ਮੁਹਾਲੀ ਪੁਲਿਸ ਵੱਲੋਂ ਡਕੈਤੀ ਮਾਮਲੇ ’ਚ ਭਗੌੜਾ ਗ੍ਰਿਫ਼ਤਾਰ
ਮੁਹਾਲੀ ਪੁਲਿਸ ਵੱਲੋਂ ਡਕੈਤੀ ਮਾਮਲੇ ਵਿਚ ਭਗੌੜਾ ਗ੍ਰਿਫ਼ਤਾਰ
Publish Date: Fri, 06 Feb 2026 05:53 PM (IST)
Updated Date: Fri, 06 Feb 2026 05:56 PM (IST)

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਥਾਣੇਦਾਰ ਬਲਵਿੰਦਰ ਸਿੰਘ ਇੰਚਾਰਜ ਪੀਓ ਸਟਾਫ਼ ਦੀ ਟੀਮ ਵੱਲੋਂ ਭਗੌੜੇ ਦੋਸ਼ੀ ਸੰਦੀਪ ਸਿੰਘ ਉਰਫ਼ ਸੰਨੀ ਵਾਸੀ ਪਿੰਡ ਮਹਿਤਪੁਰ ਜ਼ਿਲ੍ਹਾ ਜਲੰਧਰ (ਮੌਜੂਦਾ ਵਾਸੀ ਚੰਡੀਗੜ੍ਹ) ਨੂੰ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ ਗਈ ਹੈ। ਸੀਨੀਅਰ ਕਪਤਾਨ ਪੁਲਿਸ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋਸ਼ੀ ਸੰਦੀਪ ਸਿੰਘ ਉਰਫ਼ ਸੰਨੀ ਨੂੰ ਮੁਕੱਦਮਾ ਆਰਮਜ਼ ਐਕਟ, ਥਾਣਾ ਮਟੌਰ ਮੁਹਾਲੀ ਦੇ ਸਬੰਧ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਸ਼ੀ ਨੇ ਜੂਨ 2020 ਨੂੰ ਪੰਜਾਬ ਨੈਸ਼ਨਲ ਬੈਂਕ ਫੇਜ਼-3ਏ, ਮੁਹਾਲੀ ਵਿਚ ਪਿਸਤੌਲ ਦੀ ਨੋਕ ਤੇ ਡਕੈਤੀ ਕੀਤੀ ਸੀ ਅਤੇ ਬਾਅਦ ਵਿਚ ਅਦਾਲਤ ਵੱਲੋਂ ਭਗੌੜਾ ਘੋਸ਼ਿਤ ਕੀਤਾ ਗਿਆ ਸੀ। ਇਸ ਤੋਂ ਇਲਾਵਾ ਦੋਸ਼ੀ ਮੁਕੱਦਮਾ ਆਰਮਜ਼ ਐਕਟ, ਥਾਣਾ ਫੇਜ਼-1 ਮੁਹਾਲੀ ਅਤੇ ਮੁਕੱਦਮਾ ਥਾਣਾ ਸਿਟੀ ਖਰੜ ਵਿਚ ਵੀ ਅਦਾਲਤ ਨੂੰ ਲੋੜੀਂਦਾ ਸੀ। ਦੋਸ਼ੀ ਦੇ ਖ਼ਿਲਾਫ਼ ਪੰਜਾਬ ਦੇ ਹੋਰ ਜ਼ਿਲ੍ਹਿਆਂ, ਯੂਟੀ ਚੰਡੀਗੜ੍ਹ ਅਤੇ ਰਾਜ ਉੱਤਰ ਪ੍ਰਦੇਸ਼ ਵਿਚ ਲਗਭਗ 20 ਮੁਕੱਦਮੇ ਦਰਜ ਹਨ, ਜਿਨ੍ਹਾਂ ਵਿਚ ਇਕ ਕਤਲ ਦਾ ਕੇਸ, ਦੋ ਹਮਲੇ ਦੇ ਕੇਸ, ਡਕੈਤੀ, ਪੁਲਿਸ ਹਿਰਾਸਤ ਤੋਂ ਭੱਜਣ, ਚੋਰੀ ਅਤੇ ਆਰਮਜ਼ ਐਕਟ ਅਧੀਨ ਮਾਮਲੇ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ 1 ਜਨਵਰੀ 2026 ਤੋਂ ਹੁਣ ਤੱਕ ਮੁਹਾਲੀ ਪੁਲਿਸ ਵੱਲੋਂ ਕੁੱਲ 51 ਭਗੌੜੇ ਕਾਬੂ ਕੀਤੇ ਜਾ ਚੁੱਕੇ ਹਨ। ਪੁਲਿਸ ਵੱਲੋਂ ਵੱਖ-ਵੱਖ ਮੁਕੱਦਮਿਆਂ ਵਿਚ ਲੋੜੀਂਦੇ ਭਗੌੜਿਆਂ/ਪੀਓਜ਼ ਦੀ ਗ੍ਰਿਫ਼ਤਾਰੀ ਅਤੇ ਤਲਾਸ਼ ਕਰਨ ਦੀ ਮੁਹਿੰਮ ਅੱਗੇ ਵੀ ਜਾਰੀ ਰਹੇਗੀ ਅਤੇ ਸਾਰੇ ਅਪਰਾਧੀਆਂ ਨਾਲ ਕਾਨੂੰਨ ਅਨੁਸਾਰ ਸਖ਼ਤੀ ਨਾਲ ਨਜਿੱਠਿਆ ਜਾਵੇਗਾ।