ਅੱਠਵੀਂ ਜਮਾਤ ਦੀ ਪ੍ਰੀਖਿਆ ’ਚ ਮੁਹਾਲੀ ਦੇ ਬੱਚਿਆਂ ਨੇ ਮੱਲ੍ਹਾਂ ਮਾਰੀਆਂ
ਅੱਠਵੀਂ ਜਮਾਤ ਦੀ ਪ੍ਰੀਖਿਆ ਵਿਚ ਮੁਹਾਲੀ ਦੇ ਬੱਚਿਆਂ ਨੇ ਮੱਲ੍ਹਾਂ ਮਾਰੀਆਂ
Publish Date: Sat, 11 Apr 2026 05:54 PM (IST)
Updated Date: Sat, 11 Apr 2026 05:57 PM (IST)

ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਅੱਠਵੀਂ ਜਮਾਤ ਦੇ ਨਤੀਜਿਆਂ ਵਿਚ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਦੇ ਬੱਚਿਆਂ ਨੇ ਚੰਗੀ ਕਾਰਗੁਜ਼ਾਰੀ ਦਰਜ ਕਰਵਾਉਂਦਿਆਂ ਸਰਕਾਰੀ ਸਕੂਲਾਂ ਦੀ ਲਾਜ਼ ਰੱਖੀ ਹੈ। ਮੁਹਾਲੀ ਦੇ ਸਰਕਾਰੀ ਸਕੂਲਾਂ ਦੀਆਂ ਵਿਦਿਆਰਥਣਾਂ ਨੇ ਪੰਜਾਬ ਪੱਧਰ ਦੀ ਮੈਰਿਟ ਵਿਚ ਪੰਜ ਪੁਜ਼ੀਸ਼ਨਾਂ ਹਾਸਲ ਕੀਤੀਆਂ ਹਨ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਡਾ. ਗਿੰਨੀ ਦੁੱਗਲ ਨੇ ਕਿਹਾ ਕਿ ਹਰ ਸਾਲ ਵਾਂਗ ਇਸ ਵਰ੍ਹੇ ਵੀ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਸਾਲਾਨਾ ਪ੍ਰੀਖਿਆ ਵਿਚ ਸਰਕਾਰੀ ਸਕੂਲਾਂ ਦੇ ਬੱਚਿਆਂ ਨੇ ਮੱਲ੍ਹਾਂ ਮਾਰੀਆਂ ਹਨ। ਉਨ੍ਹਾਂ ਦੱਸਿਆ ਕਿ ਸਰਕਾਰੀ ਮਿਡਲ ਸਕੂਲ ਦੇਹਕਲਾਂ ਦੀ ਵਿਦਿਆਰਥਣ ਦਿੱਵਿਆ ਪੁੱਤਰੀ ਪੱਪੂ ਲਾਲ ਖੱਤਰੀ ਨੇ 600 ’ਚੋਂ 591 ਅੰਕ ਲੈ ਕੇ ਮੁਹਾਲੀ ਜ਼ਿਲ੍ਹੇ ’ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਪੰਜਾਬ ਦੀ ਮੈਰਿਟ ਵਿਚ ਉਸ ਦਾ ਨੌਵਾਂ ਰੈਂਕ ਹੈ। ਇਸੇ ਸਕੂਲ ਦੀ ਵਿਦਿਆਰਥਣ ਸਹਿਨੂਰ ਕੌਰ ਪੁੱਤਰੀ ਲਖਵਿੰਦਰ ਸਿੰਘ ਨੇ 591 ਅੰਕ ਲੈ ਕੇ ਦੂਜਾ ਤੇ ਪੰਜਾਬ ਵਿਚ 14ਵਾਂ ਰੈਂਕ ਅਤੇ ਇਸੇ ਹੀ ਸਕੂਲ ਦੀ ਵਿਦਿਆਰਥਣ ਰੇਸ਼ਮੀ ਕੁਮਾਰੀ ਪੁੱਤਰੀ ਸੁਰੇਸ਼ ਮੰਡਲ ਨੇ 586 ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ ਹੈ, ਜਦੋਕਿ ਪੰਜਾਬ ਦੀ ਮੈਰਿਟ ਵਿਚ ਉਸ ਦਾ 14ਵਾਂ ਰੈਂਕ ਹੈ। ਸਰਕਾਰੀ ਮਿਡਲ ਸਕੂਲ ਨਗਲਾ ਸਿਟੀ ਦੇ ਵਿਦਿਆਰਥੀ ਬਾਦਲ ਪੁੱਤਰ ਦਵਿੰਦਰ ਦਾਸ ਨੇ 584 ਅੰਕ ਲੈ ਕੇ ਮੁਹਾਲੀ ਜ਼ਿਲ੍ਹੇ ’ਚ ਚੌਥਾ ਸਥਾਨ ਅਤੇ ਪੰਜਾਬ ਪੱਧਰ ਦੀ ਮੈਰਿਟ ’ਚ ਰੈਂਕ 16ਵਾਂ ਅਤੇ ਸਰਕਾਰੀ ਹਾਈ ਸਕੂਲ ਲਾਂਡਰਾਂ ਦੀ ਸ਼ਹਿਨਾਜ਼ ਪੁੱਤਰੀ ਮੁਹੰਮਦ ਮੋਸਿਮ ਨੇ ਪੰਜਵਾਂ ਸਥਾਨ ਪ੍ਰਾਪਤ ਕੀਤਾ ਹੈ ਅਤੇ ਪੰਜਾਬ ਦੀ ਮੈਰਿਟ ਵਿਚ ਉਸ ਦਾ 16ਵਾਂ ਰੈਂਕ ਹੈ। ਜ਼ਿਲ੍ਹ ਸਿੱਖਿਆ ਅਫ਼ਸਰ ਨੇ ਹੋਣਹਾਰ ਬੱਚਿਆਂ, ਅਧਿਆਪਕਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਵੀਆਈਪੀ ਸਿਟੀ ਮੁਹਾਲੀ ਦੇ ਕਾਨਵੈਂਟ ਸਕੂਲਾਂ ਦੇ ਮੁਕਾਬਲੇ ਇਸ ਵਾਰ ਵੀ ਪੇਂਡੂ ਸਰਕਾਰੀ ਸਕੂਲਾਂ ਦਾ ਨਤੀਜਾ 100 ਫ਼ੀਸਦੀ ਰਿਹਾ ਹੈ ਅਤੇ ਚਾਰ ਲੜਕੀਆਂ ਅਤੇ ਇਕ ਲੜਕੇ ਨੇ ਪੰਜਾਬ ਦੀ ਮੈਰਿਟ ਵਿਚ ਆਪਣਾ ਨਾਂਅ ਦਰਜ ਕਰਵਾ ਕੇ ਮੁਹਾਲੀ ਦਾ ਨਾਮ ਰੌਸ਼ਨ ਕੀਤਾ ਹੈ। ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਅੰਗਰੇਜ਼ ਸਿੰਘ ਨੇ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਦੇ 10135 ਬੱਚਿਆਂ ’ਚੋਂ 9771 ਬੱਚਿਆਂ ਨੇ ਪ੍ਰੀਖਿਆ ਪਾਸ ਕੀਤੀ ਹੈ। ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 96.41 ਫ਼ੀਸਦ ਬਣਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਨਤੀਜੇ ਵਧੀਆ ਆਉਣ ਕਾਰਨ ਵਿਦਿਆਰਥੀਆਂ ਦੀ ਦਾਖ਼ਲਾ-ਦਰ ਵੀ ਵਧੇਗੀ।