ਸ਼ਹੀਦ ਭਗਤ ਸਿੰਘ ਦੀ ਸੋਚ ਨੂੰ ਘਰ-ਘਰ ਪਹੁੰਚਾਉਣ ਦੀ ਲੋੜ : ਪਰਦੇਸੀ
ਸ਼ਹੀਦ ਭਗਤ ਸਿੰਘ ਦੀ ਸੋਚ ਨੂੰ ਘਰ-ਘਰ ਪਹੁੰਚਾਉਣ ਦੀ ਲੋੜ : ਪਰਦੇਸੀ
Publish Date: Fri, 20 Mar 2026 07:04 PM (IST)
Updated Date: Fri, 20 Mar 2026 07:07 PM (IST)

ਸ਼ਹੀਦ ਭਗਤ ਸਿੰਘ ਦੇ ਫਲਸਫ਼ੇ ’ਤੇ ਚਰਚਾ ਕਰਨ ਦਾ ਫ਼ੈਸਲਾ : ਤਰਕਸ਼ੀਲ ਮਹਿਰਾ, ਪੰਜਾਬੀ ਜਾਗਰਣ, ਖਰੜ : ਅੱਜ ਜਦੋਂ ਹਰ ਪਾਸੇ ਨੌਜਵਾਨ ਬੇਰੁਜ਼ਗਾਰੀ ਦੇ ਆਲ਼ਮ ’ਚ ਪਰੇਸ਼ਾਨ ਹੈ, ਉਸ ਸਮੇਂ ਸ਼ਹੀਦ ਭਗਤ ਸਿੰਘ ਦੀ ਸੋਚ ਨੂੰ ਘਰ-ਘਰ ਪਹੁੰਚਾਉਣ ਦੀ ਬਹੁਤ ਲੋੜ ਹੈ। ਇਹ ਵਿਚਾਰ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਜ਼ੋਨ ਚੰਡੀਗੜ੍ਹ ਦੇ ਮੁੱਖੀ ਅਜੀਤ ਪਰਦੇਸੀ ਨੇ ਖਰੜ ਵਿਖੇ ਜ਼ੋਨ ਬੈਠਕ ਦੀ ਪ੍ਰਧਾਨਗੀ ਕਰਦੇ ਸਮੇਂ ਆਖੇ। ਉਨ੍ਹਾਂ ਕਿਹਾ ਕਿ ਭਗਤ ਸਿੰਘ ਨੌਜਵਾਨਾਂ ਲਈ ਰੋਲ ਮਾਡਲ ਹੈ। ਜ਼ੋਨ ਮੀਡੀਆ ਮੁਖੀ ਪ੍ਰਿੰ: ਖਰੜ ਗੁਰਮੀਤ, ਜੋਗਾ ਸਿੰਘ ਚੰਡੀਗੜ੍ਹ ਅਤੇ ਸ਼ੈਲਿੰਦਰ ਮੁਹਾਲੀ ਨੇ ਮੈਂਬਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਭਗਤ ਸਿੰਘ ਦਾ ਸੁਪਨਾ ਸੀ, ਕਿ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਨਾ ਹੋਵੇ। ਸਾਡਾ ਮੁੱਖ ਉਦੇਸ਼ ਸ਼ੋਸ਼ਣ ਰਹਿਤ ਸਮਾਜ ਸਿਰਜਣ ਦਾ ਹੋਣਾ ਚਾਹੀਦਾ ਹੈ। ਸਾਨੂੰ ਧਰਮ, ਜਾਤ-ਪਾਤ, ਇਲਾਕਾਈ ਬਲੱਗਨਾ ਤੋਂ ਉਪਰ ਉੱਠ ਕੇ ਸਮਾਜਿਕ ਵਿਕਾਸ ਲਈ ਕੰਮ ਕਰਨਾ ਚਾਹੀਦਾ ਹੈ। ਇਸ ਮੌਕੇ ਖਰੜ ਇਕਾਈ ਦੇ ਮੁੱਖੀ ਕੁਲਵਿੰਦਰ ਨਗਾਰੀ, ਰੋਪੜ ਤੋਂ ਅਸ਼ੋਕ ਕੁਮਾਰ, ਮੁਹਾਲੀ ਤੋਂ ਲੈਕਚਰਾਰ ਸੁਰਜੀਤ ਅਤੇ ਇਕਾਈ ਸਰਹਿੰਦ ਤੋਂ ਮਾਸਟਰ ਹਰਜੀਤ ਸਿੰਘ ਨੇ ਦੱਸਿਆ ਕਿ 23 ਮਾਰਚ ਨੂੰ ਜ਼ੋਨ ਦੀਆਂ ਸਾਰੀਆਂ ਇਕਾਈਆਂ ਵੱਲੋਂ ਆਪਣੇ-ਆਪਣੇ ਪੱਧਰ ’ਤੇ ਭਗਤ ਸਿੰਘ ਦੇ ਫਲਸਫ਼ੇ ’ਤੇ ਲੋਕਾਂ ਨਾਲ ਸੰਵਾਦ ਰਚਾਇਆ ਜਾਵੇਗਾ। ਜ਼ੋਨ ਆਗੂ ਬਲਦੇਵ ਜਲਾਲ, ਬੱਸੀ ਤੋਂ ਮੈਨੇਜਰ ਹਰਨੇਕ ਸਿੰਘ, ਐਡਵੋਕੇਟ ਕਮਲਜੀਤ ਸਿੰਘ ਨੇ ਦੱਸਿਆ ਕਿ 22 ਮਾਰਚ ਨੂੰ ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਸੈਮੀਨਾਰ ਫ਼ਤਹਿਗੜ੍ਹ ਸਾਹਿਬ ਵਿਖੇ ਕੀਤਾ ਜਾ ਰਿਹਾ ਹੈ। ਜਿਸ ਵਿਚ ਸੁਰਜੀਤ ਦੌਧਰ ਜੋਤਸ਼ੀਆਂ ਵੱਲੋ ਪਾਏ ਜਾਂਦੇ ਭਰਮ ਭੁਲੇਖੇ ਨੂੰ ਦਲੀਲ ਸਹਿਤ ਦੂਰ ਕਰਨ ਦੀ ਕੋਸ਼ਿਸ਼ ਕਰਨਗੇ। ਬੈਠਕ ਵਿਚ ਰੋਪੜ ਤੋਂ ਅਮਰ ਨਾਥ, ਬੱਸੀ ਤੋਂ ਪ੍ਰਿੰ: ਕਰਨੈਲ ਸਿੰਘ, ਕੁਲਵੰਤ ਸਿੰਘ ਨੇ ਵੀ ਭਗਤ ਸਿੰਘ ਦੇ ਜੀਵਨ ਬਾਰੇ ਚਾਨਣਾ ਪਾਇਆ।