ਵੀਆਈਪੀ ਰੋਡ ਤੋਂ ਦਿਨ-ਦਿਹਾੜੇ ਮੋਟਰਸਾਈਕਲ ਚੋਰੀ
ਵੀਆਈਪੀ ਰੋਡ ਤੋਂ ਦਿਨ-ਦਿਹਾੜੇ ਮੋਟਰਸਾਈਕਲ ਚੋਰੀ
Publish Date: Mon, 16 Feb 2026 09:11 PM (IST)
Updated Date: Mon, 16 Feb 2026 09:15 PM (IST)
ਟੀਪੀਐੱਸ ਗਿੱਲ, ਪੰਜਾਬੀ ਜਾਗਰਣ, ਜ਼ੀਰਕਪੁਰ : ਸ਼ਹਿਰ ਦੇ ਸਭ ਤੋਂ ਵਿਅਸਤ ਇਲਾਕੇ ਵੀਆਈਪੀ ਰੋਡ ਤੇ ਚੋਰਾਂ ਦੇ ਹੌਸਲੇ ਬੁਲੰਦ ਹਨ। ਇੱਥੇ ਇਕ ਰਾਸ਼ਨ ਸਟੋਰ ਦੇ ਬਾਹਰੋਂ ਦਿਨ-ਦਿਹਾੜੇ ਮੋਟਰਸਾਈਕਲ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਅਣਪਛਾਤੇ ਚੋਰਾਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਬਲਟਾਣਾ ਦੇ ਸੈਣੀ ਵਿਹਾਰ ਦੇ ਰਹਿਣ ਵਾਲੇ ਰਿਤਿਕ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਵੀਆਈਪੀ ਰੋਡ ਸਥਿਤ ਇਕ ਸਟੋਰ ਵਿਚ ਨੌਕਰੀ ਕਰਦਾ ਹੈ। ਉਸਨੇ ਦੱਸਿਆ ਕਿ 14 ਫਰਵਰੀ ਨੂੰ ਰੋਜ਼ਾਨਾ ਦੀ ਤਰ੍ਹਾਂ ਉਹ ਸਵੇਰੇ ਕਰੀਬ 9 ਵਜੇ ਕੰਮ ਤੇ ਆਇਆ ਸੀ ਅਤੇ ਆਪਣਾ ਹੀਰੋ ਸਪਲੈਂਡਰ ਪਲੱਸ ਮੋਟਰਸਾਈਕਲ ਸਟੋਰ ਦੀ ਪਾਰਕਿੰਗ ਵਿਚ ਖੜ੍ਹਾ ਕੀਤਾ ਸੀ। ਦੁਪਹਿਰ ਕਰੀਬ 1 ਵਜੇ ਜਦੋਂ ਉਹ ਕਿਸੇ ਕੰਮ ਲਈ ਬਾਹਰ ਆਇਆ ਤਾਂ ਦੇਖਿਆ ਕਿ ਉਸ ਦਾ ਮੋਟਰਸਾਈਕਲ ਉੱਥੋਂ ਗਾਇਬ ਸੀ। ਪੀੜਤ ਅਨੁਸਾਰ ਉਸ ਨੇ ਆਪਣੇ ਪੱਧਰ ਤੇ ਆਲੇ-ਦੁਆਲੇ ਕਾਫ਼ੀ ਭਾਲ ਕੀਤੀ, ਪਰ ਮੋਟਰਸਾਈਕਲ ਦਾ ਕੋਈ ਸੁਰਾਗ ਨਹੀਂ ਮਿਲਿਆ। ਇਸ ਤੋਂ ਬਾਅਦ ਉਸ ਨੇ ਮਾਮਲੇ ਦੀ ਸੂਚਨਾ ਸਥਾਨਕ ਪੁਲਿਸ ਨੂੰ ਦਿੱਤੀ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਾਰਕਿੰਗ ਅਤੇ ਵੀਆਈਪੀ ਰੋਡ ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਚੋਰਾਂ ਦੀ ਪਛਾਣ ਕੀਤੀ ਜਾ ਸਕੇ।