ਮੁਲਾਜ਼ਮ ਵਰਗ ਨਾਰਾਜ਼, 2024 ਤੋਂ ਨਹੀਂ ਮਿਲਿਆ ਮਹਿੰਗਾਈ ਭੱਤਾ
ਮੁਲਾਜ਼ਮ ਵਰਗ ਨਾਰਾਜ਼, 2024 ਤੋਂ ਨਹੀਂ ਮਿਲਿਆ ਮਹਿੰਗਾਈ ਭੱਤਾ
Publish Date: Fri, 02 Jan 2026 06:46 PM (IST)
Updated Date: Sat, 03 Jan 2026 04:11 AM (IST)

- ਪੰਜਾਬ ਤੇ ਕੇਂਦਰ ਦੇ ਮੁਲਾਜ਼ਮਾਂ ’ਚ ਡੀਏ ਦੀ ਕਿਸ਼ਤ ਦਾ 19 ਫ਼ੀਸਦੀ ਦਾ ਅੰਤਰ ਜੈ ਸਿੰਘ ਛਿੱਬਰ, ਪੰਜਾਬੀ ਜਾਗਰਣ ਬਿਊਰੋ ਚੰਡੀਗੜ੍ਹ : ਅਗਲੇ ਵਰ੍ਹੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹਰੇਕ ਵਰਗ ਨੂੰ ਸਰਕਾਰ ਤੋਂ ਰਿਆਇਤਾਂ ਦੇ ਗੱਫੇ ਮਿਲਣ ਤੇ ਮੰਗਾਂ ਪੂਰੀਆਂ ਕੀਤੇ ਜਾਣ ਦੀ ਉਮੀਦ ਹੈ। ਸੂਬਾ ਸਰਕਾਰ ਹਰੇਕ ਵਰਗ ਨੂੰ ਵੱਡੀਆਂ ਰਿਆਇਤਾਂ ਦੇਣ ਦਾ ਦਾਅਵਾ ਕਰ ਰਹੀ ਹੈ, ਪਰ ਮੁਲਾਜ਼ਮ ਵਰਗ 1 ਅਕਤੂਬਰ 2024 ਤੋਂ ਬਾਅਦ ਮਹਿੰਗਾਈ ਭੱਤਾ (ਡੀਏ) ਦੀ ਕਿਸ਼ਤ ਨਾ ਮਿਲਣ ਕਾਰਨ ਕਾਫ਼ੀ ਖਫ਼ਾ ਹੈ। ਕੇਂਦਰ ਸਰਕਾਰ ਨੇ ਕੇਂਦਰੀ ਮੁਲਾਜ਼ਮਾਂ ਨੂੰ 61 ਫ਼ੀਸਦੀ ਮਹਿੰਗਾਈ ਭੱਤਾ ਦਿੱਤਾ ਹੈ, ਜਦਕਿ ਜਨਵਰੀ 2026 ਦੀ ਕਿਸ਼ਤ ਕਦੇ ਵੀ ਐਲਾਨ ਕਰ ਸਕਦੀ ਹੈ। ਦੂਜੇ ਪਾਸੇ ਪੰਜਾਬ ਸਰਕਾਰ ਦੇ ਕਰਮਚਾਰੀਆਂ ਨੂੰ 1 ਅਕਤੂਬਰ 2024 ਤੋਂ ਬਾਅਦ ਮਹਿੰਗਾਈ ਭੱਤੇ ਦਾ ਇਕ ਵੀ ਵਾਧਾ ਨਹੀਂ ਮਿਲਿਆ ਹੈ। ਇਸ ਵਕਤ ਮੁਲਾਜ਼ਮਾਂ ਦਾ 42 ਫ਼ੀਸਦੀ ਭੱਤਾ ਬਕਾਇਆ ਹੈ। ਪੰਜਾਬ ਤੇ ਕੇਂਦਰੀ ਮੁਲਾਜ਼ਮਾਂ ਦਰਮਿਆਨ ਇਸ ਵਕਤ 19 ਫ਼ੀਸਦੀ ਮਹਿੰਗਾਈ ਭੱਤੇ ਦਾ ਅੰਤਰ ਚੱਲ ਰਿਹਾ ਹੈ। ਦਿਲਚਸਪ ਗੱਲ ਹੈ ਕਿ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਵੱਲੋਂ ਦਿੱਤਾ ਜਾਂਦਾ ਭੱਤਾ ਮਿਲਦਾ ਹੈ, ਜਦਕਿ ਪੰਜਾਬ ’ਚ ਤਾਇਨਾਤ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕੇਂਦਰੀ ਮੁਲਾਜ਼ਮਾਂ ਦੀ ਤਰਜ਼ ’ਤੇ ਮਹਿੰਗਾਈ ਭੱਤਾ ਮਿਲਦਾ ਹੈ। ਮੁਲਾਜ਼ਮ ਆਗੂਆਂ ਦਾ ਕਹਿਣਾ ਹੈ ਕਿ ਪ੍ਰਸ਼ਾਸ਼ਨਿਕ ਅਧਿਕਾਰੀ ਆਪਣਾ ਭੱਤਾ ਲੱਗਦੇ ਹੱਥ ਲੈ ਲੈਂਦੇ ਹਨ, ਪਰ ਸੂਬੇ ਦੇ ਮੁਲਾਜ਼ਮਾਂ ਨੂੰ ਕਦੇ ਵੀ ਪੂਰਾ ਭੱਤਾ ਪ੍ਰਾਪਤ ਨਹੀਂ ਹੋਇਆ। ਮੁਲਾਜ਼ਮ ਆਗੂ ਵਿਕਰਮ ਦੇਵ, ਪਵਨ ਕੁਮਾਰ, ਸੁਖਚੈਨ ਸਿੰਘ ਖਹਿਰਾ ਅਤੇ ਸੇਵਾ ਮੁਕਤ ਅਧਿਕਾਰੀ ਅਜੀਤ ਸਿੰਘ, ਪ੍ਰੋਫੈਸਰ ਕੇਸਰ ਸਿੰਘ ਭੰਗੂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਅਕਤੂਬਰ 2024 ਤੋਂ ਡੀਏ ’ਚ ਚਾਰ ਗੁਣਾ ਵਾਧਾ ਕੀਤਾ ਹੈ। ਮੁਲਾਜ਼ਮ ਆਗੂਆਂ ਅਨੁਸਾਰ ਆਈਏਐੱਸ ਕੇਡਰ ਅਧਿਕਾਰੀ ਨੂੰ 61 ਫ਼ੀਸਦੀ ਦੀ ਦਰ ਨਾਲ ਡੀਏ ਮਿਲ ਰਿਹਾ ਹੈ। ਦੂਜੇ ਪਾਸੇ ਉਕਤ ਅਧਿਕਾਰੀ ਦੇ ਦਫ਼ਤਰ ’ਚ ਤਾਇਨਾਤ ਮੁਲਾਜ਼ਮ ਨੂੰ ਸਿਰਫ਼ 42 ਫ਼ੀਸਦੀ ਡੀਏ ਮਿਲ ਰਿਹਾ। ਸੂਬੇ ਦੇ ਦੋ ਮੁਲਾਜ਼ਮਾਂ ’ਚ ਇਹ ਵੱਡਾ ਪਾੜ੍ਹਾ ਹੈ। ਜਾਣਕਾਰੀ ਅਨੁਸਾਰ ਜਦੋਂ ਆਪ ਸਰਕਾਰ ਨੇ 2022 ’ਚ ਸੱਤਾ ਸੰਭਾਲੀ ਸੀ, ਤਾਂ ਡੀਏ 28 ਫੀਸਦੀ ਸੀ ਤੇ ਇਹ ਕੇਂਦਰ ਸਰਕਾਰ ਦੇ ਕਰਮਚਾਰੀਆਂ ਦੇ ਬਰਾਬਰ ਸੀ। ਜਾਣਕਾਰੀ ਅਨੁਸਾਰ ਡੀਏ ਦਾ ਸਿੱਧਾ ਅਸਰ ਸੇਵਾਮੁਕਤ ਕਰਮਚਾਰੀਆਂ ਭਾਵ ਪੈਨਸ਼ਨਰਾਂ ਤੇ ਵੀ ਪੈ ਰਿਹਾ ਹੈ। ਕਰਮਚਾਰੀ ਯੂਨੀਅਨ ਦੇ ਆਗੂ ਸੁਖਚੈਨ ਸਿੰਘ ਖਹਿਰਾ ਤੇ ਕਰਨੈਲ ਸਿੰਘ ਜੀਤ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਿਛਲੇ ਢਾਈ ਸਾਲਾਂ ਤੋਂ ਡੀਏ ਦੀਆਂ ਛੇ ਕਿਸ਼ਤਾਂ ਰੋਕੀਆਂ ਹੋਈਆਂ ਹਨ। ਵਿੱਤ ਵਿਭਾਗ ਦੇ ਸੂਤਰ ਦੱਸਦੇ ਹਨ ਕਿ ਬਜਟ ਸੈਸ਼ਨ ਤੋਂ ਪਹਿਲਾਂ ਸਰਕਾਰ ਮੁਲਾਜ਼ਮਾਂ ਨੂੰ ਡੀਏ ਦੀ ਕਿਸ਼ਤ ਦੇ ਸਕਦੀ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸੰਪਰਕ ਕਰਨ ’ਤੇ ਕਿਹਾ ਕਿ ਮੁਲਾਜ਼ਮ ਸਰਕਾਰ ਦੀ ਰੀੜ ਦੀ ਹੱਡੀ ਹਨ। ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਹਮਦਰਦੀ ਨਾਲ ਵਿਚਾਰ ਰਹੀ ਹੈ। ਸੂਬਾ ਸਰਕਾਰ ਨੇ ਵੱਖ ਵੱਖ ਵਿਭਾਗਾਂ ਵਿਚ ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਹੈ ਅਤੇ ਇਸ ਮੰਗ ’ਤੇ ਜਲਦੀ ਫੈਸਲਾ ਲਿਆ ਜਾਵੇਗਾ। ਚੀਮਾ ਨੇ ਕਿਹਾ ਕਿ ਆਪ ਸਰਕਾਰ ਨੇ ਪਿਛਲੀਆਂ ਸਰਕਾਰਾਂ ਦੇ ਭੁਗਤਾਨ ਦੇ ਬਹੁਤ ਸਾਰੇ ਲੰਬਿਤ ਮਾਮਲਿਆਂ ਦਾ ਨਿਪਟਾਰਾ ਕੀਤਾ ਹੈ।