ਅਫ਼ੀਮ ਸਮੇਤ ਦੋ ਕਾਬੂ, ਮਾਮਲਾ ਦਰਜ
ਮੁਹਾਲੀ ਪੁਲਿਸ ਵੱਲੋਂ 2 ਕਿਲੋ 680 ਗਰਾਮ ਅਫ਼ੀਮ ਸਮੇਤ ਦੋ ਕਾਬੂ
Publish Date: Mon, 20 Apr 2026 07:49 PM (IST)
Updated Date: Mon, 20 Apr 2026 07:51 PM (IST)

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਮੁਹਾਲੀ ਦੇ ਥਾਣਾ ਸੋਹਾਣਾ ਦੀ ਪੁਲਿਸ ਨੇ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ਤੋਂ 2 ਕਿਲੋ 680 ਗ੍ਰਾਮ ਅਫ਼ੀਮ ਬਰਾਮਦ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐੱਸਪੀ ਸਿਟੀ-2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਨੂੰ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੌਰਾਨ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਥਾਣਾ ਸੋਹਾਣਾ ਦੇ ਮੁੱਖ ਅਫ਼ਸਰ ਇੰਸਪੈਕਟਰ ਸਿਮਰਜੀਤ ਸਿੰਘ ਦੀ ਨਿਗਰਾਨੀ ਹੇਠ ਪੁਲਿਸ ਟੀਮ ਵੱਲੋਂ ਸੈਕਟਰ 78-79 ਮੁਹਾਲੀ ਨੇੜੇ ਨਾਕੇਬੰਦੀ ਦੌਰਾਨ ਇਕ ਮੋਟਰਸਾਈਕਲ ’ਤੇ ਆ ਰਹੇ 2 ਨੌਜਵਾਨ ਵਿਅਕਤੀਆਂ ਨੂੰ ਰੋਕਿਆ ਗਿਆ। ਇਸ ਦੌਰਾਨ ਮੋਟਰਸਾਈਕਲ ਚਾਲਕ ਨੇ ਆਪਣਾ ਨਾਂ ਰਾਕੇਸ਼ ਕਸ਼ਯਪ ਵਾਸੀ ਦਿੱਲੀ ਦੱਸਿਆ ਅਤੇ ਪਿੱਛੇ ਬੈਠੇ ਨੌਜਵਾਨ ਨੇ ਆਪਣਾ ਨਾਂ ਹਰੀਰਾਜ ਵਾਸੀ ਜ਼ਿਲ੍ਹਾ ਬਿਜਨੌਰ ਯੂਪੀ ਦੱਸਿਆ। ਉਨ੍ਹਾਂ ਦੱਸਿਆ ਕਿ ਰਾਕੇਸ਼ ਕਸ਼ਯਪ ਦੀ ਤਲਾਸ਼ੀ ਲੈਣ ’ਤੇ ਉਸ ਦੀ ਡੱਬ ਵਿਚੋਂ 980 ਗ੍ਰਾਮ ਅਫ਼ੀਮ ਬਰਾਮਦ ਹੋਈ ਅਤੇ ਹਰੀਰਾਜ ਦੇ ਪਿੱਠੂ ਬੈਗ ਦੀ ਤਲਾਸ਼ੀ ਕਰਨ ’ਤੇ ਉਸ ਵਿਚੋਂ ਇਕ ਕਿਲੋ 700 ਗ੍ਰਾਮ ਅਫ਼ੀਮ ਬਰਾਮਦ ਹੋਈ, ਜੋ ਕੁੱਲ ਅਫ਼ੀਮ 2 ਕਿਲੋ 680 ਗ੍ਰਾਮ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਦੋਵਾਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਖ਼ਿਲਾਫ਼ ਐੱਨਡੀਪੀਐੱਸ ਐਕਟ ਦੀ ਧਾਰਾ ਅਧੀਨ ਮਾਮਲਾ ਦਰਜ ਕੀਤਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਇਨ੍ਹਾਂ ਨੇ ਅਫ਼ੀਮ ਦੀ ਸਪਲਾਈ ਕਿੱਥੇ ਦੇਣੀ ਸੀ।