ਕੇਂਦਰ ਸਰਕਾਰ ਨੇ ਪੰਜਾਬ ਨੂੰ ਬਹੁਤ ਕੁੱਝ ਦਿੱਤਾ : ਐੱਮਪੀ ਸੰਧੂ
ਐੱਮਪੀ ਸੰਧੂ ਨੇ ਕੌਮਾਂਤਰੀ ਹਵਾਈ ਅੱਡੇ ਨੂੰ 'ਪੁਆਇੰਟ ਆਫ਼ ਕਾਲ' ਸੂਚੀ ’ਚ ਸ਼ਾਮਲ ਕਰਨ ਦੀ ਕੀਤੀ ਮੰਗ,
Publish Date: Tue, 10 Feb 2026 08:41 PM (IST)
Updated Date: Wed, 11 Feb 2026 04:15 AM (IST)

ਕੈਪਸ਼ਨ : ਐੱਮਪੀ ਸਤਨਾਮ ਸਿੰਘ ਸੰਧੂ ਰਾਜ ਸਭਾ ਵਿਚ ਸੰਬੋਧਨ ਕਰਦੇ ਹੋਏ। 22ਪੀ * ਐੱਮਪੀ ਸੰਧੂ ਨੇ ਕੌਮਾਂਤਰੀ ਹਵਾਈ ਅੱਡੇ ਨੂੰ ਪੁਆਇੰਟ ਆਫ਼ ਕਾਲ ਸੂਚੀ ’ਚ ਸ਼ਾਮਲ ਕਰਨ ਦੀ ਕੀਤੀ ਮੰਗ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਮੈਂਬਰ ਪਾਰਲੀਮੈਂਟ ਸਤਨਾਮ ਸਿੰਘ ਸੰਧੂ ਨੇ ਮੰਗਲਵਾਰ ਨੂੰ ਰਾਜ ਸਭਾ ਵਿਚ ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡੇ (ਚੰਡੀਗੜ੍ਹ ਇੰਟਰਨੈਸ਼ਨਲ ਏਅਰ ਪੋਰਟ) ਉੱਪਰ ਉਡਾਣਾਂ ਦੀ ਗਿਣਤੀ ਨੂੰ ਵਧਾਉਣ ਦਾ ਮੁੱਦਾ ਚੁੱਕਿਆ। ਐੱਮਪੀ ਸੰਧੂ ਨੇ ਚੰਡੀਗੜ੍ਹ ਦੇ ਕੌਮਾਂਤਰੀ ਹਵਾਈ ਅੱਡੇ ਤੋਂ ਲੰਡਨ, ਸਿੰਗਾਪੁਰ ਤੇ ਵੈਨਕੂਵਰ ਲਈ ਫਲਾਈਟਾਂ ਸ਼ੁਰੂ ਕਰਨ ਦੀ ਮੰਗ ਕੀਤੀ। ਸੰਸਦ ਦੇ ਬਜਟ ਸੈਸ਼ਨ ਦੇ ਸਿਫ਼ਰ ਕਾਲ ਦੌਰਾਨ ਚੰਡੀਗੜ੍ਹ ਹਵਾਈ ਅੱਡੇ ਤੋਂ ਕੌਮਾਂਤਰੀ ਉਡਾਣਾਂ ਦੀ ਗਿਣਤੀ ਵਧਾਉਣ ਦੀ ਮੰਗ ਕਰਦਿਆਂ ਐੱਮਪੀ ਸੰਧੂ ਨੇ ਕਿਹਾ, “ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਪੁਆਇੰਟ ਆਫ਼ ਕਾਲ ਸੂਚੀ ਵਿਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਦੱਸ ਦਈਏ ਕਿ ਪੁਆਇੰਟ ਆਫ਼ ਕਾਲ ਦੇ ਤਹਿਤ ਦੋ ਮੁਲਕਾਂ ਵਿਚਾਲੇ ਸਮਝੌਤਾ ਹੁੰਦਾ ਹੈ, ਜਿਸ ਤੋਂ ਬਾਅਦ ਹੀ ਕੌਮਾਂਤਰੀ ਏਅਰ ਲਾਈਨ ਕੰਪਨੀਆਂ ਨੂੰ ਕਿਸੇ ਖ਼ਾਸ ਹਵਾਈ ਅੱਡੇ ਤੋਂ ਦੁਨੀਆ ਭਰ ਵਿਚ ਉਡਾਣ ਭਰਨ ਲਈ ਇਜਾਜ਼ਤ ਮਿਲਦੀ ਹੈ। ਇਸ ਤੋਂ ਇਲਾਵਾ ਮੈਂਬਰ ਪਾਰਲੀਮੈਂਟ ਸਤਨਾਮ ਸਿੰਘ ਸੰਧੂ ਨੇ ਕੇਂਦਰ ਸਰਕਾਰ ਨੂੰ ਪੰਜਾਬ ਦੇ ਦੋਵੇਂ ਕੌਮਾਂਤਰੀ ਹਵਾਈ ਅੱਡਿਆਂ ਚੰਡੀਗੜ੍ਹ ਅਤੇ ਅੰਮ੍ਰਿਤਸਰ ਦੀ ਕਾਰਗੋ ਸਮਰੱਥਾ (ਸਾਮਾਨ ਦੀ ਢੋਆ ਢੁਆਈ) ਨੂੰ ਵਧਾਉਣ ਦੀ ਵੀ ਮੰਗ ਕੀਤੀ, ਤਾਂ ਕਿ ਪੰਜਾਬ ਵਿਚੋਂ ਨਿਰਯਾਤ ਨੂੰ ਵਧਾਇਆ ਜਾ ਸਕੇ। ਮੌਜੂਦਾ ਸਮੇਂ ਵਿਚ ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਤੋਂ ਆਬੂ ਦਾਬੀ ਅਤੇ ਦੁਬਈ ਲਈ ਸਿਰਫ਼ ਦੋ ਕੌਮਾਂਤਰੀ ਫਲਾਈਟਾਂ ਚੱਲ ਰਹੀਆਂ ਹਨ, ਜਿਨ੍ਹਾਂ ਨੂੰ ਘਰੇਲੂ ਕੈਰੀਅਰ ਇੰਡੀਗੋ ਏਅਰ ਲਾਈਨ ਕੰਪਨੀ ਸੰਚਾਲਿਤ ਕਰ ਰਹੀ ਹੈ। ਐੱਮਪੀ ਸਤਨਾਮ ਸਿੰਘ ਸੰਧੂ ਨੇ ਅੱਗੇ ਕਿਹਾ, ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡਾ ਪੰਜਾਬ ਦਾ ਹੀ ਨਹੀਂ, ਬਲਕਿ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਲਈ ਵੀ ਬਹੁਤ ਮਹੱਤਵਪੂਰਨ ਹੈ। ਇਨ੍ਹਾਂ ਤਿੰਨੋਂ ਸੂਬਿਆਂ ਦੀ ਕੁੱਲ ਆਬਾਦੀ 7 ਕਰੋੜ ਹੈ, ਇੱਥੋਂ ਦੇ ਲੋਕਾਂ ਲਈ ਚੰਡੀਗੜ੍ਹ ਦਾ ਕੌਮਾਂਤਰੀ ਹਵਾਈ ਅੱਡਾ ਸਭ ਤੋਂ ਨੇੜੇ ਮੰਨਿਆ ਜਾਂਦਾ ਹੈ। ਸਵਾਰੀਆਂ ਦੀ ਸਹੂਲਤ ਲਈ ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡੇ ਤੋਂ ਹੋਰ ਅੰਤਰਰਾਸ਼ਟਰੀ ਉਡਾਣਾਂ ਦੀ ਮੰਗ ਕਰਦਿਆਂ ਐੱਮਪੀ ਸੰਧੂ ਨੇ ਕਿਹਾ, ਚੰਡੀਗੜ੍ਹ ਏਅਰ ਪੋਰਟ ਤੋਂ ਲੰਡਨ, ਸਿੰਗਾਪੁਰ, ਵੈਨਕੂਵਰ ਲਈ ਨਵੀਆਂ ਕੌਮਾਂਤਰੀ ਉਡਾਣਾਂ ਸ਼ੁਰੂ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਅਤੇ ਇੱਥੇ ਕੌਮਾਂਤਰੀ ਉਡਾਣਾਂ ਦੀ ਗਿਣਤੀ ਵਧਾਈ ਜਾਣੀ ਚਾਹੀਦੀ ਹੈ। ਇਸ ਹਵਾਈ ਅੱਡੇ ਤੋਂ ਕੌਮਾਂਤਰੀ ਏਅਰਲਾਈਨਜ਼ ਨੂੰ ਸੰਚਾਲਿਤ ਕਰਨ ਲਈ ਚੰਡੀਗੜ੍ਹ ਏਅਰ ਪੋਰਟ ਨੂੰ ਪੁਆਇੰਟ ਆਫ਼ ਕਾਲ ਦੀ ਸੂਚੀ ਵਿਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਐੱਮਪੀ ਸੰਧੂ ਨੇ ਅੱਗੇ ਕਿਹਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਅੱਜ ਪੰਜਾਬ ਕੋਲ ਦੋ ਕੌਮਾਂਤਰੀ ਹਵਾਈ ਅੱਡੇ ਚੰਡੀਗੜ੍ਹ ਅਤੇ ਅੰਮ੍ਰਿਤਸਰ ਵਿਚ ਹਨ ਅਤੇ ਚਾਰ ਘਰੇਲੂ ਹਵਾਈ ਅੱਡੇ ਆਦਮਪੁਰ, ਹਲਵਾਰਾ, ਬਠਿੰਡਾ ਅਤੇ ਪਠਾਨਕੋਟ ਵਿਚ ਹਨ। ਪੰਜਾਬ ਨੂੰ ਕੇਂਦਰ ਸਰਕਾਰ ਤੋਂ ਬਹੁਤ ਕੁੱਝ ਮਿਲਿਆ ਹੈ, ਪਰ ਹਮੇਸ਼ਾ ਪੰਜਾਬੀਆਂ ਦਾ ਦਿਲ ਮਾਂਗੇ ਮੋਰ ਹੀ ਹੁੰਦਾ ਹੈ। ਇਸ ਕਰਕੇ ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਤੋਂ ਕੌਮਾਂਤਰੀ ਉਡਾਣਾਂ ਦੀ ਗਿਣਤੀ ਵਧਾਈ ਜਾਣੀ ਚਾਹੀਦੀ ਹੈ।