ਮੁਹਾਲੀ ’ਚ ਹੋਏ ਕਤਲ ਤੇ ਇਲਾਕੇ ਦੀ ਸੁਰੱਖਿਆ ਸਥਿਤੀ ਅਤੇ ਅਮਨ ਕਾਨੂੰਨ ’ਤੇ ਵੱਡਾ ਪ੍ਰਸ਼ਨ : ਸ਼ਰਮਾ
ਮੁਹਾਲੀ ਵਿਚ ਹੋਏ ਕਤਲ ਤੇ ਇਲਾਕੇ ਦੀ ਸੁਰੱਖਿਆ ਸਥਿਤੀ ਅਤੇ ਅਮਨ ਕਾਨੂੰਨ ’ਤੇ ਵੱਡਾ ਪ੍ਰਸ਼ਨ : ਸ਼ਰਮਾ
Publish Date: Thu, 29 Jan 2026 07:32 PM (IST)
Updated Date: Thu, 29 Jan 2026 07:34 PM (IST)
ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਸਥਾਨਕ ਐੱਸਐੱਸਪੀ ਦਫ਼ਤਰ ਮੂਹਰੇ ਦਿਨ-ਦਿਹਾੜੇ ਗੋਲ਼ੀਆਂ ਮਾਰ ਕੇ ਕਤਲ ਕੀਤੇ ਵਿਅਕਤੀ ਦੀ ਘਟਨਾ ਨੇ ਪੰਜਾਬ ਤੇ ਖ਼ਾਸ ਕਰਕੇ ਮੁਹਾਲੀ ਇਲਾਕੇ ਦੀ ਸੁਰੱਖਿਆ ਸਥਿਤੀ ਤੇ ਅਮਨ ਕਾਨੂੰਨ ਦੀ ਸਥਿਤੀ ਤੇ ਵੱਡਾ ਪ੍ਰਸ਼ਨ ਚਿੰਨ ਲਗਾ ਦਿੱਤਾ ਹੈ। ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਗੁੰਡਾ ਅਨਸਰਾਂ ਦੇ ਹੌਸਲੇ ਨਿੱਤ ਪ੍ਰਤੀ ਦਿਨ ਬੁਲੰਦ ਹੋ ਰਹੇ ਹਨ ਅਤੇ ਆਮ ਸ਼ਹਿਰੀਆਂ ਅੰਦਰ ਭਾਰੀ ਸਹਿਮ ਤੇ ਦਹਿਸ਼ਤ ਪਾਈ ਜਾ ਰਹੀ ਹੈ। ਇਹ ਗੱਲ ਸੀਨੀਅਰ ਕਾਂਗਰਸੀ ਆਗੂ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਆਖੀ। ਉਨ੍ਹਾਂ ਕਿਹਾ ਕਿ ਹਾਲੇ ਰਾਣਾ ਬਲਾਚੌਰੀਆ ਦੇ ਕਤਲ ਕਾਂਢ ਦੀ ਦਹਿਸ਼ਤ ਸ਼ਾਂਤ ਨਹੀਂ ਸੀ ਹੋਈ ਕਿ ਮੁੁਹਾਲੀ ਦੇ ਅਤਿ-ਸੁਰੱਖਿਆ ਵਾਲੇ ਜ਼ਿਲ੍ਹਾ ਪ੍ਰਬੰਧਕੀ ਤੇ ਕੋਰਟ ਕੰਪਲੈਕਸ ਨੇੜੇ ਪੇਸ਼ੀ ਭੁਗਤਣ ਲਈ ਆਏ ਇਕ ਵਿਅਕਤੀ ਨੂੰ ਨੌਸਰਬਾਜ਼ਾਂ ਨੇ ਗੋਲ਼ੀਆਂ ਮਾਰ ਕੇ ਹਲਾਕ ਕਰ ਦਿੱਤਾ। ਇਹ ਸਭ ਕੁਝ ਉਥੇ ਵਾਪਰਿਆ, ਜਿੱਥੇ ਐੱਸਐੱਸਪੀ ਦਫ਼ਤਰ ਮੁਹਾਲੀ ਸਥਿਤ ਹੈ ਅਤੇ ਹਮੇਸ਼ਾ ਭਾਰੀ ਗਿਣਤੀ ਵਿਚ ਪੁਲਿਸ ਫੋਰਸ ਤਾਇਨਾਤ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਵਰਗੇ ਹਾਈਟੈੱਕ ਸ਼ਹਿਰ ਅੰਦਰ ਵਾਪਰ ਰਹੀਆਂ, ਇਨ੍ਹਾਂ ਮਾੜੀਆਂ ਹਰਕਤਾਂ ਕਾਰਨ ਆਮ ਲੋਕਾਂ ਵਿਚ ਭਾਰੀ ਡਰ ਤੇ ਸਹਿਮ ਦਾ ਮਾਹੌਲ ਬਣਿਆ ਹੋਇਆ।