- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ੀਰਕਪੁਰ ਦੇ ਢਕੌਲੀ ਖੇਤਰ ਦੇ ਅਧੀਨ ਪੈਂਦੇ ਬਸੰਤ ਵਿਹਾਰ ਵਿਚ ਇਕ ਦਿਲ ਕੰਬਾਊ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਗੁਆਂਢੀ ਕਾਰ ਚਾਲਕ ਦੀ ਕਥਿਤ ਲਾਪਰਵਾਹੀ ਨੇ ਸਾਢੇ ਚਾਰ ਸਾਲ ਦੀ ਮਾਸੂਮ ਬੱਚੀ 'ਅਨਨਿਆ' ਦੀਆਂ ਖੁਸ਼ੀਆਂ ਖੋਹ ਲਈਆਂ ਹਨ। ਘਰ ਦੇ ਬਾਹਰ ਗਲੀ ਵਿਚ ਖੇਡ ਰਹੀ ਮਾਸੂਮ ਬੱਚੀ 'ਤੇ ਗੁਆਂਢੀ ਨੇ ਕਾਰ ਚੜ੍ਹਾ ਦਿੱਤੀ, ਜਿਸ ਕਾਰਨ ਉਸ ਦੀਆਂ ਦੋਵੇਂ ਲੱਤਾਂ ਦੀਆਂ ਹੱਡੀਆਂ ਬੁਰੀ ਤਰ੍ਹਾਂ ਟੁੱਟ ਗਈਆਂ। ਇਸ ਹਾਦਸੇ ਤੋਂ ਬਾਅਦ ਪੂਰੇ ਇਲਾਕੇ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਟੀਪੀਐੱਸ ਗਿੱਲ, ਪੰਜਾਬੀ ਜਾਗਰਣ, ਜ਼ੀਰਕਪੁਰ। ਜ਼ੀਰਕਪੁਰ ਦੇ ਢਕੌਲੀ ਖੇਤਰ ਦੇ ਅਧੀਨ ਪੈਂਦੇ ਬਸੰਤ ਵਿਹਾਰ ਵਿਚ ਇਕ ਦਿਲ ਕੰਬਾਊ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਗੁਆਂਢੀ ਕਾਰ ਚਾਲਕ ਦੀ ਕਥਿਤ ਲਾਪਰਵਾਹੀ ਨੇ ਸਾਢੇ ਚਾਰ ਸਾਲ ਦੀ ਮਾਸੂਮ ਬੱਚੀ 'ਅਨਨਿਆ' ਦੀਆਂ ਖੁਸ਼ੀਆਂ ਖੋਹ ਲਈਆਂ ਹਨ। ਘਰ ਦੇ ਬਾਹਰ ਗਲੀ ਵਿਚ ਖੇਡ ਰਹੀ ਮਾਸੂਮ ਬੱਚੀ 'ਤੇ ਗੁਆਂਢੀ ਨੇ ਕਾਰ ਚੜ੍ਹਾ ਦਿੱਤੀ, ਜਿਸ ਕਾਰਨ ਉਸ ਦੀਆਂ ਦੋਵੇਂ ਲੱਤਾਂ ਦੀਆਂ ਹੱਡੀਆਂ ਬੁਰੀ ਤਰ੍ਹਾਂ ਟੁੱਟ ਗਈਆਂ। ਇਸ ਹਾਦਸੇ ਤੋਂ ਬਾਅਦ ਪੂਰੇ ਇਲਾਕੇ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਖੇਡ ਰਹੀ ਸੀ ਮਾਸੂਮ, ਉਦੋਂ ਹੀ ਕਾਲ ਬਣ ਕੇ ਆਈ ਕਾਰ
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ 31 ਜਨਵਰੀ ਦਾ ਹੈ। ਸਾਢੇ ਚਾਰ ਸਾਲ ਦੀ ਅਨਨਿਆ ਆਪਣੇ ਘਰ ਦੇ ਬਾਹਰ ਗਲੀ ਵਿਚ ਖੇਡ ਰਹੀ ਸੀ। ਪਰਿਵਾਰਕ ਮੈਂਬਰਾਂ ਅਨੁਸਾਰ ਉਸੇ ਸਮੇਂ ਗੁਆਂਢ ਵਿਚ ਰਹਿਣ ਵਾਲਾ ਇਕ ਵਿਅਕਤੀ ਆਪਣੀ ਕਾਰ ਕੱਢ ਰਿਹਾ ਸੀ। ਦੋਸ਼ ਹੈ ਕਿ ਕਾਰ ਚਾਲਕ ਨੇ ਲਾਪਰਵਾਹੀ ਅਤੇ ਤੇਜ਼ ਰਫ਼ਤਾਰ ਨਾਲ ਕਾਰ ਚਲਾਈ ਅਤੇ ਸਿੱਧੀ ਮਾਸੂਮ ਅਨਨਿਆ ਨੂੰ ਆਪਣੀ ਲਪੇਟ ਵਿਚ ਲੈ ਲਿਆ।
