ਮੋਹਾਲੀ ਪੁਲਿਸ ਦੀ ਵੱਡੀ ਸਫ਼ਲਤਾ: ਵਿਆਹ ਵਾਲੇ ਘਰਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਗਿਰੋਹ ਦੇ 4 ਮੈਂਬਰ ਕਾਬੂ, ਪੁਲਿਸ ਨੇ ਇੰਝ ਵਿਛਾਇਆ ਜਾਲ
ਸੈਕਟਰ 77 ਵਿਖੇ ਸ਼ਿਕਾਇਤਕਰਤਾ ਪਰਸ਼ੋਤਮ ਵਸ਼ਿਸ਼ਟ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ਵਿਚ ਦੱਸਿਆ ਕਿ ਉਹ ਆਪਣੀ ਭਾਣਜੀ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਆਪਣੀ ਭੈਣ ਦੇ ਘਰ ਆਇਆ ਸੀ। 14 ਫਰਵਰੀ ਦੀ ਰਾਤ ਨੂੰ ਜਦੋਂ ਪਰਿਵਾਰਕ ਮੈਂਬਰ ਸੁੱਤੇ ਪਏ ਸਨ ਤਾਂ ਘਰ ਵਿਚ ਘੁਸਪੈਠ ਕਰਦਿਆਂ ਅਣਪਛਾਤੇ ਵਿਅਕਤੀਆਂ ਵਲੋਂ ਕਰੀਬ 40 ਤੋਲੇ ਸੋਨੇ ਦੇ ਗਹਿਣੇ ਸਮੇਤ ਹੋਰ ਵੀ ਸ਼ਗਨਾਂ ਦਾ ਸਮਾਨ ਚੋਰੀ ਕਰ ਲਿਆ ਗਿਆ। ਜਿਸ ਤੋਂ ਬਾਅਦ ਥਾਣਾ ਸੁਹਾਣਾ ਵਿਖੇ ਵੱਖ-ਵੱਖ ਧਾਰਾਵਾਂ ਤਹਿਤ 15 ਫਰਵਰੀ ਨੂੰ ਇਹ ਮਾਮਲਾ ਦਰਜ ਕਰ ਲਿਆ ਗਿਆ।
Publish Date: Fri, 20 Mar 2026 12:23 PM (IST)
Updated Date: Fri, 20 Mar 2026 12:26 PM (IST)
ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸ. ਏ. ਐੱਸ. ਨਗਰ। ਮੁਹਾਲੀ ਪੁਲਿਸ ਨੇ ਵਿਆਹ ਵਾਲੇ ਘਰ ਵਿਚ ਹੋਈ 40 ਤੋਲੇ ਸੋਨਾ ਸਮੇਤ ਹੋਰ ਸਮਾਨ ਦੀ ਚੋਰੀ ਦੇ ਮਾਮਲੇ ਵਿਚ ਤਿੰਨ ਨੌਜਵਾਨਾਂ ਸਮੇਤ ਇਕ ਲੜਕੀ ਨੂੰ ਗ੍ਰਿਫ਼ਤਾਰ ਕੀਤਾ ਹੈ।
ਜਾਣਕਾਰੀ ਅਨੁਸਾਰ ਸੈਕਟਰ 77 ਵਿਖੇ ਸ਼ਿਕਾਇਤਕਰਤਾ ਪਰਸ਼ੋਤਮ ਵਸ਼ਿਸ਼ਟ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ਵਿਚ ਦੱਸਿਆ ਕਿ ਉਹ ਆਪਣੀ ਭਾਣਜੀ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਆਪਣੀ ਭੈਣ ਦੇ ਘਰ ਆਇਆ ਸੀ। 