ਮੁਹੱਲਾ ਵੈੱਲਫੇਅਰ ਐਸੋਸੀਏਸ਼ਨ ਨੇ ਵਿਸਾਖੀ ਮਨਾਈ
ਮੁਹੱਲਾ ਵੈਲਫੇਅਰ ਐਸੋਸੀਏਸ਼ਨ ਨੇ ਵਿਸਾਖੀ ਮਨਾਈ
Publish Date: Mon, 13 Apr 2026 09:32 PM (IST)
Updated Date: Mon, 13 Apr 2026 09:37 PM (IST)

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਮੁਹੱਲਾ ਵੈੱਲਫੇਅਰ ਐਸੋਸੀਏਸ਼ਨ ਫੇਜ਼-1 ਵੱਲੋਂ ਸ਼ਹੀਦ ਬਾਬਾ ਦੀਪ ਸਿੰਘ ਗੱਤਕਾ ਅਕੈਡਮੀ ਦੇ ਸਹਿਯੋਗ ਨਾਲ ਵਿਸਾਖੀ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਪ੍ਰੋਗਰਾਮ ਵਿਚ ਸਾਬਕਾ ਕੌਂਸਲਰ ਮੀਨਾ ਕੌਂਡਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਮੁੱਖ ਮਹਿਮਾਨ ਮੀਨਾ ਕੌਂਡਲ ਨੇ ਐਸੋਸੀਏਸ਼ਨ ਵੱਲੋਂ ਕੀਤੇ ਜਾਂਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨੌਜਵਾਨਾਂ ਤੇ ਬੱਚਿਆਂ ਨੂੰ ਸੱਭਿਆਚਾਰ ਅਤੇ ਵਿਰਸੇ ਨਾਲ ਜੋੜ ਕੇ ਇਕ ਨਿਰਛੱਲ ਨਿਸ਼ਾਨੇ ਵੱਲ ਪ੍ਰੇਰਿਤ ਕਰਨਾ ਸਮਾਜ ਪ੍ਰਤੀ ਸੁਹਿਰਦ ਜ਼ਿੰਮੇਵਾਰੀ ਨੂੰ ਨਿਭਾਉਣਾ ਹੈ। ਆਪਣੇ ਵਿਸ਼ਾਲ ਵਿਰਸੇ ਨੂੰ ਆਉਣ ਵਾਲੀ ਪੀੜ੍ਹੀ ਦੀ ਝੋਲੀ ਵਿਚ ਪਾਉਣ ਲਈ ਇਹੋ-ਜਿਹੇ ਉਪਰਾਲੇ ਹੁੰਦੇ ਰਹਿਣੇ ਚਾਹੀਦੇ ਹਨ। ਚੰਗੇ ਸਮਾਜ ਦੀ ਸਿਰਜਣਾ ਸਿਰਫ਼ ਸਰਕਾਰਾਂ ਦਾ ਕੰਮ ਨਹੀਂ, ਸਗੋਂ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ। ਮੰਚ ਸੰਚਾਲਣ ਸਕੱਤਰ ਤੇ ਲੇਖਕ ਅਮਰਜੀਤ ਸਿੰਘ ਪਟਿਆਲਵੀ ਨੇ ਕੀਤਾ। ਵਿਸਾਖੀ ਨੂੰ ਸਮਰਪਿਤ ਇਸ ਸਮਾਗਮ ਦੀ ਸ਼ੁਰੂਆਤ ਖ਼ਾਲਸੇ ਦੀ ਸਿਰਜਣਾ ਨੂੰ ਮੁੱਖ ਰੱਖ ਕੇ ਸ਼ਸਤਰ ਵਿੱਦਿਆ ਗੱਤਕੇ ਤੋਂ ਕੀਤੀ ਗਈ। ਗੱਤਕੇ ਦੇ ਜੌਹਰ ਜਥੇਦਾਰ ਗੁਰਪ੍ਰੀਤ ਸਿੰਘ ਖ਼ਾਲਸਾ ਅਤੇ ਜਥੇਦਾਰ ਸਤਪਾਲ ਸਿੰਘ ਬਾਗ਼ੀ ਦੀ ਨਿਗਰਾਨੀ ਹੇਠ ਦਿਖਾਏ ਗਏ। ਜਿਸ ਦੀ ਦਰਸ਼ਕਾਂ ਵੱਲੋਂ ਜੈਕਾਰਿਆਂ ਨਾਲ ਖ਼ੂਬ ਸਰਾਹਨਾਂ ਕੀਤੀ ਗਈ। ਇਸ ਪ੍ਰੋਗਰਾਮ ਵਿਚ ਮੁਹੱਲੇ ਦੇ ਕਰੀਬ 43 ਬੱਚਿਆਂ ਨੇ ਹਿੱਸਾ ਲਿਆ। ਇਸ ਵਿਚ ਬੱਚਿਆਂ ਨੇ ਧਾਰਮਿਕ ਗੀਤ, ਕਵਿਤਾ, ਸੱਭਿਆਚਾਰਕ ਗੀਤ ਗਾਏ ਤੇ ਲੋਕ ਨਾਚ ਭੰਗੜਾ, ਝੂੰਮਰ, ਲੁੱਡੀ ਦੇ ਪ੍ਰਦਰਸ਼ਨ ਕੀਤੇ। ਰੰਗ ਬਿਰੰਗੀ ਵੇਸਭੂਸ਼ਾ ਵਿਚ ਬੱਚੇ ਸਤਰੰਗੀ ਪੀਂਘ ਬਣਾ ਕੇ ਦਰਸ਼ਕਾਂ ਦਾ ਮਨ ਮੋਹ ਰਹੇ ਸਨ। ਕੌਮੀ ਪੱਧਰ ਦੇ ਬੋਡੀ ਬਿਲਡਰ ਤੇ ਪਾਵਰ ਲਿਫਟਰ ਬੀਬਾ ਰਾਜਨੀਤ ਕੌਰ ਦਾ ਉਨ੍ਹਾਂ ਦੀਆਂ ਉਪਲਬੱਧੀਆਂ ਤੇ ਜਿੱਤਾਂ ਲਈ ਵਿਸ਼ੇਸ ਤੌਰ ’ਤੇ ਸਨਮਾਨ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਹੋਰਨਾਂ ਤੋਂ ਇਲਾਵਾ ਗੁਰਪ੍ਰੀਤ ਸਿੰਘ ਖ਼ਾਲਸਾ, ਫ਼ਿਲਮ ਅਦਾਕਾਰ ਅੰਮ੍ਰਿਤਪਾਲ ਸਿੰਘ ਬਿੱਲਾ, ਅਦਾਕਾਰਾ ਸੁਖਬੀਰ ਪਾਲ ਕੌਰ, ਸਤੀਸ਼ ਜਿੰਦਲ, ਗਿਆਨ ਸਿੰਘ, ਪ੍ਰਵੀਨ ਭੰਡਾਰੀ, ਸੁਮਨ ਭੰਡਾਰੀ, ਬੀਬੀ ਮਨਜੀਤ ਕੌਰ ਸਾਬਕਾ ਐੱਮਸੀ, ਸਿੱਮੀ, ਰਿਤੂ, ਪਰਮਿੰਦਰ, ਰੁਚੀ ਜਿੰਦਲ, ਰੀਮਾ, ਮੀਨੂ ਸੂਰੀ ਆਦਿ ਨੇ ਭਰਪੂਰ ਯੋਗਦਾਨ ਪਾਇਆ। ਇਸ ਮੌਕੇ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਐਸੋਸੀਏਸ਼ਨ ਦੇ ਪ੍ਰਧਾਨ ਅਮਰੀਕ ਸਿੰਘ ਪਾਹਵਾ ਨੇ ਭਰਪੂਰ ਯੋਗਦਾਨ ਲਈ ਸਭ ਦਾ ਧੰਨਵਾਦ ਕੀਤਾ।