਚਾਲੂ ਕਰ ਦਿੱਤਾ ਜਾਵੇਗਾ। ਇਸ ਸਬੰਧੀ ਪੰਕਜ ਰਾਏ, ਡਿਪਟੀ ਡਾਇਰੈਕਟਰ (ਪ੍ਰਸ਼ਾਸਨ), ਪੀਜੀਆਈ ਨੇ ਦੱਸਿਆ ਕਿ ਸੰਗਰੂਰ ਸੈਟੇਲਾਈਟ ਸੈਂਟਰ ਵਿੱਚ 1 ਜਨਵਰੀ 2026 ਤੋਂ ਐਚ ਆਈ ਐਸ ਚਾਲੂ ਕਰਨ ਲਈ ਪਹਿਲਾਂ ਹੀ ਇੱਕ ਸਪਸ਼ਟ ਸਮਾਂ-ਸੂਚੀ ਤੈਅ ਕੀਤੀ ਗਈ ਸੀ, ਜਿਸਨੂੰ ਸਾਰੇ ਸੰਬੰਧਤ ਵਿਭਾਗਾਂ ਦੀ ਸਾਂਝੀ ਮਿਹਨਤ ਨਾਲ ਸਮੇਂ ਸਿਰ ਪੂਰਾ ਕੀਤਾ ਗਿਆ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਹਸਪਤਾਲ ਇਨਫਾਰਮੇਸ਼ਨ ਸਿਸਟਮ ਸੀ-ਡੈਕ ਨੋਇਡਾ ਵੱਲੋਂ ਵਿਕਸਿਤ ਕੀਤਾ ਗਿਆ ਹੈ, ਜੋ ਪੀਜੀਆਈ ਦੀ ਵਿਸ਼ਾਲ ਡਿਜ਼ੀਟਲ ਟ੍ਰਾਂਸਫ਼ਾਰਮੇਸ਼ਨ ਯੋਜਨਾ ਦਾ ਇੱਕ ਹਿੱਸਾ ਹੈ। 350 ਬਿਸਤਰਾਂ ਵਾਲਾ ਸੰਗਰੂਰ ਸੈਟੇਲਾਈਟ ਸੈਂਟਰ ਇਸ ਪ੍ਰਣਾਲੀ ਨੂੰ ਅਪਣਾਉਣ ਵਾਲੇ ਸ਼ੁਰੂਆਤੀ ਸੈਂਟਰਾਂ ਵਿੱਚ ਸ਼ਾਮਲ ਹੈ, ਜਿਸ ਨਾਲ ਹਸਪਤਾਲ ਦਾ ਪ੍ਰਸਾਸਨਿਕ ਕੰਮ ਹੋਰ ਸੁਚੱਜਾ ਹੋਵੇਗਾ ਅਤੇ ਮਰੀਜ਼ਾਂ ਨੂੰ ਤੇਜ਼, ਪਾਰਦਰਸ਼ੀ ਅਤੇ ਗੁਣਵੱਤਾਪੂਰਨ ਸੇਵਾਵਾਂ ਮਿਲਣਗੀਆਂ।