14 ਫਰਵਰੀ ਦੀ ਰਾਤ ਨੂੰ ਜਦੋਂ ਪਰਿਵਾਰਕ ਮੈਂਬਰ ਸੁੱਤੇ ਪਏ ਸਨ ਤਾਂ ਘਰ ਵਿਚ ਘੁਸਪੈਠ ਕਰਦਿਆਂ ਅਣਪਛਾਤੇ ਵਿਅਕਤੀਆਂ ਵਲੋਂ ਕਰੀਬ 40 ਤੋਲੇ ਸੋਨੇ ਦੇ ਗਹਿਣੇ ਸਮੇਤ ਹੋਰ ਵੀ ਸ਼ਗਨਾਂ ਦਾ ਸਮਾਨ ਚੋਰੀ ਕਰ ਲਿਆ ਗਿਆ। ਜਿਸ ਤੋਂ ਬਾਅਦ ਥਾਣਾ ਸੁਹਾਣਾ ਵਿਖੇ ਵੱਖ-ਵੱਖ ਧਾਰਾਵਾਂ ਤਹਿਤ 15 ਫਰਵਰੀ ਨੂੰ ਇਹ ਮਾਮਲਾ ਦਰਜ ਕਰ ਲਿਆ ਗਿਆ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਐੱਸਪੀ ਸਿਟੀ ਦਿਲਪ੍ਰੀਤ ਸਿੰਘ ਨੇ ਦੱਸਿਆ ਕਿ ਐੱਸਐੱਸਪੀ ਮੁਹਾਲੀ ਦੇ ਨਿਰਦੇਸ਼ਾ ’ਤੇ ਸੀਆਈਏ ਸਟਾਫ ਖਰੜ ਅਤੇ ਸਬੰਧਕ ਥਾਣਾ ਦੀ ਪੁਲਿਸ ਨੇ ਸੰਯੁਕਤ ਆਪਰੇਸ਼ਨ ਦੌਰਾਨ ਘਰ ਵਿੱਚ ਹੀ ਕੰਮ ਕਰਨ ਵਾਲੀ ਲੜਕੀ ਨੇਹਾ ਧਮੀਜਾ ਅਤੇ ਉਸਦੇ ਤਿੰਨ ਸਾਥੀਆਂ ਨੂੰ ਚੋਰੀ ਦੇ ਸਮਾਨ ਸਮੇਤ ਕਾਬੂ ਕਰ ਲਿਆ ਗਿਆ। ਉਹਨਾਂ ਦੱਸਿਆ ਕਿ ਪੁਲਿਸ ਨੇ ਮੁਲਜ਼ਮਾਂ ਕੋਲੋਂ ਇੱਕ ਪੁਆਇੰਟ 30 ਬੋਰ ਦਾ ਪਿਸਤੌਲ, ਦੋ ਜ਼ਿੰਦਾ ਕਾਰਤੂਸ ਕਰੀਬ 37 ਤੋਲੇ ਸੋਨੇ ਦੇ ਗਹਿਣੇ, ਡੇਢ ਲੱਖ ਰੁਪਏ ਦੀ ਨਗਦੀ ਅਤੇ ਵਾਰਦਾਤ ਵਿੱਚ ਵਰਤੀ ਗਈ ਸਵਿਫਟ ਡਿਜਾਇਰ ਗੱਡੀ ਨੂੰ ਬਰਾਮਦ ਕਰ ਲਿਆ ਗਿਆ ਹੈ।
ਉਨ੍ਹਾਂ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਬਾਕੀ ਤਿੰਨ ਮੁਲਜ਼ਮਾਂ ਦੀ ਪਛਾਣ ਨੇਹਾ ਧਮੀਜਾ ਦੇ ਪਤੀ ਬਲਕਾਰ ਸਿੰਘ ਉਰਫ ਬੌਬੀ, ਜਸਕਰਨ ਸਿੰਘ ਅਤੇ ਪ੍ਰਿਤਪਾਲ ਸਿੰਘ ਵਾਸੀਆਨ ਬਾਘਾਪੁਰਾਣਾ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਪੁਲਿਸ ਰਿਮਾਂਡ ’ਤੇ ਹਨ ਅਤੇ ਜਾਂਚ ਜਾਰੀ ਹੈ।