ਐੱਮਪੀ ਸੰਧੂ ਨੇ ਸਰਹੱਦੀ ਖੇਤਰਾਂ ’ਚ ਰੇਲ ਕਨੈਕਟੀਵਿਟੀ ’ਚ ਸੁਧਾਰ ਕਰਨ ਦਾ ਮੁੱਦਾ ਚੁੱਕਿਆ
ਐੱਮਪੀ ਸੰਧੂ ਨੇ ਸਰਹੱਦੀ ਇਲਾਕਿਆਂ ਵਿਚ ਰੇਲ ਕਨੈਕਟੀਵਿਟੀ ਵਿਚ ਸੁਧਾਰ ਕਰਨ ਦਾ ਮੁੱਦਾ ਚੁੱਕਿਆ,
Publish Date: Fri, 06 Feb 2026 07:35 PM (IST)
Updated Date: Fri, 06 Feb 2026 07:38 PM (IST)

ਪੰਜਾਬ ’ਚ ਰੇਲਵੇ ਢਾਂਚੇ ਦੇ ਵਿਕਾਸ ਲਈ ਰਿਕਾਰਡ 5,673 ਕਰੋੜ ਫੰਡ ਕੀਤਾ ਜਾਰੀ: ਕੇਂਦਰੀ ਰੇਲ ਮੰਤਰੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਮੈਂਬਰ ਪਾਰਲੀਮੈਂਟ ਸਤਨਾਮ ਸਿੰਘ ਸੰਧੂ ਨੇ ਸ਼ੁੱਕਰਵਾਰ ਨੂੰ ਰਾਜ ਸਭਾ ਵਿਚ ਪੰਜਾਬ ਦੇ ਸਰਹੱਦੀ ਖੇਤਰਾਂ ’ਚ ਰੇਲਵੇ ਕਨੈਕਟੀਵਿਟੀ ਅਤੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਦਾ ਮੁੱਦਾ ਚੁੱਕਿਆ। ਸੰਸਦ ਦੇ ਪ੍ਰਸ਼ਨ ਕਾਲ ਦੌਰਾਨ ਮੁੱਦਾ ਚੁੱਕਦਿਆਂ ਐੱਮਪੀ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਦੀ 550 ਕਿਲੋਮੀਟਰ ਲੰਬੀ ਕੌਮਾਂਤਰੀ ਸਰਹੱਦ ਹੈ, ਜਿਸ ਵਿਚ ਫਿਰੋਜ਼ਪੁਰ, ਗੁਰਦਾਸਪੁਰ ਅਤੇ ਫ਼ਾਜ਼ਿਲਕਾ ਵਰਗੇ ਜ਼ਿਲ੍ਹੇ ਸ਼ਾਮਲ ਹਨ। ਮੈਂਬਰ ਪਾਰਲੀਮੈਂਟ ਨੇ ਰੇਲ ਮੰਤਰਾਲੇ ਦੇ ਸਰਹੱਦੀ ਜ਼ਿਲ੍ਹਿਆਂ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜਨ ਵਾਲੀ ਇਕ ਵਿਸ਼ੇਸ਼ ਟ੍ਰੇਨ ਬਾਰਡਰ ਏਰੀਆ ਐਕਸਪ੍ਰੈੱਸ ਸ਼ੁਰੂ ਕਰਨ ਲਈ ਭਵਿੱਖ ਦੀਆਂ ਯੋਜਨਾਵਾਂ ਬਾਰੇ ਵੇਰਵਾ ਮੰਗਿਆ। ਇਸ ਬਿਹਤਰ ਕਨੈਕਟੀਵਿਟੀ, ਜਿਸ ਵਿਚ ਰੱਖਿਆ ਕਰਮੀ ਅਤੇ ਕਿਸਾਨ ਭਾਈਚਾਰਾ ਸ਼ਾਮਲ ਹੈ, ਨਾਲ ਸਰਹੱਦੀ ਇਲਾਕਿਆਂ ਦੇ ਨਿਵਾਸੀਆਂ ਨੂੰ ਕਾਫ਼ੀ ਸੌਖ ਹੋ ਜਾਵੇਗੀ। ਇਸ ਵਿਸ਼ੇਸ਼ ਪਹਿਲ ਦੇ ਨਾਲ ਫ਼ੌਜੀ ਅਤੇ ਕਿਸਾਨਾਂ ਨੂੰ ਸਭ ਤੋਂ ਜ਼ਿਆਦਾ ਫ਼ਾਇਦਾ ਹੋਵੇਗਾ, ਕਿਉਂਕਿ ਇਸ ਦੇ ਨਾਲ ਖੇਤੀਬਾੜੀ ਸਬੰਧੀ ਆਵਾਜਾਈ ਆਸਾਨ ਹੋ ਜਾਵੇਗੀ, ਜਿਵੇਂ ਕਿ ਫ਼ਸਲਾਂ, ਖੇਤੀਬਾੜੀ ਦੇ ਸੰਧਾਂ ਅਤੇ ਫ਼ਰਟੀਲਾਈਜ਼ਰਾਂ ਦੀ ਢੋਆ-ਢੁਆਈ। ਇਸ ਸਵਾਲ ਦਾ ਜਵਾਬ ਦਿੰਦੇ ਹੋਏ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ, ਪੀਐੱਮ ਮੋਦੀ ਦੀ ਕੇਂਦਰ ਸਰਕਾਰ ਨੇ ਕੇਂਦਰੀ ਬਜਟ 2026 ਵਿਚ ਵੱਖ-ਵੱਖ ਰੇਲ ਪ੍ਰੋਜੈਕਟਾਂ ਲਈ ਰਿਕਾਰਡ 5,673 ਕਰੋੜ ਦਾ ਬਜਟ ਜਾਰੀ ਕੀਤਾ ਗਿਆ ਹੈ, ਜੋ ਕਾਂਗਰਸ ਸਰਕਾਰ ਦੇ ਮੁਕਾਬਲੇ 25 ਗੁਣਾ ਜ਼ਿਆਦਾ ਹੈ। ਰੇਲਵੇ ਮੰਤਰਾਲੇ ਵੱਲੋਂ ਪੰਜਾਬ ਵਿਚ ਸ਼ੁਰੂ ਕੀਤੇ ਗਏ ਵੱਖ-ਵੱਖ ਪ੍ਰਾਜੈਕਟਾਂ ਵਿਚ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਜਿਵੇਂ ਕਿ ਫਿਰੋਜ਼ਪੁਰ, ਅੰਮ੍ਰਿਤਸਰ ਅਤੇ ਨੰਗਲ ਲਈ 3 ਵੰਦੇ ਭਾਰਤ ਹਾਈ-ਸਪੀਡ ਟ੍ਰੇਨਾਂ ਦੀ ਸ਼ੁਰੂਆਤ ਅਤੇ 25.72 ਕਿਲੋਮੀਟਰ ਲੰਬੇ ਫਿਰੋਜ਼ਪੁਰ-ਪੱਟੀ ਰੇਲ ਲਿੰਕ ਨੂੰ ਪ੍ਰਵਾਨਗੀ ਸ਼ਾਮਲ ਹੈ, ਜੋ ਕਿ 764.19 ਕਰੋੜ ਰੁਪਏ ਦੀ ਅਨੁਮਾਨਤ ਲਾਗਤ ਵਾਲਾ ਇਕ ਉੱਚ ਤਰਜੀਹੀ ਪ੍ਰੋਜੈਕਟ ਹੈ। ਇਸ ਤੋਂ ਇਲਾਵਾ, ਪੰਜਾਬ ਵਿਚ 30 ਸਟੇਸ਼ਨਾਂ ਨੂੰ ਅਮਰੁਤ ਸਟੇਸ਼ਨਾਂ ਵਜੋਂ ਮੁੜ ਵਿਕਸਤ ਕੀਤਾ ਜਾ ਰਿਹਾ ਹੈ, ਰਾਜ ਪਹਿਲਾਂ ਹੀ 100 ਫ਼ੀਸਦੀ ਬਿਜਲੀਕਰਨ ਪ੍ਰਾਪਤ ਕਰ ਚੁੱਕਾ ਹੈ ਅਤੇ ਰਾਜ ਵਿਚ ਇਸ ਸਮੇਂ 26,382 ਕਰੋੜ ਰੁਪਏ ਦੇ ਰੇਲਵੇ ਪ੍ਰੋਜੈਕਟ ਚੱਲ ਰਹੇ ਹਨ।