ਸੰਧੂ ਨੇ ਹੜ੍ਹ ਪੀੜਤਾਂ ਲਈ ਯੋਗਦਾਨ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਕੀਤਾ ਸਨਮਾਨਿਤ
ਐੱਮਪੀ ਸੰਧੂ ਨੇ ਹੜ੍ਹ ਪੀੜਤਾਂ ਲਈ ਯੋਗਦਾਨ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ
Publish Date: Tue, 27 Jan 2026 05:51 PM (IST)
Updated Date: Tue, 27 Jan 2026 05:55 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਚੰਡੀਗੜ੍ਹ : ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਮਨਸੀਮਰ ਕੌਰ ਅਤੇ ਈਵਾ ਜੈਨ ਨੂੰ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਵੱਖ-ਵੱਖ ਗ਼ੈਰ-ਸਰਕਾਰੀ ਸੰਸਥਾਵਾਂ ਨੂੰ ₹40 ਲੱਖ ਦਾ ਦਾਨ ਕਰਨ ਦੇ ਉਨ੍ਹਾਂ ਦੇ ਸ਼ਲਾਘਾਯੋਗ ਯੋਗਦਾਨ ਲਈ ਸਨਮਾਨਿਤ ਕੀਤਾ। ਸੰਧੂ ਨੇ ਵਿਦਿਆਰਥਣਾਂ ਦੀ ਇਸ ਪ੍ਰਸ਼ੰਸਨੀਆ ਪਹਿਲ ਦੀ ਭਰਪੂਰ ਸਰਾਹਨਾ ਕੀਤੀ ਅਤੇ ਸਮਾਜਕ ਭਲਾਈ ਲਈ ਹੋਰ ਅਜਿਹੀਆਂ ਪਹਿਲ ਕਰਨ ਲਈ ਲੋਕਾਂ ਅਤੇ ਸੰਸਥਾਵਾਂ ਨੂੰ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਸਮਾਜ ਸੇਵਾ, ਨਵੀਂ ਸੋਚ ਅਤੇ ਗਿਆਨ-ਆਧਾਰਤ ਉਪਰਾਲਿਆਂ ਰਾਹੀਂ ਦੇਸ਼ ਅਤੇ ਸਮਾਜ ਦੇ ਵਿਕਾਸ ਵਿਚ ਸਰਗਰਮ ਭੂਮਿਕਾ ਨਿਭਾਉਣ ਲਈ ਉਤਸ਼ਾਹਤ ਕੀਤਾ ਜਾਣਾ ਚਾਹੀਦਾ ਹੈ। ਮਨਸੀਮਰ ਕੌਰ ਅਤੇ ਈਵਾ ਜੈਨ, ਜੋ ਕਿ ਸਟਰਾਬੈਰੀ ਸਕੂਲ, ਚੰਡੀਗੜ੍ਹ ਦੀਆਂ ਵਿਦਿਆਰਥਣਾਂ ਹਨ, ਨੇ ਆਪਣੇ ਸਕੂਲ ਦੇ ਸਹਿਯੋਗ ਨਾਲ ਹੋਰ ਵਿਦਿਆਰਥੀਆਂ ਨੂੰ ਵੀ ਇਸ ਮੁਹਿੰਮ ਨਾਲ ਜੋੜਿਆ ਅਤੇ ਗਲੋਬਲ ਸਿੱਖਸ, ਸੇਵਾ ਪੰਜਾਬ ਅਤੇ ਗਲੋਬਲ ਸ਼ੇਪਰਜ਼ ਸੁਸਾਇਟੀ ਨੂੰ ₹40 ਲੱਖ ਦੇ ਨਾਲ-ਨਾਲ ਲੋੜੀਂਦੀ ਰਾਹਤ ਸਮੱਗਰੀ ਵੀ ਵੰਡਣ ਵਿਚ ਸਹਿਯੋਗ ਦਿੱਤਾ। ਵਿਦਿਆਰਥਣਾਂ ਨੇ ਸੰਧੂ ਵੱਲੋਂ ਮਿਲੀ ਪ੍ਰਸ਼ੰਸਾ ਲਈ ਧੰਨਵਾਦ ਪ੍ਰਗਟ ਕਰਦੇ ਹੋਏ ਭਵਿੱਖ ਵਿਚ ਵੀ ਸਮਾਜ ਸੇਵਾ ਸਬੰਧੀ ਕਾਰਜਾਂ ਵਿਚ ਸਰਗਰਮੀ ਨਾਲ ਯੋਗਦਾਨ ਪਾਉਣ ਦਾ ਸੰਕਲਪ ਦੁਹਰਾਇਆ।