ਕਾਰ ਦਾ ਪਹੀਆ ਬੱਚੀ ਦੀਆਂ ਦੋਵੇਂ ਲੱਤਾਂ ਦੇ ਉੱਪਰੋਂ ਲੰਘ ਗਿਆ। ਜਿਵੇਂ ਹੀ ਬੱਚੀ ਦੀ ਚੀਕ ਸੁਣਾਈ ਦਿੱਤੀ, ਪਰਿਵਾਰਕ ਮੈਂਬਰ ਅਤੇ ਆਸ-ਪਾਸ ਦੇ ਲੋਕ ਤੁਰੰਤ ਮੌਕੇ 'ਤੇ ਪਹੁੰਚ ਗਏ। ਲਹੂ-ਲੁਹਾਣ ਹਾਲਤ ਵਿਚ ਤੜਫ ਰਹੀ ਅਨਨਿਆ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ।
ਬਿਸਤਰ ਤੱਕ ਸਿਮਟ ਕੇ ਰਹਿ ਗਈ ਮਾਸੂਮ ਦੀ ਦੁਨੀਆ
ਅਨਨਿਆ ਦੇ ਪਿਤਾ ਸੰਤੋਸ਼ ਖੁਸ਼ਵਾਹਾ ਨੇ ਭਰੇ ਮਨ ਨਾਲ ਦੱਸਿਆ ਕਿ ਹਾਦਸੇ ਵੇਲੇ ਉਨ੍ਹਾਂ ਦੀ ਬੇਟੀ ਦਰਦ ਨਾਲ ਬੁਰੀ ਤਰ੍ਹਾਂ ਕੁਰਲਾ ਰਹੀ ਸੀ। ਹਸਪਤਾਲ ਵਿਚ ਡਾਕਟਰਾਂ ਨੇ ਜਾਂਚ ਤੋਂ ਬਾਅਦ ਪੁਸ਼ਟੀ ਕੀਤੀ ਕਿ ਅਨਨਿਆ ਦੀਆਂ ਦੋਵੇਂ ਲੱਤਾਂ ਵਿਚ ਗੰਭੀਰ ਫਰੈਕਚਰ ਹੋਇਆ ਹੈ। ਹਾਲਾਂਕਿ ਮੁੱਢਲੀ ਸਹਾਇਤਾ ਅਤੇ ਪਲਸਤਰ ਲਗਾਉਣ ਤੋਂ ਬਾਅਦ ਬੱਚੀ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ, ਪਰ ਡਾਕਟਰਾਂ ਨੇ ਉਸ ਨੂੰ ਲੰਬੇ ਸਮੇਂ ਤੱਕ ਬੈੱਡ ਰੈਸਟ ਅਤੇ ਸਖ਼ਤ ਨਿਗਰਾਨੀ ਹੇਠ ਰਹਿਣ ਦੀ ਸਲਾਹ ਦਿੱਤੀ ਹੈ। ਜਿਹੜੀ ਬੱਚੀ ਕੁੱਝ ਦਿਨ ਪਹਿਲਾਂ ਤੱਕ ਗਲੀ ਵਿਚ ਖੇਡਦੀ ਫਿਰਦੀ ਸੀ, ਉਹ ਹੁਣ ਚੱਲਣ-ਫਿਰਨ ਤੋਂ ਪੂਰੀ ਤਰ੍ਹਾਂ ਅਸਮਰੱਥ ਹੈ।
ਪਰਿਵਾਰ ਨੇ ਕੀਤੀ ਸਪੀਡ ਬਰੇਕਰ ਅਤੇ ਸਖ਼ਤ ਕਾਰਵਾਈ ਦੀ ਮੰਗ
ਹਾਦਸੇ ਤੋਂ ਬਾਅਦ ਪਰਿਵਾਰ ਨੇ ਢਕੌਲੀ ਥਾਣੇ ਵਿਚ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ। ਸੰਤੋਸ਼ ਕੁਸ਼ਵਾਹਾ ਅਤੇ ਹੋਰ ਵਸਨੀਕਾਂ ਦਾ ਦੋਸ਼ ਹੈ ਕਿ ਰਿਹਾਇਸ਼ੀ ਇਲਾਕਿਆਂ ਵਿਚ ਕਈ ਲੋਕ ਨਿਯਮਾਂ ਦੀ ਉਲੰਘਣਾ ਕਰਕੇ ਤੇਜ਼ ਰਫ਼ਤਾਰ ਨਾਲ ਵਾਹਨ ਚਲਾਉਂਦੇ ਹਨ। ਤੰਗ ਗਲੀਆਂ ਵਿਚ ਇਸ ਤਰ੍ਹਾਂ ਦੀ ਡਰਾਈਵਿੰਗ ਬੱਚਿਆਂ ਅਤੇ ਬਜ਼ੁਰਗਾਂ ਲਈ ਹਰ ਰੋਜ਼ ਜਾਨ ਦਾ ਖ਼ਤਰਾ ਬਣੀ ਹੋਈ ਹੈ।
ਪੀੜਤ ਪਰਿਵਾਰ ਦੀ ਮੰਗ
ਮੁਲਜ਼ਮ ਨੌਜਵਾਨ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਬਸੰਤ ਵਿਹਾਰ ਦੀਆਂ ਅੰਦਰੂਨੀ ਸੜਕਾਂ 'ਤੇ ਤੁਰੰਤ ਸਪੀਡ ਬਰੇਕਰ ਬਣਾਏ ਜਾਣ। ਰਿਹਾਇਸ਼ੀ ਖੇਤਰਾਂ ਵਿਚ ਵਾਹਨਾਂ ਦੀ ਗਤੀ ਸੀਮਾ ਨਿਰਧਾਰਤ ਕਰਨ ਲਈ ਪੁਲਿਸ ਗਸ਼ਤ ਵਧਾਈ ਜਾਵੇ।
ਢਕੌਲੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਅਤੇ ਵਾਰਿਸਾਂ ਦੇ ਬਿਆਨਾਂ ਦੇ ਆਧਾਰ 'ਤੇ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।