ਡੇਰਾਬੱਸੀ ਵਿਖੇ ਕੁਦਰਤੀ ਸੋਮਿਆਂ ਨੂੰ ਕੀਤਾ ਜਾ ਰਿਹਾ ਪਲੀਤ, ਪ੍ਰਸ਼ਾਸਨਿਕ ਅਧਿਕਾਰੀ ਬਣੇ ਮੂਕ ਦਰਸ਼ਕ
ਡੇਰਾਬੱਸੀ ਵਿਖੇ ਕੁਦਰਤੀ ਸੋਮਿਆਂ ਨੂੰ ਕੀਤਾ ਜਾ ਰਿਹਾ ਪਲੀਤ,
Publish Date: Thu, 22 Jan 2026 05:33 PM (IST)
Updated Date: Thu, 22 Jan 2026 05:33 PM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਹਲਕਾ ਡੇਰਾਬੱਸੀ ਪਹਿਲਾਂ ਹੀ ਪ੍ਰਦੂਸ਼ਣ ਦੀ ਮਾਰ ਝੱਲ ਰਿਹਾ ਹੈ, ਦੂਜੇ ਪਾਸੇ ਡੇਰਾਬੱਸੀ ਦੇ ਵਿਚੋਂ-ਵਿਚ ਲੰਘ ਰਹੇ ਢਾਬੀ ਵਾਲੇ ਚੋਅ ਦੇ ਪਾਣੀ ਵਿਚੋਂ ਪਹਿਲਾਂ ਹੀ ਬਦਬੂ ਮਾਰਦੀ ਹੈ, ਜਿਸ ਵਿਚ ਨਗਰ ਕੌਂਸਲ ਵੱਲੋਂ ਦੂਸ਼ਿਤ ਪਾਣੀ ਸੁੱਟਿਆ ਜਾ ਰਿਹਾ ਹੈ, ਪਰ ਪ੍ਰਸ਼ਾਸਨ ਦੇ ਕੰਨ ’ਤੇ ਜੂੰ ਨਹੀਂ ਰੇਂਗ ਰਹੀ। ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲੰਮੇ ਸਮੇਂ ਤੋਂ ਢਾਬੀ ਵਾਲੇ ਚੋਅ ਵਿਚ ਕਈ ਆਲੋਨੀਆਂ ਦਾ ਸੀਵਰੇਜ ਦਾ ਦੂਸ਼ਿਤ ਪਾਣੀ ਨਗਰ ਕੌਂਸਲ ਵੱਲੋਂ ਸੁੱਟਿਆ ਜਾ ਰਿਹਾ ਹੈ। ਇਸੇ ਚੋਅ ਦੇ ਪਾਣੀ ਦੀ ਵਰਤੋਂ ਕਿਸਾਨਾਂ ਵੱਲੋਂ ਖੇਤੀ ਲਈ ਕੀਤੀ ਜਾਂਦੀ ਹੈ। ਦੂਸ਼ਿਤ ਪਾਣੀ ਕਰਕੇ ਇਲਾਕੇ ਵਿਚ ਭਿਆਨਕ ਬਿਮਾਰੀਆਂ ਜਿਵੇਂ ਕਿ ਕੈਂਸਰ ਅਤੇ ਚਮੜੀ ਰੋਗ ਕਰਕੇ ਲੋਕ ਪਹਿਲਾਂ ਹੀ ਪਰੇਸ਼ਾਨ ਹਨ। ਇਸ ਬਾਬਤ ਗੱਲ ਕਰਨ ’ਤੇ ਐੱਸਡੀਓ ਡਰੇਨੇਜ ਰਮਨਜੋਤ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਦੂਸ਼ਿਤ ਪਾਣੀ ਐੱਸਟੀਪੀ ਪਲਾਂਟ ਰਾਹੀਂ ਟਰੀਟ ਕੀਤਾ ਜਾ ਰਿਹਾ ਹੈ। ਨਗਰ ਕੌਂਸਲ ਕਾਰਜਸਾਧਕ ਅਫ਼ਸਰ ਰਵਨੀਤ ਸਿੰਘ ਨੇ ਜਾਣਕਾਰੀ ਦਿੱਤੀ ਕਿ ਕਾਲੋਨੀਆਂ ਦੇ ਸੀਵਰੇਜ ਦਾ ਕੁਨੈਕਸ਼ਨ ਐੱਸਟੀਪੀ ਪਲਾਂਟ ਨਾਲ ਕੀਤਾ ਗਿਆ ਹੈ, ਜਦੋਂ ਕਿ ਸਟਰੋਮ ਵਾਟਰ ਨੂੰ ਚੋਅ ਵਿਚ ਸੁੱਟਿਆ ਗਿਆ ਹੈ।