ਕੰਗ ਵੱਲੋਂ ਵਿਕਾਸ ਕਾਰਜਾਂ ਦਾ ਉਦਘਾਟਨ
ਐੱਮਪੀ ਅਤੇ ਵਿਧਾਇਕ ਨੇ ਪਿੰਡਾਂ ਵਿਚ ਜਿਮ, ਸੋਲਰ ਲਾਈਟਾਂ ਅਤੇ ਬੈਂਚ ਲੋਕ ਅਰਪਿਤ ਕੀਤੇ
Publish Date: Sat, 03 Jan 2026 09:07 PM (IST)
Updated Date: Sun, 04 Jan 2026 04:14 AM (IST)

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਵਿਧਾਇਕ ਮੁਹਾਲੀ ਕੁਲਵੰਤ ਸਿੰਘ ਦੇ ਨਾਲ ਮਿਲ ਕੇ ਮੁਹਾਲੀ ਹਲਕੇ ਦੇ ਕਈ ਪਿੰਡਾਂ ਵਿਚ ਨਵੀਂ ਤਿਆਰ ਕੀਤੀਆਂ ਲੋਕ-ਭਲਾਈ ਸਹੂਲਤਾਂ ਜਿਵੇਂ ਕਿ ਓਪਨ ਜਿਮ, ਸੋਲਰ ਲਾਈਟਾਂ ਤੇ ਬੈਂਚ ਲੋਕ ਅਰਪਿਤ ਕੀਤੇ। ਇਸ ਮੌਕੇ ਪਿੰਡ ਵਾਸੀਆਂ ਅਤੇ ਸਥਾਨਕ ਪ੍ਰਤੀਨਿਧੀਆਂ ਦੀ ਭਰਪੂਰ ਹਾਜ਼ਰੀ ਰਹੀ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਐੱਮਪੀ ਮਲਵਿੰਦਰ ਸਿੰਘ ਕੰਗ ਨੇ ਦੱਸਿਆ ਕਿ ਸੰਸਦ ਮੈਂਬਰ ਲੋਕਲ ਏਰੀਆ ਵਿਕਾਸ (ਐੱਮਪੀਐੱਲਏਡੀ) ਫੰਡ ਤਹਿਤ ਮਾਣਕ ਮਾਜਰਾ, ਮਾਣਕਪੁਰ ਕੱਲਰ ਅਤੇ ਗੀਗਾ ਮਾਜਰਾ ਪਿੰਡਾਂ ਵਿਚ ਖੁੱਲ੍ਹੇ ਜਿਮਾਂ ਦੀ ਸਥਾਪਨਾ ਲਈ 3-3 ਲੱਖ ਰੁਪਏ ਜਾਰੀ ਕੀਤੇ ਗਏ ਸਨ, ਜਿਸ ਨਾਲ ਵਿਸ਼ੇਸ਼ ਤੌਰ ’ਤੇ ਨੌਜਵਾਨਾਂ ਵਿਚ ਤੰਦਰੁਸਤੀ ਅਤੇ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹ ਮਿਲੇਗਾ। ਉਨ੍ਹਾਂ ਨੇ ਦੱਸਿਆ ਕਿ ਪਿੰਡ ਗੀਗਾ ਮਾਜਰਾ ਵਿਚ ਇਕ ਲੱਖ ਰੁਪਏ ਦੀ ਲਾਗਤ ਨਾਲ ਜਨਤਕ ਥਾਵਾਂ ’ਤੇ ਲੋਕਾਂ ਦੇ ਬੈਠਣ ਲਈ ਬੈਂਚ ਲਗਾਏ ਗਏ ਹਨ, ਜਦਕਿ ਪਿੰਡ ਮਾਣਕ ਮਾਜਰਾ ’ਚ ਇਕ ਲੱਖ ਰੁਪਏ ਦੀ ਲਾਗਤ ਨਾਲ 15 ਸੋਲਰ ਲਾਈਟਾਂ ਲਗਾਈਆਂ ਗਈਆਂ ਹਨ, ਜਿਸ ਨਾਲ ਰਾਤ ਸਮੇਂ ਰੌਸ਼ਨੀ ਅਤੇ ਸੁਰੱਖਿਆ ਵਿਚ ਸੁਧਾਰ ਆਇਆ ਹੈ। ਇਸ ਮੌਕੇ ਸੰਬੋਧਨ ਕਰਦਿਆਂ ਇੰਟਰ-ਯੂਨੀਵਰਸਿਟੀ ਬਾਸਕਟਬਾਲ ਦੇ ਗੋਲਡ ਮੈਡਲਿਸਟ ਰਹੇ ਐੱਮਪੀ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਨੌਜਵਾਨਾਂ ਵਿਚ ਖੇਡ ਸਭਿਆਚਾਰ ਨੂੰ ਉਤਸ਼ਾਹਤ ਕਰਨਾ ਉਨ੍ਹਾਂ ਦਾ ਪ੍ਰਮੁੱਖ ਏਜੰਡਾ ਹੈ। ਉਨ੍ਹਾਂ ਦੱਸਿਆ ਕਿ ਐੱਮਪੀ ਲੈਡ ਫੰਡ ਤਹਿਤ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੇ ਬਲਾਚੌਰ ਖੇਤਰ ਵਿਚ 2-3 ਵਾਲੀਬਾਲ ਮੈਦਾਨ, ਚਮਕੌਰ ਸਾਹਿਬ ਖੇਤਰ ’ਚ 2 ਬਾਸਕਟਬਾਲ ਗਰਾਊਂਡ ਤੇ ਖਿਜ਼ਰਾਬਾਦ ਵਿਚ ਇਕ ਬਾਸਕਟਬਾਲ ਗਰਾਊਂਡ ਬਣਾਏ ਜਾ ਰਹੇ ਹਨ। ਉਨ੍ਹਾਂ ਪਿੰਡਾਂ ਦੇ ਸੰਤੁਲਿਤ ਵਿਕਾਸ ਅਤੇ ਬੁਨਿਆਦੀ ਸਹੂਲਤਾਂ ਮਜ਼ਬੂਤ ਕਰਨ ਲਈ ਆਪਣੀ ਵਚਨਬੱਧਤਾ ਦੁਹਰਾਈ। ਵਿਧਾਇਕ ਕੁਲਵੰਤ ਸਿੰਘ ਨੇ ਇਨ੍ਹਾਂ ਲੋਕ-ਹਿਤੈਸ਼ੀ ਪਹਿਲਕਦਮੀਆਂ ਦੀ ਸਰਾਹਨਾ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਜੈਕਟ ਪਿੰਡਾਂ ਵਿਚ ਜੀਵਨ ਮਿਆਰ ਨੂੰ ਕਾਫ਼ੀ ਬਿਹਤਰ ਬਣਾਉਂਦੇ ਹਨ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸੂਬੇ ਵਿਚ 3200 ਸਟੇਡੀਅਮ ਤਿਆਰ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿਚੋਂ 34 ਖੇਡ ਮੈਦਾਨ ਮੁਹਾਲੀ ਹਲਕੇ ਵਿਚ ਬਣਾਏ ਜਾਣਗੇ। ਵਿਧਾਇਕ ਨੇ ਇਹ ਵੀ ਦੱਸਿਆ ਕਿ 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਜਲਦ ਹੀ ਲਾਗੂ ਕੀਤੀ ਜਾ ਰਹੀ ਹੈ, ਜਿਸ ਨਾਲ ਹਰ ਪਰਿਵਾਰ ਦੀ ਸਿਹਤ ਸੁਰੱਖਿਆ ਯਕੀਨੀ ਬਣਾਈ ਜਾਵੇਗੀ। ਪਿੰਡ ਵਾਸੀਆਂ ਨੇ ਐੱਮਪੀ ਮਲਵਿੰਦਰ ਸਿੰਘ ਕੰਗ ਅਤੇ ਵਿਧਾਇਕ ਕੁਲਵੰਤ ਸਿੰਘ ਦਾ ਧੰਨਵਾਦ ਕਰਦਿਆਂ ਲੋਕ-ਭਲਾਈ ਕੰਮ ਲੋਕ ਅਰਪਿਤ ਕਰਨ ’ਤੇ ਖੁਸ਼ੀ ਪ੍ਰਗਟ ਕੀਤੀ। ਇਸ ਮੌਕੇ ’ਤੇ ਪਰਮਜੀਤ ਕੌਰ-ਸਰਪੰਚ ਮਾਣਕ ਮਾਜਰਾ, ਗੁਰਪ੍ਰੀਤ ਸਿੰਘ, ਦਲਬੀਰ ਸਿੰਘ, ਅਮਨ ਸ਼ਰਮਾ ਪੰਚ, ਸੁੱਖੀ ਪੰਚ, ਜਸਵੰਤ ਸਿੰਘ, ਅਮਨਦੀਪ, ਹਰਜਿੰਦਰ ਸਿੰਘ, ਸਤਨਾਮ ਸਿੰਘ ਸਰਪੰਚ ਗੀਗਾ ਮਾਜਰਾ, ਰਵਿੰਦਰ ਸਿੰਘ ਸਰਪੰਚ ਮਾਣਕਪੁਰ ਕੱਲਰ, ਮੁਖਤਿਆਰ ਸਿੰਘ ਸਰਪੰਚ ਕੁਰੜਾ, ਜਗਤਾਰ ਸਿੰਘ ਜੱਗੀ ਮਾਣਕਪੁਰ ਕੱਲਰ, ਗੁਰਜੰਟ ਸਿੰਘ ਸਰਪੰਚ ਪੱਤੋਂ, ਗੁਰਜੰਟ ਸਿੰਘ ਸਰਪੰਚ ਗੁਡਾਣਾ, ਅਵਤਾਰ ਸਿੰਘ ਮੌਲੀ, ਕਰਮਾਪੁਰੀ ਸਰਪੰਚ ਗੋਬਿੰਦਗੜ੍ਹ, ਗੁਰਪ੍ਰੀਤ ਸਿੰਘ ਚਾਹਲ, ਗੁਰਪ੍ਰੀਤ ਸਿੰਘ ਕੁਰੜਾ, ਰਣਧੀਰ ਸਿੰਘ ਸਰਪੰਚ ਚਾਊ ਮਾਜਰਾ, ਹਰਬਿੰਦਰ ਸਿੰਘ ਸੈਣੀ, ਹਰਪਾਲ ਸਿੰਘ ਚੰਨਾ, ਤਰਲੋਚਨ ਸਿੰਘ, ਮਨਦੀਪ ਮਟੌਰ, ਅਕਬਿੰਦਰ ਸਿੰਘ ਗੋਸਲ, ਦਰਸ਼ਣ ਸਿੰਘ ਮਟੌਰ, ਹਰਮੀਤ ਸਿੰਘ, ਵਿਕਰਮ ਸੰਧੂ, ਹਰਪਾਲ ਸਿੰਘ ਬਰਾੜ, ਕਰਮਜੀਤ ਕੁਮਾਰ ਸਰਪੰਚ ਝਿਊਰਹੇੜੀ, ਗੁਰਜੰਟ ਸਿੰਘ ਸਰਪੰਚ ਭਾਗੋਮਾਜਰਾ ਸਮੇਤ ਵੱਖ-ਵੱਖ ਪਿੰਡਾਂ ਦੇ ਪੰਚ-ਸਰਪੰਚ, ਪਾਰਟੀ ਅਹੁਦੇਦਾਰ ਤੇ ਵੱਡੀ ਗਿਣਤੀ ’ਚ ਇਲਾਕਾ ਨਿਵਾਸੀ ਹਾਜ਼ਰ ਸਨ।