ਮੁਹਾਲੀ ਦੀਆਂ ਸੜਕਾਂ ਟੋਇਆਂ ’ਚ ਤਬਦੀਲ, ਲੋਕਾਂ ਦੀ ਜਾਨ ਨਾਲ ਹੋ ਰਿਹਾ ਖਿਲਵਾੜ : ਰੰਗੀ
ਮੁਹਾਲੀ ਦੀਆਂ ਸੜਕਾਂ ਖੱਡਿਆਂ ਵਿਚ ਤਬਦੀਲ, ਲੋਕਾਂ ਦੀ ਜਾਨ ਨਾਲ ਹੋ ਰਿਹਾ ਖਿਲਵਾੜ : ਰੰਗੀ
Publish Date: Sun, 01 Feb 2026 05:53 PM (IST)
Updated Date: Sun, 01 Feb 2026 05:55 PM (IST)

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਸ਼ਹਿਰ ਦੀਆਂ ਸੜਕਾਂ ਦੀ ਬਦਹਾਲ ਹਾਲਤ ਨੂੰ ਲੈ ਕੇ ਕਾਂਗਰਸ ਆਗੂ, ਐਡਵੋਕੇਟ ਅਤੇ ਨਗਰ ਨਿਗਮ ਮੁਹਾਲੀ ਦੇ ਕੌਂਸਲਰ ਨਰਪਿੰਦਰ ਸਿੰਘ ਰੰਗੀ ਨੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਦੇ ਵੱਖ-ਵੱਖ ਸੈਕਟਰਾਂ ਅਤੇ ਫੇਜ਼ਾਂ ਵਿਚ ਸੜਕਾਂ ਟੁੱਟ ਕੇ ਟੋਇਆਂ ਵਿਚ ਤਬਦੀਲ ਹੋ ਚੁੱਕੀਆਂ ਹਨ, ਜਿਸ ਕਾਰਨ ਆਮ ਲੋਕਾਂ ਦੀ ਜਾਨ ਹਰ ਰੋਜ਼ ਖ਼ਤਰੇ ਵਿਚ ਪਈ ਹੋਈ ਹੈ। ਨਰਪਿੰਦਰ ਸਿੰਘ ਰੰਗੀ ਨੇ ਕਿਹਾ ਕਿ ਦੁਪਹੀਆ ਵਾਹਨ ਚਲਾਉਣ ਵਾਲੇ, ਵਿਦਿਆਰਥੀ, ਬਜ਼ੁਰਗ, ਔਰਤਾਂ, ਸਕੂਲ ਜਾਣ ਵਾਲੇ ਬੱਚੇ ਅਤੇ ਦਫ਼ਤਰ ਜਾਣ ਵਾਲੇ ਨਾਗਰਿਕ ਇਸ ਸਮੱਸਿਆ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ। ਥਾਂ-ਥਾਂ ਬਣੇ ਡੂੰਘੇ ਖੱਡਿਆਂ ਕਾਰਨ ਵਾਹਨਾਂ ਨੂੰ ਨੁਕਸਾਨ ਪਹੁੰਚ ਰਿਹਾ ਹੈ ਅਤੇ ਟ੍ਰੈਫਿਕ ਜਾਮ ਆਮ ਗੱਲ ਬਣ ਚੁੱਕੀ ਹੈ। ਉਨ੍ਹਾਂ ਖ਼ਾਸ ਤੌਰ ’ਤੇ ਗਮਾਡਾ ਵੱਲੋਂ ਫੇਜ਼-10 ਅਤੇ ਸੈਕਟਰ-49 ਨੂੰ ਜੋੜਦੀ ਡਿਵਾਈਡਿੰਗ ਸੜਕ ਨੂੰ ਚੌੜਾ ਕਰਨ ਦੌਰਾਨ ਹੋ ਰਹੀ ਲਾਪਰਵਾਹੀ ਦਾ ਮਾਮਲਾ ਉਠਾਇਆ। ਉਨ੍ਹਾਂ ਕਿਹਾ ਕਿ ਸੜਕ ਚੌੜੀ ਕਰਨ ਸਮੇਂ ਬਣਾਏ ਗਏ ਐਸਟੀਮੇਟ ਵਿਚ ਪਹਿਲਾਂ ਤੋਂ ਲੰਘ ਰਹੇ ਬਰਸਾਤੀ ਪਾਣੀ ਦੇ ਪਾਈਪ ਨੂੰ ਸ਼ਿਫਟ ਕਰਨ ਸਬੰਧੀ ਕੋਈ ਐਸਟੀਮੇਟ ਹੀ ਸ਼ਾਮਲ ਨਹੀਂ ਕੀਤਾ ਗਿਆ, ਜੋ ਕਿ ਯੋਜਨਾਬੰਦੀ ਦੀ ਗੰਭੀਰ ਕਮੀ ਨੂੰ ਦਰਸ਼ਾਉਂਦਾ ਹੈ। ਨਰਪਿੰਦਰ ਸਿੰਘ ਰੰਗੀ ਨੇ ਦੱਸਿਆ ਕਿ ਜਦੋਂ ਸੜਕ ਦਾ ਕੰਮ ਸ਼ੁਰੂ ਕੀਤਾ ਗਿਆ, ਤਦ ਇਹ ਗ਼ਲਤੀ ਸਾਹਮਣੇ ਆਈ ਅਤੇ ਹੁਣ ਇਹ ਮਾਮਲਾ ਕਾਗ਼ਜ਼ੀ ਕਾਰਵਾਈ ਵਿਚ ਫਸ ਕੇ ਰਹਿ ਗਿਆ ਹੈ, ਜਿਸ ਦਾ ਸਿੱਧਾ ਖ਼ਮਿਆਜ਼ਾ ਰੋਜ਼ਾਨਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਬਰਸਾਤ ਦੇ ਮੌਸਮ ਦੌਰਾਨ ਇਸ ਸੜਕ ’ਤੇ ਪਾਣੀ ਭਰ ਜਾਣ ਕਾਰਨ ਆਵਾਜਾਈ ਬਹੁਤ ਪ੍ਰਭਾਵਿਤ ਹੋ ਰਹੀ ਹੈ ਅਤੇ ਹਾਦਸਿਆਂ ਦਾ ਖ਼ਤਰਾ ਕਾਫ਼ੀ ਵੱਧ ਗਿਆ ਹੈ। ਉਨ੍ਹਾਂ ਕਿਹਾ ਕਿ ਗਮਾਡਾ ਅਧਿਕਾਰੀਆਂ ਵੱਲੋਂ ਇਸ ਗੰਭੀਰ ਮਸਲੇ ’ਤੇ ਸਮੇਂ ਸਿਰ ਕਾਰਵਾਈ ਨਾ ਕਰਨਾ ਚਿੰਤਾਜਨਕ ਹੈ। ਲੋਕਾਂ ਵਿਚ ਇਹ ਧਾਰਣਾ ਬਣਦੀ ਜਾ ਰਹੀ ਹੈ ਕਿ ਗਮਾਡਾ ਵੱਲੋਂ ਸਿਰਫ਼ ਫੀਸਾਂ ਅਤੇ ਚਾਰਜ ਇਕੱਠੇ ਕਰਨ ’ਤੇ ਹੀ ਧਿਆਨ ਦਿੱਤਾ ਜਾ ਰਿਹਾ ਹੈ, ਜਦਕਿ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਵੱਲ ਲੋੜੀਂਦਾ ਧਿਆਨ ਨਹੀਂ ਦਿੱਤਾ ਜਾ ਰਿਹਾ। ਨਰਪਿੰਦਰ ਸਿੰਘ ਰੰਗੀ ਨੇ ਮੰਗ ਕੀਤੀ ਕਿ ਫੇਜ਼-10 ਅਤੇ ਸੈਕਟਰ-49 ਦੀ ਡਿਵਾਈਡਿੰਗ ਸੜਕ ਨਾਲ ਸਬੰਧਤ ਬਰਸਾਤੀ ਪਾਣੀ ਦੇ ਪਾਈਪ ਨੂੰ ਤੁਰੰਤ ਸ਼ਿਫਟ ਕਰਨ ਲਈ ਲੋੜੀਂਦੀ ਮਨਜ਼ੂਰੀ ਅਤੇ ਕਾਰਵਾਈ ਸ਼ੁਰੂ ਕੀਤੀ ਜਾਵੇ ਅਤੇ ਸੜਕ ਨੂੰ ਜਲਦੀ ਤੋਂ ਜਲਦੀ ਚੌੜਾ ਕੀਤਾ ਜਾਵੇ, ਤਾਂ ਜੋ ਲੋਕਾਂ ਨੂੰ ਰੋਜ਼ਾਨਾ ਪਰੇਸ਼ਾਨੀ ਤੋਂ ਰਾਹਤ ਮਿਲ ਸਕੇ। ਉਨ੍ਹਾਂ ਕਿਹਾ ਕਿ ਜੇਕਰ ਸਬੰਧਤ ਵਿਭਾਗਾਂ ਦੀ ਅਣਗਹਿਲੀ ਕਾਰਨ ਹਾਦਸੇ ਵਾਪਰਦੇ ਹਨ, ਤਾਂ ਇਸ ਦੀ ਨੈਤਿਕ ਅਤੇ ਪ੍ਰਸ਼ਾਸਕੀ ਜ਼ਿੰਮੇਵਾਰੀ ਸਬੰਧਤ ਅਧਿਕਾਰੀਆਂ ਦੀ ਹੋਵੇਗੀ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਲੋਕਾਂ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਅਤੇ ਇਸ ਮਾਮਲੇ ਨੂੰ ਉਚਿਤ ਮੰਚਾਂ ’ਤੇ ਜ਼ੋਰਦਾਰ ਢੰਗ ਨਾਲ ਉਠਾਇਆ ਜਾਵੇਗਾ।